ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸਿਰਾਥੂ ਰੇਲਵੇ ਸਟੇਸ਼ਨ 'ਤੇ ਐਤਵਾਰ ਸਵੇਰੇ ਵਾਪਰੇ ਇਕ ਬੇਹੱਦ ਭਿਆਨਕ ਹਾਦਸੇ ਦੌਰਾਨ ਟ੍ਰੇਨ ਦੀ ਲਪੇਟ ਵਿਚ ਆਉਣ ਕਾਰਨ ਇਕ ਔਰਤ ਅਤੇ ਉਸ ਦੀ ਮਾਸੂਮ ਬੇਟੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 32 ਸਾਲਾ ਬਾਨੋ ਅਤੇ ਉਸ ਦੀ 6 ਸਾਲਾ ਬੇਟੀ ਹਮੀਰਾ ਵਜੋਂ ਹੋਈ ਹੈ, ਜੋ ਕਿ ਗੌਸਪੁਰ ਨਵਾਨਵਾ ਪਿੰਡ ਦੀਆਂ ਰਹਿਣ ਵਾਲੀਆਂ ਸਨ।
ਇਹ ਹਾਦਸਾ ਦਿੱਲੀ-ਹਾਵੜਾ ਰੇਲ ਲਾਈਨ 'ਤੇ ਸਥਿਤ ਸਿਰਾਥੂ ਸਟੇਸ਼ਨ 'ਤੇ ਸਵੇਰੇ ਲਗਭਗ 8 ਵਜੇ ਵਾਪਰਿਆ। ਬਾਨੋ ਅਤੇ ਉਸ ਦੀ ਬੇਟੀ ਕਾਨਪੁਰ ਵਿਖੇ ਇਕ ਪਰਿਵਾਰਕ ਸਮਾਗਮ ਵਿਚ ਸ਼ਾਮਲ ਹੋਣ ਲਈ ਜਾ ਰਹੀਆਂ ਸਨ। ਟ੍ਰੇਨ ਫੜਨ ਲਈ ਰੇਲਵੇ ਪਟੜੀ ਪਾਰ ਕਰਦੇ ਸਮੇਂ ਉਹ ਪ੍ਰਯਾਗਰਾਜ-ਕਾਨਪੁਰ ਐਕਸਪ੍ਰੈਸ ਦੀ ਲਪੇਟ ਵਿਚ ਆ ਗਈਆਂ, ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਰੇਲਵੇ ਸੁਰੱਖਿਆ ਬਲ ਦੀ ਭਰਵਾਰੀ ਚੌਕੀ ਦੇ ਇੰਚਾਰਜ ਪ੍ਰਸ਼ਾਂਤ ਮਿਸ਼ਰਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਆਰ.ਪੀ.ਐੱਫ. ਦੇ ਜਵਾਨ ਮੌਕੇ 'ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲਿਆ। ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
PM ਮੋਦੀ ਨੇ ਹਰਿਆਣਾ ਦੇ CM ਸੈਣੀ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ
NEXT STORY