ਨੈਸ਼ਨਲ ਡੈਸਕ- ਸਾਬਕਾ ਬਾਲੀਵੁੱਡ ਅਦਾਕਾਰਾ ਮਮਤਾ ਕੁਲਕਰਨੀ ਨੇ ਕਿੰਨਰ ਅਖਾੜਾ ਦੇ 'ਮਹਾਮੰਡਲੇਸ਼ਵਰ' ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਲਿਖਤੀ ਬਿਆਨ ਸਾਂਝਾ ਕਰਦਿਆਂ ਦੱਸਿਆ ਕਿ ਉਸ ਨੇ ਇਹ ਫੈਸਲਾ ਆਪਣੀ ਮਰਜ਼ੀ ਨਾਲ ਅਤੇ ਪੂਰੀ ਸੋਚ-ਸਮਝ ਨਾਲ ਲਿਆ ਹੈ।
ਆਪਣੀ ਪੋਸਟ 'ਚ ਮਮਤਾ ਨੇ ਸਪੱਸ਼ਟ ਕੀਤਾ ਕਿ ਉਸ ਦੇ ਅਸਤੀਫ਼ੇ ਦਾ ਕਾਰਨ ਅਖਾੜੇ ਵਿੱਚ ਕੋਈ ਵਿਵਾਦ ਜਾਂ ਮਤਭੇਦ ਨਹੀਂ ਹੈ। ਉਸ ਨੇ ਡਾ. ਅਚਾਰੀਆ ਲਕਸ਼ਮੀ ਨਰਾਇਣ ਤ੍ਰਿਪਾਠੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਸ ਨੂੰ ਦਿੱਤੇ ਗਏ ਸਤਿਕਾਰ ਲਈ ਉਸ ਦੇ ਮਨ ਵਿੱਚ ਪੂਰਾ ਪਿਆਰ ਅਤੇ ਸਤਿਕਾਰ ਹੈ।
ਆਪਣੀ ਪੋਸਟ ਵਿੱਚ ਉਸ ਨੇ ਅੱਗੇ ਲਿਖਿਆ ਕਿ ਉਸ ਦਾ ਅਧਿਆਤਮਿਕ ਸਫ਼ਰ ਹੁਣ ਇੱਕ ਵੱਖਰੇ ਮਾਰਗ ਦੀ ਮੰਗ ਕਰਦਾ ਹੈ। ਉਸ ਅਨੁਸਾਰ, "ਸੱਚ ਨੂੰ ਕਿਸੇ ਰੁਤਬੇ ਜਾਂ ਖਿਤਾਬ ਦੀ ਲੋੜ ਨਹੀਂ ਹੁੰਦੀ।" ਉਸ ਨੇ ਆਪਣੇ ਗੁਰੂ ਸ਼੍ਰੀ ਚੈਤਨਿਆ ਗੰਗਗਿਰੀ ਨਾਥ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਦੇ ਗੁਰੂ ਨੇ ਵੀ ਕਦੇ ਕੋਈ ਰਸਮੀ ਖਿਤਾਬ ਸਵੀਕਾਰ ਨਹੀਂ ਕੀਤਾ ਸੀ।
ਜ਼ਿਕਰਯੋਗ ਹੈ ਕਿ ਮਮਤਾ ਕੁਲਕਰਨੀ ਪਿਛਲੇ 25 ਸਾਲਾਂ ਤੋਂ ਇੱਕ ਤਪੱਸਵੀ ਦਾ ਜੀਵਨ ਜੀਅ ਰਹੀ ਹੈ ਅਤੇ ਉਸ ਨੇ ਫਿਲਮਾਂ ਵਿੱਚ ਵਾਪਸੀ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਸ ਅਨੁਸਾਰ, ਉਹ ਹੁਣ ਪੂਰਨ ਤੌਰ 'ਤੇ ਸੰਨਿਆਸੀ ਹੈ ਆਪਣੇ ਅਧਿਆਤਮਿਕ ਅਭਿਆਸ ਨੂੰ ਜਾਰੀ ਰੱਖੇਗੀ।
ਹਿਮਾਚਲ ਦੇ ਕਾਂਗੜਾ ਵਿੱਚ ਸਕੂਲ ਬੱਸ ਪਲਟੀ: 6 ਵਿਦਿਆਰਥੀਆਂ ਸਮੇਤ 10 ਲੋਕ ਜ਼ਖਮੀ
NEXT STORY