ਨੈਸ਼ਨਲ ਡੈਸਕ- ਗੁਜਰਾਤ ਦੀ ਇਕ ਵਿਦਿਆਰਥਣ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਮੰਗੀ ਤਾਂ ਭਰੂਚ ਜ਼ਿਲ੍ਹੇ ਦੇ ਕਲੈਕਟਰ ਤੁਸ਼ਾਰ ਸੁਮੇਰਾ ਅਤੇ ਹੋਰ ਕਰੀਬ 200 ਤੋਂ ਵੱਧ ਕਰਮਚਾਰੀਆਂ ਨੇ ਆਪਣੀ ਇਕ ਦਿਨ ਦੀ ਤਨਖਾਹ ਉਸ ਨੂੰ ਦਾਨ ਕਰ ਦਿੱਤਾ। ਦਰਅਸਲ ਆਲਿਆਬਾਨੂੰ ਨੇ ਕਾਲਜ ਦੀ ਫੀਸ ਭਰਨੀ ਸੀ, ਇਸ ਲਈ ਉਸ ਨੇ ਪੀ.ਐੱਮ. ਮੋਦੀ ਤੋਂ ਮਦਦ ਮੰਗੀ, ਜਿਸ ਤੋਂ ਬਾਅਦ ਭਰੂਚ ਜ਼ਿਲ੍ਹੇ ਦੇ ਕਲੈਕਟਰ ਤੁਸ਼ਾਰ ਅਤੇ ਹੋਰ ਕਰਮਚਾਰੀਆਂ ਨੇ ਉਸ ਨੂੰ ਆਪਣੀ ਤਨਖਾਹ ਦੇ ਦਿੱਤੀ। ਇਸ ਨਾਲ ਐੱਮ.ਬੀ.ਬੀ.ਐੱਸ. ਵਿਦਿਆਰਥਣ ਆਲਿਆਬਾਨੂੰ ਪਟੇਲ ਦੀ ਦੂਜੇ ਸਮੈਸਟਰ ਦੀ 4 ਲੱਖ ਦੀ ਫੀਸ ਭਰੀ ਜਾ ਸਕੇਗੀ। ਆਲਿਆਬਾਨੂੰ ਦੇ ਪਿਤਾ ਨੇਤਰਹੀਣ ਹਨ। ਆਲਿਆਬਾਨੂੰ ਵਡੋਦਰਾ ਦੇ ਪਾਰੂਲ ਯੂਨੀਵਰਸਿਟੀ 'ਚ ਪੜ੍ਹਾਈ ਕਰ ਰਹੀ ਹੈ। ਉਹ ਕਾਫ਼ੀ ਸਮੇਂ ਤੋਂ ਆਰਥਿਕ ਤੰਗੀ ਤੋਂ ਲੰਘ ਰਹੀ ਸੀ। ਉਸ ਨੇ ਆਰਥਿਕ ਮਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਪ੍ਰਸ਼ਾਸਨ ਨੂੰ ਚਿੱਠੀ ਲਿਖੀ ਸੀ। ਪੀ.ਐੱਮ. ਮੋਦੀ ਨੇ ਉਸ ਨੂੰ ਮਦਦ ਦਾ ਭਰੋਸਾ ਦਿੱਤਾ ਸੀ। ਹਾਲ ਹੀ 'ਚ ਉਸ ਦੀ ਫੀਸ 'ਚ ਕਰੀਬ 4 ਲੱਖ ਰੁਪਏ ਘੱਟ ਪੈ ਰਹੇ ਸਨ, ਜਦੋਂ ਭਰੂਚ ਕਲੈਕਟਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਅਤੇ ਨਾਲ ਕੰਮ ਕਰ ਰਹੇ ਹੋਰ ਕਰਮਚਾਰੀਆਂ ਨੇ ਉਸ ਦੀ ਮਦਦ ਕੀਤੀ।
ਪਿਛਲੇ ਸਾਲ 12 ਮਈ ਨੂੰ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਲਈ ਇਕ ਪ੍ਰੋਗਰਾਮ 'ਚ ਪੀ.ਐੱਮ. ਮੋਦੀ ਨੇ ਆਲੀਆਬਾਨੂੰ ਦੇ ਨੇਤਰਹੀਣ ਪਿਤਾ ਅਯੂਬ ਪਟੇਲ ਨਾਲ ਗੱਲਬਾਤ ਕੀਤੀ ਸੀ। ਅਯੂਬ ਪਟੇਲ ਕੇਂਦਰ ਸਰਕਾਰ ਦੀ ਰਾਸ਼ਟਰੀ ਬਜ਼ੁਰਗ ਪੈਸ਼ਨਸ਼ ਯੋਜਨਾ ਦੇ ਲਾਭਪਾਤਰੀਆਂ 'ਚੋਂ ਇਕ ਸਨ। ਪਟੇਲ ਆਪਣੀ ਪਤਨੀ ਅਤੇ ਤਿੰਨ ਧੀਆਂ ਨਾਲ ਭਰੂਚ ਦੇ ਦੂਧਧਾਰਾ ਡੇਅਰੀ ਗਰਾਊਂਡ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਮੌਜੂਦ ਸਨ। ਉਸ ਸਮੇਂ ਅਯੂਬ ਨੇ ਪੀ.ਐੱਮ. ਨੂੰ ਦੱਸਿਆ ਸੀ ਕਿ ਗਲੂਕੋਮਾ ਕਾਰਨ ਉਨ੍ਹਾਂ ਨੇ ਆਪਣੀਆਂ ਅੱਖਾਂ ਦੀ ਰੋਸ਼ਨੀ ਗੁਆ ਦਿੱਤੀ। ਸੰਜੋਗ ਨਾਲ ਉਸੇ ਦਿਨ 12ਵੀਂ ਦੇ ਨਤੀਜੇ ਐਲਾਨ ਹੋਏ ਸਨ ਤਾਂ ਪਟੇਲ ਨੇ ਆਪਣੀ ਸਭ ਤੋਂ ਵੱਡੀ ਧੀ ਆਲਿਆਬਾਨੂੰ ਬਾਰੇ ਗੱਲ ਕੀਤੀ। ਆਲੀਆਬਾਨੂੰ ਨੂੰ ਪੀ.ਐੱਮ. ਮੋਦੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਉਸ ਨੂੰ ਵਧਾਈ ਦਿੱਤੀ। ਆਲੀਆਬਾਨੂੰ ਨੇ ਪੀ.ਐੱਮ. ਮੋਦੀ ਨੂੰ ਦੱਸਿਆ ਸੀ ਕਿ ਉਹ ਡਾਕਟਰ ਬਣਨ ਦੀ ਇੱਛਾ ਰੱਖਦੀ ਹੈ। ਉਦੋਂ ਪੀ.ਐੱਮ. ਮੋਦੀ ਨੇ ਪਟੇਲ ਨੂੰ ਕਿਹਾ ਸੀ ਕਿ ਜੇਕਰ ਉਸ ਦੀ ਧੀ ਨੂੰ ਸੁਫ਼ਨੇ ਪੂਰੇ ਕਰਨ 'ਚ ਕੋਈ ਚੁਣੌਤੀ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸਪੰਰਕ ਕਰੇ। ਆਲੀਆਬਾਨੂੰ ਦਾ ਪਾਰੂਲ ਯੂਨੀਵਰਸਿਟੀ 'ਚ ਦਾਖ਼ਲਾ ਹੋਇਆ ਹੈ ਅਤੇ ਉਸ ਦੀ ਫੀਸ 'ਚ 4 ਲੱਖ ਘੱਟ ਪੈ ਰਹੇ ਸਨ। ਇਸ 'ਤੇ ਆਲੀਆਬਾਨੂੰ ਨੇ ਪੀ.ਐੱਮ. ਮੋਦੀ ਨੂੰ ਚਿੱਠੀ ਲਿੱਖੀ ਸੀ। ਇਸ ਪੱਤਰ ਦੇ ਮਾਮਲੇ 'ਚ ਪੀ.ਐੱਮ. ਨੇ ਕਲੈਕਟਰ ਨੂੰ ਸੂਚਿਤ ਕੀਤਾ ਸੀ। ਕਲੈਕਟਰ ਨੇ ਸਾਰੇ ਕਰਮਚਾਰੀਆਂ ਨੂੰ ਆਪਣੀ ਇਕ ਦਿਨ ਦੀ ਤਨਖਾਹ ਦਾਨ ਕਰਨ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਕਲੈਕਟਰ ਅਤੇ 200 ਤੋਂ ਵੱਧ ਕਰਮਚਾਰੀਆਂ ਨੇ ਆਲੀਆਬਾਨੂੰ ਦੇ ਬਿਹਤਰ ਭਵਿੱਖ ਲਈ ਉਸ ਦੀ ਮਦਦ ਕੀਤੀ। ਕਲੈਕਟਰ ਨੇ ਦੱਸਿਆ ਕਿ ਵਿਦਿਆਰਥਣ ਦਾ ਭਵਿੱਖ ਚੰਗਾ ਹੋਵੇ, ਅਸੀਂ ਸਾਰੇ ਇਹੀ ਕਾਮਨਾ ਕਰ ਰਹੇ ਹਾਂ। ਭਵਿੱਖ 'ਚ ਵੀ ਇਸ ਬੱਚੀ ਦੀ ਫੀਸ ਅਸੀਂ ਇਸੇ ਤਰ੍ਹਾਂ ਦੇਵਾਂਗੇ। ਉੱਥੇ ਹੀ ਆਲੀਆ ਦੇ ਪਿਤਾ ਨੇ ਪੀ.ਐੱਮ. ਮੋਦੀ ਨੂੰ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੋ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ।
ਪੱਛਮੀ ਬੰਗਾਲ 'ਚ ਗੈਰ-ਕਾਨੂੰਨੀ ਪਟਾਕਾ ਫੈਕਟਰੀ 'ਚ ਧਮਾਕਾ, 9 ਲੋਕਾਂ ਦੀ ਮੌਤ
NEXT STORY