ਊਨਾ (ਸੁਰਿੰਦਰ) : ਕੋਰੋਨਾ ਮਹਾਮਾਰੀ ਦੌਰਾਨ ਬੰਦ ਪਏ ਮਾਤਾ ਚਿੰਤਪੂਰਨੀ ਮੰਦਰ ਦੇ ਕਿਵਾੜ 1 ਜੁਲਾਈ ਨੂੰ ਖੁੱਲ੍ਹਣਗੇ। ਡਿਪਟੀ ਕਮਿਸ਼ਨਰ ਰਾਘਵ ਸ਼ਰਮਾ ਨੇ ਦੱਸਿਆ ਕਿ ਮੰਦਰ ਸਵੇਰੇ 7 ਵਜੇ ਤੋਂ ਰਾਤ 8 ਵਜੇ ਤਕ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੁੱਲ੍ਹਾ ਰਹੇਗਾ। ਮੰਦਰ ਕੰਪਲੈਕਸ, ਧਰਮਸ਼ਾਲਾ ਤੇ ਸੜਕ ਕੰਢੇ ਭੰਡਾਰਾ, ਹਵਨ, ਯੱਗ ਤੇ ਲੰਗਰ ਆਦਿ ਦਾ ਆਯੋਜਨ ਨਹੀਂ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਸਥਿਤੀ ਮੁਤਾਬਕ ਮੰਦਰ ਦੇ ਅਧਿਕਾਰੀ ਸਮਾਂ-ਹੱਦ ਵਿਚ ਤਬਦੀਲੀ ਕਰ ਸਕਦੇ ਹਨ। ਸ਼ਰਧਾਲੂਆਂ ਨੂੰ ਦਰਸ਼ਨ ਪਰਚੀ ਲੈਣ ਦੇ ਨਾਲ-ਨਾਲ ਕੋਵਿਡ-19 ਦੀ ਸਕ੍ਰੀਨਿੰਗ ਵੀ ਕਰਵਾਉਣੀ ਹੋਵੇਗੀ।ਚਿੰਤਪੂਰਨੀ ਖੇਤਰ ਵਿਚ ਆਰਜ਼ੀ ਦੁਕਾਨਾਂ ਨਹੀਂ ਖੁੱਲ੍ਹਣਗੀਆਂ। ਸਿਰਫ ਸੁੱਕਾ ਪ੍ਰਸ਼ਾਦ ਹੀ ਚੜ੍ਹਾਇਆ ਜਾ ਸਕੇਗਾ। ਸ਼ਰਧਾਲੂਆਂ ਨੂੰ ਮੰਦਰ ਵਿਚ ਬੈਠਣ, ਖੜ੍ਹੇ ਹੋਣ ਤੇ ਉਡੀਕ ਕਰਨ ਦੀ ਆਗਿਆ ਨਹੀਂ ਹੋਵੇਗੀ। ਸ਼ਰਧਾਲੂਆਂ ਨੂੰ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਨੀ ਹੋਵੇਗੀ।
ਕਿਸੇ ਵੀ ਚੀਜ਼ ਨੂੰ ਛੂਹਣ ਦੀ ਹੋਵੇਗੀ ਮਨਾਹੀ
ਮੰਦਰ ਅੰਦਰ ਸ਼ਰਧਾਲੂਆਂ ਨੂੰ ਕਿਸੇ ਵੀ ਚੀਜ਼ ਨੂੰ ਛੂਹਣ ਦੀ ਆਗਿਆ ਨਹੀਂ ਹੋਵੇਗੀ। ਮੂਰਤੀਆਂ, ਧਾਰਮਿਕ ਕਿਤਾਬਾਂ ਅਤੇ ਘੰਟੀਆਂ ਆਦਿ ਨੂੰ ਸ਼ਰਧਾਲੂ ਛੂਹ ਨਹੀਂ ਸਕਣਗੇ। ਢੋਲ, ਨਗਾੜੇ ਵਾਲੀਆਂ ਗਾਇਨ ਪਾਰਟੀਆਂ ਦੇ ਆਉਣ ਦੀ ਮਨਾਹੀ ਹੋਵੇਗੀ। 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਦੁਕਾਨਦਾਰਾਂ ਲਈ ਦਿਸ਼ਾ-ਨਿਰਦੇਸ਼
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੁਕਾਨਦਾਰਾਂ ਅਤੇ ਹੋਟਲ ਮਾਲਕਾਂ ਨੂੰ ਇਹ ਗੱਲ ਯਕੀਨੀ ਬਣਾਉਣੀ ਹੋਵੇਗੀ ਕਿ ਉਨ੍ਹਾਂ ਦੇ ਸਟਾਫ ਤੇ ਹੋਰਨਾਂ ਲੋਕਾਂ ਵਲੋਂ ਫੇਸ ਕਵਰ ਦੀ ਵਰਤੋਂ ਜ਼ਰੂਰ ਹੋਵੇ। ਹੱਥਾਂ ਨੂੰ ਧੋਣਾ ਚਾਹੀਦਾ ਹੈ। ਸਮਾਜਿਕ ਦੂਰੀ ਵਰਗੀਆਂ ਹਦਾਇਤਾਂ ਦੀ ਪਾਲਣਾ ਵੀ ਕਰਨੀ ਹੋਵੇਗੀ। ਦੁਕਾਨਦਾਰ ਦੁਕਾਨ ਦੇ ਬਾਹਰ ਵੇਚਣ ਵਾਲਾ ਸਾਮਾਨ ਨਹੀਂ ਰੱਖ ਸਕਣਗੇ। ਉਲੰਘਣਾ ਕਰਨ ’ਤੇ 3 ਦਿਨ ਲਈ ਦੁਕਾਨ ਬੰਦ ਕਰ ਦਿੱਤੀ ਜਾਵੇਗੀ।
ਸ਼ਰਧਾਲੂ ਇੱਥੋਂ ਹੋ ਸਕਣਗੇ ਦਾਖਲ
ਸ਼ਰਧਾਲੂ ਸ਼ੰਭੂ ਬੈਰੀਅਰ ਵਲੋਂ ਗੇਟ ਨੰ.1 ਅਤੇ 2 ਦੇ ਨਾਲ ਹੀ ਮੁੱਖ ਬਾਜ਼ਾਰ ਤੋਂ ਆਉਂਦੇ ਹੋਏ ਚਿੰਤਪੂਰਨੀ ਸਦਨ ਰਾਹੀਂ ਦਾਖਲ ਹੋ ਸਕਣਗੇ। ਤੀਰਥ ਯਾਤਰੀ ਨਵੇਂ ਬੱਸ ਸਟੈਂਡ ਅਤੇ ਚਿੰਤਪੂਰਨੀ ਮੰਦਰ ਨੇੜੇ ਪਾਰਕਿੰਗ ਵਾਲੀ ਥਾਂ ਦੀ ਵਰਤੋਂ ਵੀ ਕਰ ਸਕਦੇ ਹਨ।
SPO ਦੇ ਕਤਲ 'ਚ ਸ਼ਾਮਲ ਸਨ ਜੈਸ਼ ਦੇ ਅੱਤਵਾਦੀ, ਕਸ਼ਮੀਰ ਦੇ IG ਨੇ ਕਿਹਾ- ਜਲਦ ਹੋਣਗੇ ਢੇਰ
NEXT STORY