ਬਾਰਾਮਤੀ- ਮਹਾਰਾਸ਼ਟਰ ਦੀ ਸਿਆਸਤ ਤੋਂ ਇਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ ਉਪ ਮੁੱਖ ਮੰਤਰੀ ਅਤੇ NCP ਮੁਖੀ ਅਜੀਤ ਪਵਾਰ ਦਾ ਬੁੱਧਵਾਰ ਸਵੇਰੇ ਇਕ ਭਿਆਨਕ ਜਹਾਜ਼ ਹਾਦਸੇ 'ਚ ਦਿਹਾਂਤ ਹੋ ਗਿਆ ਹੈ। ਇਹ ਹਾਦਸਾ ਬਾਰਾਮਤੀ ਦੇ ਰਨਵੇਅ 'ਤੇ ਲੈਂਡਿੰਗ ਤੋਂ ਠੀਕ ਪਹਿਲਾਂ ਵਾਪਰਿਆ, ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ।
'ਘੜੀ' ਨੇ ਹੀ ਕਰਵਾਈ ਆਖਰੀ ਪਛਾਣ
ਕੁਦਰਤ ਦੀ ਖੇਡ ਦੇਖੋ ਕਿ ਜਿਸ 'ਘੜੀ' (NCP ਦਾ ਚੋਣ ਨਿਸ਼ਾਨ) ਨੂੰ ਅਜੀਤ ਪਵਾਰ ਨੇ ਆਪਣੀ ਸਿਆਸੀ ਪਛਾਣ ਬਣਾਉਣ ਲਈ ਲੰਬੀ ਕਾਨੂੰਨੀ ਲੜਾਈ ਲੜੀ ਸੀ, ਉਹੀ ਘੜੀ ਉਨ੍ਹਾਂ ਦੀ ਮ੍ਰਿਤਕ ਦੇਹ ਦੀ ਆਖਰੀ ਪਛਾਣ ਬਣੀ। ਹਾਦਸੇ ਤੋਂ ਬਾਅਦ ਜਦੋਂ ਅੱਗ ਦੀਆਂ ਲਪਟਾਂ ਸ਼ਾਂਤ ਹੋਈਆਂ ਤਾਂ ਸਰੀਰ ਇਸ ਕਦਰ ਨੁਕਸਾਨੇ ਗਏ ਸਨ ਕਿ ਪਛਾਣ ਕਰਨਾ ਮੁਸ਼ਕਲ ਸੀ। ਅਜਿਹੇ 'ਚ ਪ੍ਰਸ਼ਾਸਨਿਕ ਅਧਿਕਾਰੀ ਨੇ ਅਜੀਤ ਪਵਾਰ ਦੇ ਗੁੱਟ 'ਤੇ ਬੱਝੀ ਉਸੇ 'ਘੜੀ' ਨੂੰ ਦੇਖ ਕੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ।
ਚਸ਼ਮਦੀਦਾਂ ਨੇ ਸੁਣਾਈ ਦਰਦਨਾਕ ਦਾਸਤਾਨ
ਮੌਕੇ 'ਤੇ ਮੌਜੂਦ ਸਥਾਨਕ ਨਿਵਾਸੀਆਂ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 8:45 ਵਜੇ ਵਾਪਰਿਆ। ਇਕ ਚਸ਼ਮਦੀਦ ਨੇ ਦੱਸਿਆ ਕਿ ਉਹਨਾਂ ਨੇ ਇੱਕ ਚਾਰਟਰ ਜਹਾਜ਼ ਨੂੰ ਹਵਾ 'ਚ ਲੜਖੜਾਉਂਦੇ ਦੇਖਿਆ। ਜਹਾਜ਼ ਨੇ ਰਨਵੇਅ 'ਤੇ ਉਤਰਨ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ। ਦੂਜੀ ਵਾਰ ਕੋਸ਼ਿਸ਼ ਕਰਦੇ ਸਮੇਂ ਜਹਾਜ਼ ਰਨਵੇਅ ਤੋਂ ਕੁਝ ਮੀਟਰ ਪਹਿਲਾਂ ਹੀ ਕ੍ਰੈਸ਼ ਹੋ ਗਿਆ ਅਤੇ ਉਸ ਨੂੰ ਭਿਆਨਕ ਅੱਗ ਲੱਗ ਗਈ। ਪਿੰਡ ਵਾਸੀਆਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਅਤੇ ਕਰੀਬ 15-20 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਪਿੰਡ ਵਾਸੀਆਂ ਨੇ ਦਿਖਾਈ ਇਨਸਾਨੀਅਤ
ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਮਦਦ ਲਈ ਅੱਗੇ ਆਉਂਦੇ ਹੋਏ ਪੁਲਸ ਦਾ ਸਾਥ ਦਿੱਤਾ। ਪੁਲਸ ਵੱਲੋਂ ਮਦਦ ਮੰਗਣ 'ਤੇ ਪਿੰਡ ਵਾਸੀਆਂ ਨੇ ਆਪਣੇ ਘਰਾਂ 'ਚੋਂ ਨਵੇਂ ਕੰਬਲ ਲਿਆਂਦੇ ਤਾਂ ਜੋ ਮ੍ਰਿਤਕ ਦੇਹਾਂ ਨੂੰ ਸਤਿਕਾਰ ਸਹਿਤ ਢੱਕਿਆ ਜਾ ਸਕੇ। ਸ਼ੁਰੂਆਤ 'ਚ ਲੋਕਾਂ ਨੂੰ ਨਹੀਂ ਪਤਾ ਸੀ ਕਿ ਇਹ ਉਨ੍ਹਾਂ ਦੇ ਹਰਮਨ ਪਿਆਰੇ ਆਗੂ 'ਦਾਦਾ' (ਅਜੀਤ ਪਵਾਰ) ਹਨ, ਪਰ ਘੜੀ ਦੇਖ ਕੇ ਪਛਾਣ ਹੋਣ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਵਾਈ ਹਾਦਸੇ 'ਚ ਮਾਰੇ ਗਏ ਅਜੀਤ ਪਵਾਰ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋਵੇ ਜਾਂਚ : ਮਮਤਾ ਬੈਨਰਜੀ
NEXT STORY