ਚੇਨਈ/ਥੇਨੀ (ਏਜੰਸੀ)- ਤਾਮਿਲਨਾਡੂ ਦੇ ਥੇਨੀ ਜ਼ਿਲ੍ਹੇ 'ਚ ਕੈਦੀਆਂ ਦੇ ਜੇਲ੍ਹ ਤੋਂ ਫਰਾਰ ਹੋਣ ਦੀ ਵੱਡੀ ਘਟਨਾ ਤੋਂ ਬਾਅਦ ਰਾਜ ਦੇ ਜੇਲ੍ਹ ਵਿਭਾਗ ਨੇ ਆਪਣੇ ਕਰਮਚਾਰੀਆਂ ਨੂੰ ਲੋੜ ਪੈਣ 'ਤੇ ਕੈਦੀਆਂ ਨੂੰ ਦੌੜਨ ਤੋਂ ਰੋਕਣ ਲਈ ਹਥਿਆਰਾਂ ਦੇ ਇਸਤੇਮਾਲ (ਯਾਨੀ ਦੌੜਣ ਦੀ ਕੋਸ਼ਿਸ਼ ਕਰਨ ਵਾਲੇ ਨੂੰ ਦੇਖਦੇ ਹੀ ਗੋਲੀ ਮਾਰਨ) ਦੀ ਮਨਜ਼ੂਰੀ ਦੇ ਦਿੱਤੀ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਪੁਲਸ ਡਾਇਰੈਕਟਰ ਜਨਰਲ (ਜੇਲ੍ਹ) ਸੰਦੀਪ ਰਾਏ ਰਾਠੌਰ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਥਿਤੀ ਦੇ ਆਧਾਰ 'ਤੇ ਜੇਲ੍ਹ ਗਾਰਡਾਂ ਨੂੰ ਹਥਿਆਰਾਂ ਦੀ ਵਰਤੋਂ ਕਰਨ ਦੀ ਆਗਿਆ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ।
26 ਅਕਤੂਬਰ ਦੇਰ ਰਾਤ ਥੇਕਮਪੱਟੀ 'ਚ ਥੇਨੀ ਜ਼ਿਲ੍ਹਾ ਜੇਲ੍ਹ 'ਚੋਂ 17 ਕੈਦੀਆਂ ਦੇ ਦੌੜ ਨਿਕਲਣ ਦੀ ਹੈਰਾਨ ਕਰਨ ਵਾਲੀ ਘਟਨਾ ਤੋਂ ਬਾਅਦ ਸਖ਼ਤ ਸੁਰੱਖਿਆ ਇੰਤਜ਼ਾਮ ਦੇ ਆਦੇਸ਼ ਦਿੱਤੇ ਗਏ ਹਨ ਅਤੇ ਪੂਰੇ ਸੂਬੇ 'ਚ ਅਲਰਟ ਜਾਰੀ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਥੇਨੀ ਜ਼ਿਲ੍ਹਾ ਜੇਲ੍ਹ 'ਚੋਂ ਭੱਜਣ ਵਾਲੇ 2 ਹੋਰ ਕੈਦੀਆਂ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨਾਲ ਮੁੜ ਫੜੇ ਗਏ ਕੈਦੀਆਂ ਦੀ ਕੁੱਲ ਗਿਣਤੀ ਹੁਣ 15 ਹੋ ਗਈ ਹੈ। ਪੁਲਸ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਕੈਦੀਆਂ ਦੀ ਪਛਾਣ ਪੋਨਮੁਥੂ ਸੇਲਵਾਨ ਅਤੇ ਰੇਜ਼ਿਨ ਵਜੋਂ ਹੋਈ ਹੈ।
ਸੋਮਵਾਰ ਰਾਤ ਨੂੰ ਕੈਦੀਆਂ ਨੇ ਮੈਡੀਕਲ ਐਮਰਜੈਂਸੀ ਦਾ ਨਾਟਕ ਕਰਕੇ ਜੇਲ੍ਹ 'ਚੋਂ ਭੱਜਣ ਦੀ ਸਾਜ਼ਿਸ਼ ਕੀਤੀ ਸੀ। ਉਨ੍ਹਾਂ ਨੇ ਇਹ ਦਿਖਾਵਾ ਕੀਤਾ ਕਿ ਉਨ੍ਹਾਂ 'ਚੋਂ ਇਕ ਨੂੰ ਮਿਰਗੀ ਦਾ ਦੌਰਾ ਪਿਆ ਹੈ ਅਤੇ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੈ। ਜਦੋਂ ਇਕ ਸੁਰੱਖਿਆ ਗਾਰਡ ਮਦਦ ਲਈ ਕੈਦੀਆਂ ਦੇ ਸੈੱਲ 'ਚ ਆਇਆ, ਤਾਂ ਉਨ੍ਹਾਂ ਨੇ ਉਸ ਨੂੰ ਕਾਬੂ 'ਚ ਕਰ ਲਿਆ ਅਤੇ ਉਸ 'ਤੇ ਹਮਲਾ ਕਰ ਦਿੱਤਾ। ਫਿਰ ਉਨ੍ਹਾਂ ਨੇ ਮੁੱਖ ਗੇਟ ਦੀਆਂ ਚਾਬੀਆਂ ਖੋਹ ਲਈਆਂ, ਦਰਵਾਜ਼ਾ ਖੋਲ੍ਹਿਆ ਅਤੇ ਨੇੜਲੇ ਜੰਗਲੀ ਖੇਤਰ 'ਚ ਭੱਜ ਗਏ। ਇਸ ਦੌਰਾਨ, ਤਾਮਿਲਨਾਡੂ ਪੁਲਸ ਨੇ ਕੈਦੀਆਂ ਨੂੰ ਫੜਨ ਲਈ ਪੂਰੇ ਇਲਾਕੇ ਅਤੇ ਗੁਆਂਢੀ ਜ਼ਿਲ੍ਹਿਆਂ 'ਚ 17 ਵਿਸ਼ੇਸ਼ ਟੀਮਾਂ, ਵਿਸ਼ੇਸ਼ ਟਾਸਕ ਫੋਰਸ, ਵਿਸ਼ੇਸ਼ ਟਾਸਕ ਫੋਰਸ ਦੀਆਂ 5 ਇਕਾਈਆਂ ਅਤੇ ਨਿਗਰਾਨੀ ਡਰੋਨ ਨੂੰ ਤਾਇਨਾਤ ਕਰ ਕੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ।
ਅਧਿਕਾਰੀਆਂ ਨੇ 27 ਅਕਤੂਬਰ ਤੱਕ 17 ਫਰਾਰ ਕੈਦੀਆਂ 'ਚੋਂ 13 ਨੂੰ ਮੁੜ ਕਾਬੂ ਕਰ ਲਿਆ ਸੀ। ਜੇਲ੍ਹ ਕੰਪਲੈਕਸ ਦੇ ਨੇੜੇ ਅਮਾਚੀਆਪੁਰਮ ਦੇ ਪਹਾੜੀ ਖੇਤਰ 'ਚ ਭੱਜੇ ਕੈਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਪਹਾੜੀ ਖੇਤਰ 'ਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਅਤੇ ਪੋਨਮੁਥੂ ਸੇਲਵਾਨ ਅਤੇ ਰੇਜ਼ਿਨ ਨੂੰ ਫੜ ਲਿਆ। ਫਰਾਰ ਬਾਕੀ 2 ਕੈਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਇਸ ਦੌਰਾਨ, ਸੂਤਰਾਂ ਨੇ ਦੱਸਿਆ ਕਿ ਥੇਨੀ ਘਟਨਾ ਤੋਂ ਬਾਅਦ, ਰਾਜ ਭਰ ਦੀਆਂ 125 ਜੇਲ੍ਹਾਂ 'ਚ 'ਵਾਚਟਾਵਰਾਂ' 'ਤੇ ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਸੂਤਰਾਂ ਅਨੁਸਾਰ, ਕੈਦੀਆਂ ਦੇ ਭੱਜਣ ਦੀ ਕੋਸ਼ਿਸ਼ 'ਚ ਹਥਿਆਰਾਂ ਦੀ ਵਰਤੋਂ ਦੀ ਆਗਿਆ ਦੇਣ ਦਾ ਸਪੱਸ਼ਟ ਫੈਸਲਾ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਖ਼ਤ ਸੁਰੱਖਿਆ ਪ੍ਰੋਟੋਕੋਲ ਬਾਰੇ ਵਿਸਤ੍ਰਿਤ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ, ਜਿਸ 'ਚ ਉੱਚੇ ਵਾਚਟਾਵਰਾਂ ਤੋਂ ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਵਲੋਂ ਲਗਾਤਾਰ ਨਿਗਰਾਨੀ ਕਰਨਾ ਵੀ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ ! ਗੁੱਸੇ 'ਚ ਬੰਦੇ ਨੇ ਮਾਰ 'ਤੀ ਆਪਣੀ ਜਨਾਨੀ
NEXT STORY