ਪ੍ਰਯਾਗਰਾਜ : ਸਾਬਕਾ ਅਦਾਕਾਰਾ ਅਤੇ ਮਹਾ-ਮੰਡਲੇਸ਼ਵਰ ਮਮਤਾ ਕੁਲਕਰਨੀ ਨੂੰ ਕਿੰਨਰ ਅਖਾੜੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਸਰਸਵਤੀ ਵਿਰੁੱਧ ਦਿੱਤੇ ਗਏ ਵਿਵਾਦਿਤ ਬਿਆਨਾਂ ਤੋਂ ਬਾਅਦ ਕੀਤੀ ਗਈ ਹੈ। ਅਖਾੜੇ ਦੀ ਆਚਾਰੀਆ ਮਹਾਮੰਡਲੇਸ਼ਵਰ ਡਾ. ਲਕਸ਼ਮੀ ਨਾਰਾਇਣ ਤ੍ਰਿਪਾਠੀ ਨੇ ਦੱਸਿਆ ਕਿ ਅਹੁਦੇਦਾਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਅਤੇ ਹੁਣ ਮਮਤਾ ਕੁਲਕਰਨੀ ਦਾ ਅਖਾੜੇ ਨਾਲ ਕੋਈ ਅਧਿਕਾਰਤ ਸਬੰਧ ਨਹੀਂ ਰਿਹਾ।
ਕਿਉਂ ਹੋਈ ਕਾਰਵਾਈ?
ਡਾ. ਤ੍ਰਿਪਾਠੀ ਅਨੁਸਾਰ, ਕਿਸੇ ਵੀ ਸੰਵੇਦਨਸ਼ੀਲ ਵਿਸ਼ੇ 'ਤੇ ਅਖਾੜੇ ਦੀ ਇਜਾਜ਼ਤ ਤੋਂ ਬਿਨਾਂ ਟਿੱਪਣੀ ਕਰਨਾ ਸੰਗਠਨਾਤਮਕ ਮਰਿਆਦਾ ਦੀ ਉਲੰਘਣਾ ਹੈ। ਦਰਅਸਲ, 25 ਜਨਵਰੀ ਨੂੰ ਮਮਤਾ ਕੁਲਕਰਨੀ ਨੇ ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਦੀ ਭੂਮਿਕਾ, ਉਨ੍ਹਾਂ ਦੇ ਆਚਰਣ ਅਤੇ ਨਿਯੁਕਤੀ ਪ੍ਰਕਿਰਿਆ 'ਤੇ ਸਵਾਲ ਖੜ੍ਹੇ ਕੀਤੇ ਸਨ। ਅਖਾੜੇ ਨੇ ਸਪੱਸ਼ਟ ਕੀਤਾ ਕਿ ਉਹ ਅਜਿਹੇ ਵਿਵਾਦਾਂ 'ਤੇ ਕੋਈ ਟਿੱਪਣੀ ਨਹੀਂ ਕਰਦੇ ਅਤੇ ਮਮਤਾ ਵੱਲੋਂ ਦਿੱਤਾ ਗਿਆ ਬਿਆਨ ਉਨ੍ਹਾਂ ਦੇ ਨਿਯਮਾਂ ਦੇ ਵਿਰੁੱਧ ਸੀ।
ਮਮਤਾ ਕੁਲਕਰਨੀ ਦਾ ਪੱਖ
ਦੂਜੇ ਪਾਸੇ, ਮਮਤਾ ਕੁਲਕਰਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇਕ ਪੋਸਟ ਰਾਹੀਂ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਅਸਤੀਫਾ 27 ਜਨਵਰੀ 2026 ਤੋਂ ਪ੍ਰਭਾਵੀ ਹੋਵੇਗਾ ਅਤੇ ਇਹ ਫੈਸਲਾ ਉਨ੍ਹਾਂ ਨੇ ਪੂਰੀ ਤਰ੍ਹਾਂ ਆਪਣੀ ਮਰਜ਼ੀ ਨਾਲ ਲਿਆ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਡਾ. ਲਕਸ਼ਮੀ ਨਾਰਾਇਣ ਤ੍ਰਿਪਾਠੀ ਜਾਂ ਅਖਾੜੇ ਦੇ ਕਿਸੇ ਵੀ ਮੈਂਬਰ ਨਾਲ ਕੋਈ ਨਿੱਜੀ ਮਤਭੇਦ ਨਹੀਂ ਹੈ।
25 ਸਾਲ ਦੀ ਤਪੱਸਿਆ ਅਤੇ ਅਗਲਾ ਸਫ਼ਰ
ਮਮਤਾ ਕੁਲਕਰਨੀ ਨੇ ਲਿਖਿਆ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 25 ਸਾਲ ਤਪੱਸਿਆ ਅਤੇ ਸਾਧਨਾ ਵਿੱਚ ਬਿਤਾਏ ਹਨ। ਉਨ੍ਹਾਂ ਕਿਹਾ ਕਿ ਸੱਚ ਨੂੰ ਕਿਸੇ ਅਹੁਦੇ ਜਾਂ ਵਿਸ਼ੇਸ਼ ਪਹਿਰਾਵੇ ਦੀ ਲੋੜ ਨਹੀਂ ਹੁੰਦੀ ਅਤੇ ਉਹ ਭਵਿੱਖ ਵਿੱਚ ਕਿਸੇ ਵੀ ਸੰਸਥਾ ਜਾਂ ਪਾਰਟੀ ਦੇ ਪ੍ਰਭਾਵ ਤੋਂ ਬਿਨਾਂ ਆਪਣੇ ਅਧਿਆਤਮਿਕ ਗਿਆਨ ਨੂੰ ਸੁਤੰਤਰ ਰੂਪ ਵਿੱਚ ਸਾਂਝਾ ਕਰਦੀ ਰਹਿਣਗੇ। ਉਨ੍ਹਾਂ ਆਪਣੇ ਗੁਰੂ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਹੁਣ ਇਕ ਸੁਤੰਤਰ ਰਾਹ 'ਤੇ ਚੱਲਣਗੇ।
ਕ੍ਰਿਕਟ ਟੂਰਨਾਮੈਂਟ ਪਿੱਛੋਂ ਵੱਡੀ ਵਾਰਦਾਤ, ਮੈਚ ਖੇਡ ਨਿਕਲੇ ਖਿਡਾਰੀ ਨੇ ਕਰ 'ਤਾ ਸਾਥੀ ਕਤਲ
NEXT STORY