ਪੁਣੇ- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ ਇਕ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਦੇਰ ਰਾਤ ਕਰੀਬ 2 ਵਜੇ ਮੁੰਬਈ-ਬੈਂਗਲੁਰੂ ਨੈਸ਼ਨਲ ਹਾਈਵੇਅ 'ਤੇ ਇਕ ਮੰਦਰ ਨੇੜੇ ਵਾਪਰਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਠਾਣੇ 'ਚ ਸਤਾਰਾ ਤੋਂ ਡੋਂਬੀਵਲੀ ਜਾ ਰਹੀ ਇਕ ਪ੍ਰਾਈਵੇਟ ਯਾਤਰੀ ਬੱਸ ਜਦੋਂ ਸਵਾਮੀਨਾਰਾਇਣ ਮੰਦਰ ਦੇ ਨੇੜੇ ਪਹੁੰਚੀ ਤਾਂ ਪਿੱਛੇ ਤੋਂ ਆ ਰਹੇ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਬੱਸ 'ਚ ਸਵਾਰ ਤਿੰਨ ਯਾਤਰੀ ਅਤੇ ਟਰੱਕ ਡਰਾਈਵਰ ਦੀ ਮੌਤ ਹੋ ਗਈ ਜਦਕਿ 18 ਯਾਤਰੀ ਜ਼ਖ਼ਮੀ ਹੋ ਗਏ।
ਪੁਲਸ ਮੁਤਾਬਕ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਟਰੱਕ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਸੀ, ਜਿਸ ਕਾਰਨ ਟਰੱਕ ਦੀ ਬੱਸ ਨਾਲ ਟੱਕਰ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੈਡੀਕਲ ਐਮਰਜੈਂਸੀ ਸੇਵਾ ਟੀਮ ਮੌਕੇ 'ਤੇ ਪਹੁੰਚ ਗਈ। ਅਧਿਕਾਰੀਆਂ ਨੇ ਦੱਸਿਆ ਕਿ 13 ਜ਼ਖ਼ਮੀ ਯਾਤਰੀਆਂ ਨੂੰ ਪੁਣੇ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਹੋਰ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ।
ਓਧਰ ਪੁਣੇ ਜ਼ਿਲ੍ਹਾ ਪ੍ਰੀਸ਼ਦ ਦੇ ਸੀ. ਈ. ਓ. ਆਯੂਸ਼ ਪ੍ਰਸਾਦ ਨੇ ਕਿਹਾ ਕਿ ਡਰਾਈਵਰਾਂ 'ਚ ਥਕਾਵਟ ਇਕ ਵੱਡੀ ਸਮੱਸਿਆ ਹੈ, ਜਿਸ ਨਾਲ ਨਜਿੱਠਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਸਾਰੇ ਨਾਗਰਿਕ ਰਾਤ ਨੂੰ ਡਰਾਈਵਿੰਗ ਕਰਦੇ ਸਮੇਂ ਜ਼ਰੂਰੀ ਸਾਵਧਾਨੀ ਵਰਤਣ। ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਢੁਕਵਾਂ ਆਰਾਮ ਕਰੋ, ਨਿਯਮਤ ਬ੍ਰੇਕ ਲਓ ਅਤੇ ਸੜਕ 'ਤੇ ਹੋਰ ਚਾਲਕਾਂ ਦਾ ਧਿਆਨ ਰੱਖੋ।
ਸਾਂਬਾ ਜ਼ਿਲ੍ਹੇ ’ਚ ਦਿਸਿਆ ਡਰੋਨ, BSF ਨੇ ਫਾਇਰਿੰਗ ਕਰ ਕੇ ਖਦੇੜਿਆ
NEXT STORY