ਨਵੀਂ ਦਿੱਲੀ : ਦੇਸ਼ ਵਿੱਚ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਆਮ ਆਦਮੀ ਦੀ ਰਸੋਈ ਦਾ ਬਜਟ ਹੋਰ ਵਿਗੜਨ ਵਾਲਾ ਹੈ। ਮਦਰ ਡੇਅਰੀ (Mother Dairy) ਨੇ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਮਦਰ ਡੇਅਰੀ ਤੋਂ ਪਹਿਲਾਂ ਅਮੂਲ (Amul) ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਇੰਨਾ ਹੀ ਵਾਧਾ ਕਰਨ ਦਾ ਫੈਸਲਾ ਲਿਆ ਸੀ। ਦੋਵਾਂ ਕੰਪਨੀਆਂ ਦੀਆਂ ਇਹ ਨਵੀਆਂ ਕੀਮਤਾਂ 14 ਮਈ 2026 ਯਾਨੀ ਵੀਰਵਾਰ ਤੋਂ ਲਾਗੂ ਹੋ ਜਾਣਗੀਆਂ।
ਕਿਉਂ ਵਧੀਆਂ ਕੀਮਤਾਂ?
ਕੰਪਨੀਆਂ ਨੇ ਇਸ ਵਾਧੇ ਪਿੱਛੇ ਲਗਾਤਾਰ ਵਧ ਰਹੀ ਲਾਗਤ ਨੂੰ ਮੁੱਖ ਕਾਰਨ ਦੱਸਿਆ ਹੈ। ਮਦਰ ਡੇਅਰੀ ਅਨੁਸਾਰ, ਪਿਛਲੇ ਇੱਕ ਸਾਲ ਵਿੱਚ ਕਿਸਾਨਾਂ ਤੋਂ ਦੁੱਧ ਖਰੀਦਣ ਦੀ ਲਾਗਤ ਵਿੱਚ ਕਰੀਬ 6 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਪਸ਼ੂਆਂ ਦੇ ਚਾਰੇ, ਈਂਧਨ ਅਤੇ ਪੈਕੇਜਿੰਗ ਦੇ ਖਰਚੇ ਵਧਣ ਕਾਰਨ ਇਹ ਫੈਸਲਾ ਲੈਣਾ ਜ਼ਰੂਰੀ ਹੋ ਗਿਆ ਸੀ। ਕੰਪਨੀ ਨੇ ਸਪੱਸ਼ਟ ਕੀਤਾ ਕਿ ਉਹ ਆਪਣੀ ਕਮਾਈ ਦਾ ਲਗਭਗ 75 ਤੋਂ 80 ਫੀਸਦੀ ਹਿੱਸਾ ਕਿਸਾਨਾਂ ਨੂੰ ਭੁਗਤਾਨ ਕਰਦੀ ਹੈ, ਤਾਂ ਜੋ ਦੁੱਧ ਦੇ ਉਤਪਾਦਨ ਨੂੰ ਬਰਕਰਾਰ ਰੱਖਿਆ ਜਾ ਸਕੇ।
ਨਵੀਂਆਂ ਕੀਮਤਾਂ 'ਤੇ ਇੱਕ ਨਜ਼ਰ:
ਨਵੇਂ ਵਾਧੇ ਤੋਂ ਬਾਅਦ ਦੁੱਧ ਦੇ ਵੱਖ-ਵੱਖ ਵੇਰੀਐਂਟਸ ਦੀਆਂ ਕੀਮਤਾਂ ਹੇਠ ਲਿਖੇ ਅਨੁਸਾਰ ਹੋਣਗੀਆਂ:
- ਫੁੱਲ ਕਰੀਮ ਦੁੱਧ: 72 ਰੁਪਏ ਪ੍ਰਤੀ ਲੀਟਰ।
- ਟੋਨਡ ਮਿਲਕ: 58 ਰੁਪਏ ਤੋਂ ਵਧ ਕੇ 60 ਰੁਪਏ ਪ੍ਰਤੀ ਲੀਟਰ।
- ਡਬਲ ਟੋਨਡ ਦੁੱਧ: 54 ਰੁਪਏ ਪ੍ਰਤੀ ਲੀਟਰ।
- ਗਾਂ ਦਾ ਦੁੱਧ: 60 ਰੁਪਏ ਤੋਂ ਵਧ ਕੇ 62 ਰੁਪਏ ਪ੍ਰਤੀ ਲੀਟਰ।
- ਖੁੱਲ੍ਹਾ ਟੋਨਡ ਦੁੱਧ (ਟੋਕਨ ਮਿਲਕ): 58 ਰੁਪਏ ਪ੍ਰਤੀ ਲੀਟਰ।
ਬਜਟ 'ਤੇ ਪਵੇਗਾ ਅਸਰ
ਦੁੱਧ ਇੱਕ ਅਜਿਹੀ ਜ਼ਰੂਰੀ ਵਸਤੂ ਹੈ ਜੋ ਹਰ ਘਰ ਵਿੱਚ ਰੋਜ਼ਾਨਾ ਇਸਤੇਮਾਲ ਹੁੰਦੀ ਹੈ, ਇਸ ਲਈ ਕੀਮਤਾਂ ਵਿੱਚ ਹੋਏ ਇਸ ਵਾਧੇ ਦਾ ਸਿੱਧਾ ਅਸਰ ਆਮ ਲੋਕਾਂ ਦੇ ਘਰੇਲੂ ਬਜਟ 'ਤੇ ਪਵੇਗਾ। ਦੱਸ ਦੇਈਏ ਕਿ ਮਦਰ ਡੇਅਰੀ ਇਕੱਲੇ ਦਿੱਲੀ-ਐਨਸੀਆਰ ਖੇਤਰ ਵਿੱਚ ਰੋਜ਼ਾਨਾ ਲਗਭਗ 35 ਲੱਖ ਲੀਟਰ ਦੁੱਧ ਦੀ ਵਿਕਰੀ ਕਰਦੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਅਪ੍ਰੈਲ 2025 ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਸੀ।
ਬਰਗੀ ਡੈਮ ਹਾਦਸਾ: ਸਿਸਟਮ ਦੀ ਅਣਗਹਿਲੀ ਨੇ ਲਈਆਂ 13 ਜਾਨਾਂ!
NEXT STORY