ਪ੍ਰਯਾਗਰਾਜ (ਨਰੇਸ਼ ਕੁਮਾਰ)- ਪ੍ਰਯਾਗਰਾਜ ’ਚ ਚੱਲ ਰਹੇ ਕੁੰਭ ਮੇਲੇ ’ਚ ਹੁਣ ਤੱਕ 6 ਦਿਨਾਂ ’ਚ ਸਾਢੇ 7 ਕਰੋੜ ਤੋਂ ਵੱਧ ਲੋਕ ਪਵਿੱਤਰ ਤ੍ਰਿਵੇਣੀ ਸੰਗਮ ’ਚ ਡੁਬਕੀ ਲਗਾ ਚੁੱਕੇ ਹਨ । ਲੱਗਭਗ 20 ਲੱਖ ਲੋਕ ਰੋਜ਼ਾਨਾ ਪ੍ਰਯਾਗਰਾਜ ਆ ਰਹੇ ਹਨ ਪਰ ਇੰਨੀ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੇ ਆਉਣ ਦੇ ਬਾਵਜੂਦ ਮੇਲੇ ਵਾਲੇ ਖੇਤਰ ’ਚ ਕੂੜੇ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ। ਮੇਲੇ ’ਚ ਹਿੱਸਾ ਲੈਣ ਵਾਲੇ ਸ਼ਰਧਾਲੂਆਂ ਦੇ ਨਾਲ-ਨਾਲ ਮੇਲਾ ਅਥਾਰਟੀ ਸਫ਼ਾਈ ਦਾ ਵੀ ਵਿਸ਼ੇਸ਼ ਧਿਆਨ ਰੱਖ ਰਹੀ ਹੈ। ਮੇਲੇ ’ਚ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਪ੍ਰਸ਼ਾਸਨ ‘ਇਕ ਸ਼ਰਧਾਲੂ ਇਕ ਥੈਲਾ, ਸਵੱਛ ਮੇਲਾ’ ਨਾਂ ਦੀ ਇਕ ਮੁਹਿੰਮ ਵੀ ਚਲਾ ਰਹੀ ਹੈ ਅਤੇ ਮੇਲੇ ਨੂੰ ਕਈ ਤਰੀਕਿਆਂ ਨਾਲ ਵਾਤਾਵਰਣ ਪੱਖੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਸਹਿ-ਮੇਲਾ ਅਧਿਕਾਰੀ ਐੱਸ. ਡੀ. ਐੱਮ. ਵਿਵੇਕ ਚਤੁਰਵੇਦੀ ਨੇ ਕਿਹਾ ਕਿ ਮੇਲੇ ’ਚ ਲਗਾਏ ਜਾਣ ਵਾਲੇ ਲੰਗਰ ਦੌਰਾਨ ਪੈਦਾ ਹੋਣ ਵਾਲੇ ਕੂੜੇ ਦੇ ਪ੍ਰਬੰਧਨ ਲਈ ਇਕ ਵਿਸ਼ੇਸ਼ ਟੀਮ ਕੰਮ ਕਰ ਰਹੀ ਹੈ ਅਤੇ 15,000 ਤੋਂ ਵੱਧ ਸਫਾਈ ਕਰਮਚਾਰੀ ਡਿਊਟੀ ’ਤੇ ਹਨ। ਇਸ ਸਮੇਂ ਦੌਰਾਨ ਮੇਲਾ ਖੇਤਰ ’ਚ ਪੈਦਾ ਹੋਣ ਵਾਲਾ ਸਾਰਾ ਕੂੜਾ ਬਡਿਆਲ ਸਥਿਤ ਪ੍ਰੋਸੈਸਿੰਗ ਪਲਾਂਟ ’ਚ ਪ੍ਰੋਸੈਸਿੰਗ ਲਈ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮੇਲਾ ਖੇਤਰ ’ਚ ਹਰ 50 ਮੀਟਰ ’ਤੇ ਕੂੜੇਦਾਨ ਲਗਾਏ ਗਏ ਹਨ ਅਤੇ ਸ਼ਰਧਾਲੂ ਖੁਦ ਮੇਲਾ ਖੇਤਰ ’ਚ ਸਫਾਈ ਪ੍ਰਤੀ ਜਾਗਰੂਕ ਹਨ ਅਤੇ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਡਸਟਬਿਨਾਂ ਨੂੰ ਖਾਲੀ ਕਰਨ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਸਫਾਈ ਦੇ ਕੰਮ ਦੀ ਨਿਰੰਤਰ ਨਿਗਰਾਨੀ ਵੀ ਕੀਤੀ ਜਾ ਰਹੀ ਹੈ।
ਇੰਨਾ ਹੀ ਨਹੀਂ ਮੇਲਾ ਖੇਤਰ ਤੋਂ ਇਲਾਵਾ ਪਵਿੱਤਰ ਸੰਗਮ ’ਚ ਇਸ਼ਨਾਨ ਦੌਰਾਨ ਘਾਟਾਂ ਦੀ ਸਫਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਘਾਟਾਂ ’ਤੇ ਸਫਾਈ ਦਾ ਕੰਮ ਵੀ ਲਗਾਤਾਰ ਚੱਲ ਰਿਹਾ ਹੈ । ਸਥਾਨਕ ਗੈਰ-ਸਰਕਾਰੀ ਸੰਗਠਨ ਇਸ ਕੰਮ ’ਚ ਮਦਦ ਕਰ ਰਹੇ ਹਨ। ਸੰਗਮ ਦੇ ਸਾਰੇ ਘਾਟਾਂ ’ਤੇ ਸਫਾਈ ਕਰਮਚਾਰੀਆਂ ਦੀਆਂ ਟੀਮਾਂ ਤਾਇਨਾਤ ਹਨ, ਜੋ ਸ਼ਰਧਾਲੂਆਂ ਵੱਲੋਂ ਨਹਾਉਣ ਤੋਂ ਬਾਅਦ ਪਾਣੀ ’ਚ ਸੁੱਟੇ ਗਏ ਫੁੱਲਾਂ ਅਤੇ ਨਾਰੀਅਲ ਨੂੰ ਜਾਲ ਰਾਹੀਂ ਹਟਾਉਣ ਦੇ ਕੰਮ ’ਚ ਰੁੱਝੀਆਂ ਹੋਈਆਂ ਹਨ। ਪਾਣੀ ਦੇ ਬੀ. ਓ. ਡੀ. ਦੇ ਪੱਧਰ ਦੀ ਵੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਪਿਛਲੇ ਕੁੰਭ ਦੇ ਮੁਕਾਬਲੇ ਪਾਣੀ ਦੀ ਗੁਣਵੱਤਾ ’ਚ ਬਹੁਤ ਸੁਧਾਰ ਹੋਇਆ ਹੈ।
ਪਿਛਲੇ 2 ਸਾਲਾਂ ’ਚ ਪ੍ਰਯਾਗਰਾਜ ਖੇਤਰ ’ਚ ਹੀ ਗੰਗਾ ’ਚ ਗੰਦੇ ਪਾਣੀ ਨੂੰ ਛੱਡਣ ਦੇ 81 ਰਸਤੇ ਬੰਦ ਕਰ ਦਿੱਤੇ ਗਏ ਹਨ । ਗੰਗਾ ’ਚ ਗੰਦੇ ਪਾਣੀ ਦੇ ਵਹਾਅ ਨੂੰ ਰੋਕਣ ਕਾਰਨ ਪਾਣੀ ਦੀ ਗੁਣਵੱਤਾ ’ਚ ਸੁਧਾਰ ਹੋਇਆ ਹੈ। ਇਸ ਪ੍ਰਾਜੈਕਟ ਨੂੰ ‘ਨਮਾਮਿ ਗੰਗੇ’ ਨਾਲ ਵੀ ਜੋੜਿਆ ਗਿਆ ਹੈ।
ਜਾਣੋ ਕੌਣ ਹੈ ਦੇਸ਼ ਦੇ Golden Boy ਨੀਰਜ ਚੋਪੜਾ ਦੀ ਹਮਸਫ਼ਰ ਹਿਮਾਨੀ ਮੋਰ
NEXT STORY