ਨਵੀਂ ਦਿੱਲੀ — ਦੇਸ਼ ਦੇ ਮੋਬਾਈਲ ਉਪਭੋਗਤਾਵਾਂ ਨੂੰ ਜਲਦ ਹੀ ਇੱਕ ਹੋਰ ਵੱਡਾ ਆਰਥਿਕ ਝਟਕਾ ਲੱਗ ਸਕਦਾ ਹੈ। ਇੱਕ ਤਾਜ਼ਾ ਮੀਡੀਆ ਰਿਪੋਰਟ ਅਨੁਸਾਰ, ਭਾਰਤ ਦੀਆਂ ਦੋ ਪ੍ਰਮੁੱਖ ਨਿੱਜੀ ਟੈਲੀਕਾਮ ਕੰਪਨੀਆਂ—ਰਿਲਾਇੰਸ ਜਿਓ ਅਤੇ ਭਾਰਤੀ ਏਅਰਟੈੱਲ—ਆਉਣ ਵਾਲੇ 3 ਤੋਂ 4 ਮਹੀਨਿਆਂ ਵਿੱਚ ਆਪਣੇ ਮੋਬਾਈਲ ਟੈਰਿਫ (ਰੀਚਾਰਜ ਪਲਾਨਾਂ) ਦੀਆਂ ਕੀਮਤਾਂ ਵਿੱਚ 12 ਤੋਂ 15 ਫ਼ੀਸਦੀ ਤੱਕ ਦਾ ਵਾਧਾ ਕਰ ਸਕਦੀਆਂ ਹਨ। ਹਾਲਾਂਕਿ, ਇਹ ਅਜੇ ਬਾਜ਼ਾਰ ਦਾ ਇੱਕ ਅਨੁਮਾਨ ਹੈ ਅਤੇ ਦੋਵਾਂ ਕੰਪਨੀਆਂ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਰਿਪੋਰਟਾਂ ਅਨੁਸਾਰ, ਟੈਲੀਕਾਮ ਕੰਪਨੀਆਂ ਵੱਲੋਂ ਕੀਮਤਾਂ ਵਿੱਚ ਕੀਤੇ ਜਾਣ ਵਾਲੇ ਇਸ ਸੰਭਾਵਿਤ ਵਾਧੇ ਦੇ ਪਿੱਛੇ ਮੁੱਖ ਤੌਰ 'ਤੇ ਨੈੱਟਵਰਕ ਦਾ ਵਿਸਤਾਰ, 5G ਇੰਫਰਾਸਟ੍ਰਕਚਰ ਦੀ ਲਾਗਤ, ਸਪੈਕਟ੍ਰਮ ਦਾ ਖ਼ਰਚਾ ਅਤੇ ਪ੍ਰਤੀ ਗਾਹਕ ਔਸਤ ਕਮਾਈ (ARPU) ਨੂੰ ਵਧਾਉਣਾ ਵਰਗੇ ਕਾਰਨ ਦੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ ਏਅਰਟੈੱਲ ਨੇ ਹਾਲ ਹੀ ਵਿੱਚ ਆਪਣੇ ਕੁਝ ਸਸਤੇ ਪ੍ਰੀਪੇਡ ਪਲਾਨ ਬੰਦ ਕਰ ਦਿੱਤੇ ਹਨ, ਜਿਸ ਕਾਰਨ ਗਾਹਕਾਂ ਨੂੰ ਪਹਿਲਾਂ ਹੀ ਮਹਿੰਗੇ ਰੀਚਾਰਜ ਕਰਵਾਉਣੇ ਪੈ ਰਹੇ ਹਨ।
ਜੇਕਰ ਟੈਰਿਫ ਵਿੱਚ 12 ਤੋਂ 15 ਫ਼ੀਸਦੀ ਦਾ ਵਾਧਾ ਹੁੰਦਾ ਹੈ, ਤਾਂ ਇਸ ਦਾ ਸਿੱਧਾ ਅਸਰ ਪ੍ਰੀਪੇਡ ਅਤੇ ਪੋਸਟਪੇਡ ਦੋਵਾਂ ਤਰ੍ਹਾਂ ਦੇ ਉਪਭੋਗਤਾਵਾਂ 'ਤੇ ਪਵੇਗਾ। 500 ਰੁਪਏ ਵਾਲੇ ਪਲਾਨ ਦੀ ਕੀਮਤ 12% ਵਾਧੇ ਨਾਲ 560 ਰੁਪਏ ਹੋ ਜਾਵੇਗੀ। 15% ਵਾਧਾ ਹੋਣ ਦੀ ਸੂਰਤ ਵਿੱਚ ਗਾਹਕਾਂ ਨੂੰ ਇਸੇ ਪਲਾਨ ਲਈ 575 ਰੁਪਏ ਦੇਣੇ ਪੈਣਗੇ।
ਇਸ ਸੰਭਾਵਿਤ ਵਾਧੇ ਨੇ ਗਾਹਕਾਂ ਵਿੱਚ ਨਵੀਂ ਬਹਿਸ ਛੇੜ ਦਿੱਤੀ ਹੈ, ਕਿਉਂਕਿ ਲੰਘੇ ਸਾਲ ਜਿਓ ਅਤੇ ਏਅਰਟੈੱਲ ਦੋਵਾਂ ਨੇ 30,000 ਕਰੋੜ ਰੁਪਏ ਤੋਂ ਵੱਧ ਦਾ ਸ਼ੁੱਧ ਮੁਨਾਫ਼ਾ ਦਰਜ ਕੀਤਾ ਸੀ। ਉਪਭੋਗਤਾਵਾਂ ਦਾ ਸਵਾਲ ਹੈ ਕਿ ਜਦੋਂ ਕੰਪਨੀਆਂ ਪਹਿਲਾਂ ਹੀ ਭਾਰੀ ਮੁਨਾਫ਼ਾ ਕਮਾ ਰਹੀਆਂ ਹਨ, ਤਾਂ ਗਾਹਕਾਂ 'ਤੇ ਵਾਧੂ ਬੋਝ ਕਿਉਂ ਪਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ, ਦੇਸ਼ ਦੇ ਟੈਲੀਕਾਮ ਖੇਤਰ ਵਿੱਚ ਵੋਡਾਫੋਨ-ਆਈਡੀਆ ਅਤੇ ਬੀਐਸਐਨਐਲ ਵਰਗੇ ਆਪਰੇਟਰਾਂ ਦੀ ਮੌਜੂਦਗੀ ਦੇ ਬਾਵਜੂਦ ਪ੍ਰਾਈਵੇਟ ਮਾਰਕੀਟ ਵਿੱਚ ਜਿਓ ਅਤੇ ਏਅਰਟੈੱਲ ਦਾ ਪੂਰੀ ਤਰ੍ਹਾਂ ਦਬਦਬਾ ਹੈ। ਇਸ 'ਡੁਓਪੋਲੀ' (Duopoly - ਦੋ-ਪੱਖੀ ਇਜਾਰੇਦਾਰੀ) ਦੀ ਸਥਿਤੀ ਕਾਰਨ ਗਾਹਕਾਂ ਕੋਲ ਮਹਿੰਗੇ ਟੈਰਿਫ ਨੂੰ ਸਵੀਕਾਰ ਕਰਨ ਤੋਂ ਇਲਾਵਾ ਹੋਰ ਕੋਈ ਠੋਸ ਵਿਕਲਪ ਨਹੀਂ ਬਚਦਾ।
ਹੋਟਲ 'ਚ ਲੱਗੀ ਭਿਆਨਕ ਅੱਗ: ਇੱਕੋ ਪਰਿਵਾਰ ਦੇ 4 ਜੀਆਂ ਸਣੇ 5 ਬੰਗਲਾਦੇਸ਼ੀ ਨਾਗਰਿਕਾਂ ਦੀ ਮੌਤ
NEXT STORY