ਮੁੰਬਈ (ਭਾਸ਼ਾ)— ਕੋਵਿਡ-19 ਦੇ ਕੇਸਾਂ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਮੱਦੇਨਜ਼ਰ ਮਹਾਰਾਸ਼ਟਰ ਸਰਕਾਰ ਨੇ ਇਸ ਮਹੀਨੇ ਸੂਬਾ ਬੋਰਡ ਵਲੋਂ ਆਯੋਜਿਤ ਹੋਣ ਵਾਲੀ 10ਵੀਂ ਅਤੇ 12ਵੀਂ ਦੇ ਇਮਤਿਹਾਨ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਸੂਬੇ ਵਿਚ 12ਵੀਂ ਬੋਰਡ ਦੇ ਇਮਤਿਹਾਨ 23 ਅਪ੍ਰੈਲ ਤੋਂ ਅਤੇ 10ਵੀਂ ਜਮਾਤ ਦੇ ਇਮਤਿਹਾਨ 30 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਸਨ। ਸੂਬੇ ਦੀ ਸਕੂਲ ਸਿੱਖਿਆ ਮੰਤਰੀ ਵਰਸ਼ਾ ਗਾਇਕਵਾੜ ਨੇ ਟਵੀਟ ਕੀਤਾ ਕਿ ਮਹਾਰਾਸ਼ਟਰ ਵਿਚ ਕੋਵਿਡ-19 ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਅਸੀਂ 10ਵੀਂ ਅਤੇ 12ਵੀਂ ਬੋਰਡ ਦੇ ਇਮਤਿਹਾਨ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਮੌਜੂਦਾ ਹਾਲਾਤ ਇਮਤਿਹਾਨ ਆਯੋਜਿਤ ਕਰਨ ਦੇ ਅਨੁਕੂਲ ਨਹੀਂ ਹਨ। ਤੁਹਾਡੀ ਸਿਹਤ ਸਾਡੀ ਪਹਿਲੀ ਤਰਜੀਹ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਪੇਸ਼ੇਵਰ ਪਾਠਕ੍ਰਮਾਂ ਲਈ ਪ੍ਰਵੇਸ਼ ਪ੍ਰੀਖਿਆ ਇਮਤਿਹਾਨ ਦੇ ਪ੍ਰੋਗਰਾਮ ਨੂੰ ਧਿਆਨ ’ਚ ਰੱਖਦੇ ਹੋਏ 12ਵੀਂ ਜਮਾਤ ਦੇ ਇਮਤਿਹਾਨ ਮਈ ਦੇ ਅਖ਼ੀਰ ਵਿਚ ਹੋਣਗੇ ਅਤੇ 10ਵੀਂ ਦੇ ਇਮਤਿਹਾਨ ਜੂਨ ’ਚ ਆਯੋਜਿਤ ਕੀਤੇ ਜਾਣਗੇ।
ਸਿੱਖਿਆ ਮੰਤਰੀ ਨੇ ਕਿਹਾ ਕਿ ਹਾਲਾਤ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਰੱਦ ਕੀਤੇ ਗਏ ਇਮਤਿਹਾਨਾਂ ਲਈ ਤਾਰੀਖ਼ਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ, ਵੱਖ-ਵੱਖ ਦਲਾਂ ਦੇ ਚੁਣੇ ਗਏ ਨੁਮਾਇੰਦਿਆਂ, ਤਕਨੀਕੀ ਜਾਣਕਾਰਾਂ ਨਾਲ ਸਲਾਹ-ਮਸ਼ਵਰਾ ਕਰਨ ਮਗਰੋਂ ਇਹ ਫ਼ੈਸਲਾ ਕੀਤਾ ਗਿਆ। ਗਾਇਕਵਾੜ ਨੇ ਕਿਹਾ ਕਿ ਅਸੀਂ ਸੀ. ਬੀ. ਐੱਸ. ਈ., ਆਈ. ਸੀ. ਐੱਸ. ਈ., ਆਈ. ਬੀ. ਕੈਂਬਿ੍ਰਜ ਬੋਰਡ ਨੂੰ ਵੀ ਚਿੱਠੀ ਲਿਖ ਕੇ ਉਨ੍ਹਾਂ ਦੇ ਇਮਤਿਹਾਨਾਂ ਦੀਆਂ ਤਾਰੀਖ਼ਾਂ ’ਤੇ ਮੁੜ ਤੋਂ ਵਿਚਾਰ ਕਰਨ ਲਈ ਕਹਿਣਗੇ। ਫ਼ੈਸਲੇ ਨੂੰ ਮਨਜ਼ੂਰੀ ਦੇਣ ਲਈ ਮੁੱਖ ਮੰਤਰੀ ਊਧਵ ਠਾਕਰੇ ਦਾ ਧੰਨਵਾਦ ਅਦਾ ਕਰਦੇ ਹੋਏ ਗਾਇਕਵਾੜ ਨੇ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ, ਸਿਹਤ ਨੂੰ ਧਿਆਨ ਨੂੰ ਰੱਖਦੇ ਹੋਏ ਬਦਲਵੇਂ ਮੁਲਾਂਕਣ ’ਤੇ ਵੀ ਵਿਚਾਰ ਕੀਤਾ ਗਿਆ। ਦੱਸ ਦੇਈਏ ਕਿ ਮਹਾਰਾਸ਼ਟਰ ਵਿਚ ਐਤਵਾਰ ਨੂੰ ਕੋਵਿਡ-19 ਦੇ ਇਕ ਦਿਨ ਵਿਚ ਸਭ ਤੋਂ ਵਧੇਰੇ 63,294 ਕੇਸ ਆਏ ਸਨ। ਸੂਬੇ ਵਿਚ ਪੀੜਤਾਂ ਦੀ ਕੁੱਲ ਗਿਣਤੀ 34,07,245 ਹੋ ਗਈ ਹੈ।
8 ਗੇੜਾਂ 'ਚੋਂ ਪਹਿਲੇ 4 ਗੇੜਾਂ 'ਚ ਹੀ ਤ੍ਰਿਣਮੂਲ ਦਾ ਸੂਪੜਾ ਸਾਫ਼ : ਨਰਿੰਦਰ ਮੋਦੀ
NEXT STORY