ਕੋਲਕਾਤਾ - ਤ੍ਰਿਣਮੂਲ ਕਾਂਗਰਸ ਨੇ ਸੋਮਵਾਰ ਆਪਣੇ 2 ਵਿਧਾਇਕਾਂ ਸੰਦੀਪਨ ਸਾਹਾ ਤੇ ਰਿਤਾਬ੍ਰਤ ਬੈਨਰਜੀ ਨੂੰ ਕਥਿਤ ਤੌਰ ’ਤੇ ਪਾਰਟੀ ਵਿਰੋਧੀ ਸਰਗਰਮੀਆਂ ਲਈ ਪਾਰਟੀ ’ਚੋਂ ਕੱਢ ਦਿੱਤਾ। ਇਸ ਸਬੰਧੀ ਹੁਕਮ ਤੋਂ ਕੁਝ ਮਿੰਟ ਪਹਿਲਾਂ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਸੂਬਾਈ ਸਕੱਤਰੇਤ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਦੋਹਾਂ ਵਿਧਾਇਕਾਂ ਨੇ ਸੂਬਾਈ ਵਿਧਾਨ ਸਭਾ ’ਚ ‘ਜਾਅਲੀ ਹਸਤਾਖਰਾਂ ਦੇ’ ਮੁੱਦੇ ਬਾਰੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ।
ਇਹ ਮਾਮਲਾ ਤ੍ਰਿਣਮੂਲ ਕਾਂਗਰਸ ਦੇ ਸ਼ੋਭਨਦੇਵ ਚਟੋਪਾਧਿਆਏ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਹਮਾਇਤ ਕਰਨ ਵਾਲੀ ਚਿੱਠੀ ਨਾਲ ਸਬੰਧਤ ਹੈ। ਦੋਵਾਂ ਵਿਧਾਇਕਾਂ ਨੂੰ ਭੇਜੀ ਗਈ ਚਿੱਠੀ ’ਚ ਕਿਹਾ ਗਿਆ ਹੈ ਕਿ ਸਮਰੱਥ ਅਧਿਕਾਰੀ ਵੱਲੋਂ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਧਿਆਨ ’ਚ ਇਹ ਲਿਆਂਦਾ ਗਿਆ ਹੈ ਕਿ ਤ੍ਰਿਣਮੂਲ ਦੇ ਉਮੀਦਵਾਰ ਵਜੋਂ ਚੁਣੇ ਜਾਣ ਦੇ ਬਾਵਜੂਦ ਦੋਵੇਂ ਵਾਰ-ਵਾਰ ਪਾਰਟੀ ਦੀ ਅਧਿਕਾਰਤ ਲੀਡਰਸ਼ਿਪ ਵੱਲੋਂ ਬੁਲਾਈਆਂ ਗਈਆਂ ਮੀਟਿੰਗਾਂ ’ਚ ਸ਼ਾਮਲ ਨਹੀਂ ਹੋਏ । ਉਹ ਪਾਰਟੀ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਰਹੇ।
ਪਾਰਟੀ ਦੀ ਉਪ-ਪ੍ਰਧਾਨ ਚੰਦਰਿਮਾ ਭੱਟਾਚਾਰੀਆ ਦੇ ਹਸਤਾਖਰਾਂ ਵਾਲੀ ਚਿੱਠੀ ’ਚ ਕਿਹਾ ਗਿਆ ਹੈ ਕਿ ਇਹ ਵੀ ਵੇਖਿਆ ਗਿਆ ਹੈ ਕਿ ਦੋਹਾਂ ਵਿਧਾਇਕਾਂ ਨੇ ਜੋ ਬਿਆਨ ਦਿੱਤੇ ਹਨ, ਉਹ ਤ੍ਰਿਣਮੂਲ ਕਾਂਗਰਸ ਦੇ ਹਿੱਤਾਂ ਲਈ ਨੁਕਸਾਨਦੇਹ ਹਨ। ਚਿੱਠੀ ’ਚ ਕਿਹਾ ਗਿਆ ਹੈ ਕਿ ਇਸ ਮਾਮਲੇ ’ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੇ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰੀ ਤੋਂ ਕੱਢਣ ਦਾ ਫੈਸਲਾ ਕੀਤਾ ਹੈ।
CBSE 12ਵੀਂ ਦੇ ਨਤੀਜਿਆਂ ਦੀ ਮੁੜ-ਜਾਂਚ ਲਈ ਪੋਰਟਲ ਸ਼ੁਰੂ, 6 ਜੂਨ ਤੱਕ ਕਰ ਸਕਦੇ ਹੋ ਅਪਲਾਈ
NEXT STORY