ਅਯੁੱਧਿਆ/ਲਖਨਊ, (ਏਜੰਸੀਆਂ/ਨਾਸਿਰ)-‘ਅਭਿਜੀਤ ਮਹੂਰਤ’ ’ਚ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਬਣੇ ਸ਼੍ਰੀਰਾਮ ਜਨਮਭੂਮੀ ਮੰਦਰ ਦੇ ਮੁੱਖ ਸਿਖਰ ’ਤੇ ਵਿਧੀਪੂਰਵਕ ਭਗਵਾ ਧਾਰਮਿਕ ਝੰਡਾ ਲਹਿਰਾਇਆ। ਝੰਡਾ ਲਹਿਰਾਉਣ ਦੇ ਪਲ ਨੂੰ ਪ੍ਰਧਾਨ ਮੰਤਰੀ ਨੇ ਭਾਰਤ ਦੀ ਸੱਭਿਆਚਾਰਕ ਚੇਤਨਾ ਦੇ ‘ਇਕ ਹੋਰ ਉਤਕਰਸ਼ ਬਿੰਦੂ’ ਵਜੋਂ ਵਰਣਨ ਕਰਦਿਆਂ ਕਿਹਾ ਕਿ ਅਯੁੱਧਿਆ ਦੇ ਸਦੀਆਂ ਪੁਰਾਣੇ ਦਰਦ ਨੂੰ ਅੱਜ ਆਰਾਮ ਮਿਲ ਰਿਹਾ ਹੈ। ਜਿਵੇਂ ਹੀ ਬਿਜਲੀ ਨਾਲ ਚੱਲਣ ਵਾਲੇ ਸਿਸਟਮ ਨਾਲ ਝੰਡਾ ਸਿਖਰ ਵੱਲ ਵਧਿਆ, ਪੂਰਾ ਕੰਪਲੈਕਸ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਕਈ ਸੰਤ-ਮਹਾਪੁਰਸ਼ ਭਾਵੁਕ ਹੋ ਗਏ।
ਲੱਗਭਗ 7000 ਵਿਸ਼ੇਸ਼ ਮਹਿਮਾਨਾਂ ਅਤੇ ਦੇਸ਼-ਦੁਨੀਆ ਦੇ ਸੰਤਾਂ, ਧਰਮ ਗੁਰੂਆਂ, ਸਮਾਜਿਕ ਨੁਮਾਇੰਦਿਆਂ ਅਤੇ ਵਾਂਝੇ ਵਰਗਾਂ ਦੇ ਪ੍ਰਤੀਨਿਧੀਆਂ ਦੀ ਹਾਜ਼ਰੀ ’ਚ ਆਯੋਜਿਤ ਇਸ ਸਮਾਰੋਹ ’ਚ ਪ੍ਰਧਾਨ ਮੰਤਰੀ ਨੇ ਮੰਦਰ ਨਿਰਮਾਣ ਨਾਲ ਜੁਡ਼ੇ ਹਰ ਇਕ ਮਜ਼ਦੂਰ, ਕਾਰੀਗਰ ਅਤੇ ਸਹਿਯੋਗੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ 500 ਸਾਲਾਂ ਤੱਕ ਚੱਲਦੇ ਰਹੇ ਆਸਥਾ ਦੇ ਯੱਗ ਦੀ ਇਹ ਸਾਰਥਕ ਝੁਕਾਅ ਹੈ।
ਧਾਰਮਿਕ ਝੰਡਾ ਸਮਕੋਣ ਤ੍ਰਿਭੁਜ ਆਕਾਰ ਦਾ ਹੈ, ਜਿਸ ਦੀ ਲੰਬਾਈ 22 ਫੁੱਟ ਅਤੇ ਚੌੜਾਈ 11 ਫੁੱਟ ਹੈ। ਇਹ ਧਾਰਮਿਕ ਝੰਡਾ ਸੂਰਜ, ‘ਓਮ’ ਅਤੇ ਕਚਨਾਰ ਰੁੱਖ ਵਰਗੇ ਪ੍ਰੰਪਰਿਕ ਚਿੰਨ੍ਹਾਂ ਨਾਲ ਸਜਿਆ ਹੈ। ਲੱਗਭਗ 42 ਫੁੱਟ ਉੱਚੇ ਝੰਡੇ ਨੂੰ ਮੰਦਰ ਦੇ 161 ਫੁੱਟ ਉੱਚੇ ਸਿਖਰ ’ਤੇ ਸਥਾਪਤ ਕੀਤਾ ਗਿਆ, ਜਿਸ ਨਾਲ ਮੰਦਰ ਕੰਪਲੈਕਸ ਦਾ ਅਧਿਆਤਮਕ ਸਰੂਪ ਸਥਾਈ ਤੌਰ ’ਤੇ ਪਵਿੱਤਰ ਹੋ ਗਿਆ।

ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਇਹ ਝੰਡਾ ਯੱਗ ਦੀ ਪੂਰਨ ਆਹੁਤੀ ਨਹੀਂ, ਸਗੋਂ ਨਵੇਂ ਯੁੱਗ ਦਾ ਸ਼ੁਭ ਆਰੰਭ ਹੈ। ਉਨ੍ਹਾਂ ਨੇ ਇਸ ਨੂੰ 140 ਕਰੋਡ਼ ਭਾਰਤੀਆਂ ਦੀ ਆਸਥਾ, ਸਨਮਾਨ ਅਤੇ ਸਵੈ-ਮਾਣ ਦਾ ਪ੍ਰਤੀਕ ਦੱਸਿਆ। ਯੋਗੀ ਨੇ ਕਿਹਾ ਕਿ 5 ਸ਼ਤਾਬਦੀਆਂ ਦੇ ਸੰਘਰਸ਼ ਅਤੇ ਤਪੱਸਿਆ ਦਾ ਫਲ ਅੱਜ ਬੇਮਿਸਾਲ ਰੂਪ ’ਚ ਦੇਸ਼ ਦੇ ਸਾਹਮਣੇ ਹੈ ਅਤੇ ਵਿਕਸਤ ਭਾਰਤ ’ਚ ਇਹ ਝੰਡਾ ‘ਰਾਮ ਰਾਜ’ ਦੀਆਂ ਕਦਰਾਂ-ਕੀਮਤਾਂ ਦਾ ਝੰਡਾਬਰਦਾਰ ਬਣੇਗਾ। ਪ੍ਰੋਗਰਾਮ ਦਾ ਸੰਚਾਲਨ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਕੀਤਾ।
ਸਮਾਰੋਹ ’ਚ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿਤਿਅਨਾਥ, ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ, ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਯ ਗੋਪਾਲ ਦਾਸ ਸਮੇਤ ਵੱਡੀ ਗਿਣਤੀ ’ਚ ਸੰਤ-ਮਹਾਪੁਰਸ਼ ਮੌਜੂਦ ਸਨ।
ਜੋ ਝੰਡਾ ਕਦੇ ਅਯੁੱਧਿਆ ’ਚ ਲਹਿਰਾਉਂਦਾ ਸੀ, ਅੱਜ ਆਪਣੀਆਂ ਅੱਖਾਂ ਨਾਲ ਵੇਖਿਆ : ਭਾਗਵਤ
ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਇਤਿਹਾਸਕ ਝੰਡਾ ਲਹਿਰਾਏ ਜਾਣ ਦੌਰਾਨ ਸਪੱਸ਼ਟ ਤੌਰ ’ਤੇ ਭਾਵੁਕ ਵਿਖਾਈ ਦਿੱਤੇ। ਉਨ੍ਹਾਂ ਕਿਹਾ, “ਅਯੁੱਧਿਆ ’ਚ ਜੋ ਝੰਡਾ ਕਦੇ ਲਹਿਰਾਉਂਦਾ ਸੀ, ਉਸ ਨੂੰ ਅੱਜ ਆਪਣੀਆਂ ਅੱਖਾਂ ਨਾਲ ਲਹਿਰਾਉਂਦੇ ਹੋਏ ਵੇਖਣਾ ਅਤਿਅੰਤ ਭਾਵੁਕ ਕਰਨ ਵਾਲਾ ਪਲ ਹੈ। ਇਹ ਸਿਰਫ ਇਕ ਝੰਡਾ ਲਹਿਰਾਇਆ ਜਾਣਾ ਹੀ ਨਹੀਂ, ਸਗੋਂ ਉਸ ਸੰਕਲਪ ਦੀ ਮੁੜਸਥਾਪਨਾ ਹੈ ਜਿਸ ਲਈ ਅਣਗਿਣਤ ਰਾਮ ਭਗਤਾਂ ਨੇ ਕਈ ਸਾਲਾਂ ਤੱਕ ਸੰਘਰਸ਼ ਕੀਤਾ ਅਤੇ ਸੈਂਕੜਿਆਂ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ।”
ਭਾਗਵਤ ਨੇ ਕਿਹਾ ਕਿ ਇਹ ਪਲ ਉਨ੍ਹਾਂ ਸਾਰੇ ਤਪੱਸਵੀਆਂ, ਸੰਤਾਂ ਅਤੇ ਸ਼ਰਧਾਲੂਆਂ ਲਈ ਸ਼ਰਧਾਂਜਲੀ ਵਰਗਾ ਹੈ, ਜਿਨ੍ਹਾਂ ਨੇ ਰਾਮ ਮੰਦਰ ਦੀ ਮੁੜਸਥਾਪਨਾ ਨੂੰ ਜੀਵਨ ਦਾ ਟੀਚਾ ਬਣਾ ਲਿਆ ਸੀ। ਉਨ੍ਹਾਂ ਕਿਹਾ ਕਿ ਮੰਦਰ ਦੀ ਨੀਂਹ ਤੋਂ ਲੈ ਕੇ ਸਿਖਰ ਤੱਕ ਹਰ ਪੱਥਰ ’ਚ ਉਨ੍ਹਾਂ ਲੋਕਾਂ ਦਾ ਤਿਆਗ ਅਤੇ ਸਾਧਨਾ ਸਮਾਈ ਹੋਈ ਹੈ।
ਕੁਰੂਕਸ਼ੇਤਰ ’ਚ ਬੋਲੇ PM ਮੋਦੀ: ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਨਹੀਂ ਛੱਡਿਆ ਧਰਮ ਅਤੇ ਸੱਚ ਦਾ ਰਸਤਾ
NEXT STORY