ਬਦਾਯੂੰ- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੇ ਉਸਹੈਤ ਥਾਣਾ ਖੇਤਰ ਦੇ ਇਕ ਪਿੰਡ 'ਚ ਦੋ ਬਾਈਕ ਸਵਾਰਾਂ ਨੇ ਸਕੂਲ ਦੇ ਸਾਹਮਣੇ ਡੇਢ ਸਾਲ ਦੀ ਮਾਸੂਮ ਬੱਚੀ ਨੂੰ ਉਸ ਦੀ ਮਾਂ ਦੇ ਸਾਹਮਣੇ ਅਗਵਾ ਕਰ ਲਿਆ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੀ ਮਾਂ ਸ਼ਿਆਮਾ ਨੇ ਪੁਲਸ ਨੂੰ ਦੱਸਿਆ ਕਿ ਵੀਰਵਾਰ ਦੁਪਹਿਰ 3 ਵਜੇ ਦੇ ਕਰੀਬ ਬਾਈਕ ਸਵਾਰ ਦੋ ਬਦਮਾਸ਼ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਪਹੁੰਚੇ ਅਤੇ ਸਕੂਲ 'ਚ ਛੁੱਟੀ ਹੋਣ ਬਾਰੇ ਪੁੱਛਗਿੱਛ ਕੀਤੀ।
ਪੁਲਸ ਮੁਤਾਬਕ ਉਸ ਸਮੇਂ ਕੁੜੀ ਦੀ ਮਾਂ ਸ਼ਿਆਮਾ ਸਕੂਲ ਦੇ ਨੇੜੇ ਹੀ ਕੱਪੜੇ ਧੋ ਰਹੀ ਸੀ, ਜਦਕਿ ਬੱਚੀ ਨੇੜੇ ਹੀ ਖੇਡ ਰਹੀ ਸੀ। ਇਸ ਦੌਰਾਨ ਬਦਮਾਸ਼ਾਂ ਨੇ ਅਚਾਨਕ ਬੱਚੀ ਨੂੰ ਚੁੱਕਿਆ ਅਤੇ ਬਾਈਕ 'ਤੇ ਬੈਠਾ ਕੇ ਅਗਵਾ ਕਰ ਕੇ ਲੈ ਗਏ। ਅਗਵਾ ਦੀ ਘਟਨਾ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਇਆ ਹੈ। ਅਗਵਾ ਦੀ ਸੂਚਨਾ ਮਿਲਣ ਮਗਰੋਂ SSP ਨੇ ਪੁਲਸ ਫੋਰਸ ਨਾਲ ਘਟਨਾ ਵਾਲੀ ਥਾਂ ਦਾ ਨਿਰੀਖਣ ਕਰ ਕੇ ਪਰਿਵਾਰ ਤੋਂ ਜਾਣਕਾਰੀ ਲਈ। ਵਧੀਕ ਪੁਲਸ ਸੁਪਰਡੈਂਟ ਅਮਿਤ ਸ਼੍ਰੀਵਾਸਤਵ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਬਰਾਮਦਗੀ ਲਈ 4 ਟੀਮਾਂ ਨੂੰ ਲਾਇਆ ਗਿਆ ਹੈ।

ਸ੍ਰੀਵਾਸਤਵ ਨੇ ਦੱਸਿਆ ਕਿ ਪੁਲਸ ਵੱਖ-ਵੱਖ ਪੁਆਇੰਟਾਂ 'ਤੇ ਜਾਂਚ ਕਰ ਰਹੀ ਹੈ ਅਤੇ ਲੜਕੀ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਅਤੇ ਨਾ ਹੀ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਹੈ। ਪੁਲਸ ਇਸ ਮਾਮਲੇ ਨੂੰ ਬਾਲ ਤਸਕਰੀ ਨਾਲ ਜੋੜ ਕੇ ਦੇਖ ਰਹੀ ਹੈ ਅਤੇ ਇਸ ਪਾਸੇ ਵੀ ਕੰਮ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਜਲਦੀ ਹੀ ਬੱਚੀ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਕੁੜੀ ਦੇ ਮਾਮਾ ਰਾਮ ਰਤਨ ਨੇ ਦੋਸ਼ ਲਾਇਆ ਹੈ ਕਿ ਪੁਲਸ ਇਸ ਮਾਮਲੇ ਵਿਚ ਕੋਈ ਠੋਸ ਕਾਰਵਾਈ ਨਹੀਂ ਕਰ ਰਹੀ ਹੈ।
ਸਰਕਾਰ ਦਾ ਵੱਡਾ ਫੈਸਲਾ; ਮਲਟੀਪਲੈਕਸਾਂ ਅਤੇ ਸਿਨੇਮਾ ਲਈ ਹੁਣ ਸਿਰਫ ਇੰਨੇ ਰੁਪਏ 'ਚ ਮਿਲਣਗੀਆਂ ਟਿਕਟਾਂ
NEXT STORY