ਕੋਲਕਾਤਾ (ਭਾਸ਼ਾ) - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਹਾਲ ਹੀ ’ਚ ਹੋਈਆਂ ਭਾਜੜ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਮਹਾਕੁੰਭ ‘ਮੌਤ ਦਾ ਕੁੰਭ’ ਬਣ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਹਾਕੁੰਭ ’ਚ ਮਰਨ ਵਾਲਿਆਂ ਦੀ ਅਸਲ ਗਿਣਤੀ ਨੂੰ ਲੁਕਾਇਆ ਗਿਆ ਹੈ। ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਮਚੀ ਭਾਜੜ ’ਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖ਼ਮੀ ਹੋ ਗਏ ਸਨ। ਉਥੇ ਹੀ, ਹਾਲ ਹੀ ’ਚ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਮਚੀ ਭਾਜੜ ’ਚ 18 ਲੋਕਾਂ ਦੀ ਜਾਨ ਚਲੀ ਗਈ।
ਬੈਨਰਜੀ ਨੇ ਪੱਛਮੀ ਬੰਗਾਲ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਮਹਾਕੁੰਭ ‘ਮੌਤ ਦਾ ਕੁੰਭ’ ਬਣ ਗਿਆ ਹੈ। ਉਨ੍ਹਾਂ ਨੇ (ਭਾਜਪਾ ਸਰਕਾਰ ਨੇ) ਮੌਤਾਂ ਦੀ ਗਿਣਤੀ ਘੱਟ ਵਿਖਾਉਣ ਲਈ ਸੈਂਕੜੇ ਲਾਸ਼ਾਂ ਨੂੰ ਲੁਕਾ ਦਿੱਤਾ। ਮੁੱਖ ਮੰਤਰੀ ਨੇ ਭਾਜਪਾ ਦੇ ਵਿਧਾਇਕਾਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਦਾਅਵਾ ਕੀਤਾ ਕਿ ਭਾਜਪਾ ਵਿਧਾਇਕ ਮੇਰਾ ਸਾਹਮਣਾ ਕਰਨ ਤੋਂ ਡਰਦੇ ਹਨ, ਇਸ ਲਈ ਜਦੋਂ ਵੀ ਮੈਂ ਬੋਲਦੀ ਹਾਂ ਤਾਂ ਉਹ ਸਦਨ ਦਾ ਬਾਈਕਾਟ ਕਰਦੇ ਹਨ।
ਬੈਨਰਜੀ ਨੇ ਮੁਸਲਿਮ ਲੀਗ ਨਾਲ ਉਨ੍ਹਾਂ ਨੂੰ ਜੋੜਨ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਅਜਿਹੀਆਂ ਟਿੱਪਣੀਆਂ ਦੀ ਸਖ਼ਤ ਨਿੰਦਾ ਕੀਤੀ। ਬੈਨਰਜੀ ਨੇ ਕਿਹਾ ਕਿ ਮੇਰੇ ’ਤੇ ਮੁਸਲਿਮ ਲੀਗ ਦਾ ਮੈਂਬਰ ਹੋਣ ਦਾ ਦੋਸ਼ ਲਾਇਆ ਗਿਆ। ਮੈਂ ਇਨ੍ਹਾਂ ਬੇਬੁਨਿਆਦ ਦੋਸ਼ਾਂ ਦੀ ਸਖ਼ਤ ਨਿੰਦਾ ਕਰਦੀ ਹਾਂ। ਧਰਮ ਨਿਰਪੱਖਤਾ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਧਰਮ ਨਿਰਪੱਖਤਾ, ਸਹਿ-ਹੋਂਦ ਅਤੇ ਸਾਰੇ ਭਾਈਚਾਰਿਆਂ ਦੇ ਵਿਕਾਸ ’ਚ ਵਿਸ਼ਵਾਸ ਰੱਖਦੀ ਹਾਂ।
ਬੰਗਲਾਦੇਸ਼ੀ ਕੱਟੜਪੰਥੀਆਂ ਨਾਲ ਆਪਣੇ ਸਬੰਧਾਂ ਦੇ ਦੋਸ਼ਾਂ ਨੂੰ ਖਾਰਿਜ ਕਰਦਿਆਂ ਬੈਨਰਜੀ ਨੇ ਭਾਜਪਾ ਨੂੰ ਸਬੂਤ ਪੇਸ਼ ਕਰਨ ਦੀ ਚੁਣੌਤੀ ਦਿੱਤੀ। ਮਮਤਾ ਨੇ ਕਿਹਾ ਕਿ ਜੇ ਉਹ (ਭਾਜਪਾ ਵਿਧਾਇਕ) ਇਸ ਤਰ੍ਹਾਂ ਦੇ ਦਾਅਵੇ ਸਾਬਤ ਕਰ ਸਕਣ ਤਾਂ ਉਹ ਅਸਤੀਫਾ ਦੇ ਦੇਵੇਗੀ।
Fact Check: ਦਿੱਲੀ 'ਚ ਭਾਜਪਾ ਦੀ ਜਿੱਤ ਤੋਂ ਬਾਅਦ ਯਮੁਨਾ ਆਰਤੀ ਸ਼ੁਰੂ ਹੋਣ ਦਾ ਦਾਅਵਾ ਗ਼ਲਤ
NEXT STORY