ਵੈੱਬ ਡੈਸਕ : ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਦੇ ਜਾਵਲਾ ਮੁਰਾਰ ਪਿੰਡ 'ਚ ਇੱਕ ਕਿਸਾਨ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਪਿੰਡ 'ਚ ਸੋਗ ਦਾ ਮਾਹੌਲ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਮਾਪਿਆਂ ਦੀਆਂ ਲਾਸ਼ਾਂ ਘਰ ਦੇ ਅੰਦਰੋਂ ਮਿਲੀਆਂ, ਜਦਕਿ ਉਨ੍ਹਾਂ ਦੇ ਦੋਨਾਂ ਪੁੱਤਰਾਂ ਦੀਆਂ ਲਾਸ਼ਾਂ ਨੇੜਲੀ ਰੇਲਵੇ ਲਾਈਨ ਤੋਂ ਬਰਾਮਦ ਹੋਈਆਂ। ਪੁਲਸ ਨੂੰ ਸ਼ੱਕ ਹੈ ਕਿ ਮਾਮਲਾ ਸਮੂਹਕ ਆਤਮਹੱਤਿਆ ਨਾਲ ਜੁੜਿਆ ਹੋ ਸਕਦਾ ਹੈ, ਹਾਲਾਂਕਿ ਅਸਲ ਕਾਰਨ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਪੁਲਸ ਅਨੁਸਾਰ ਸਵੇਰੇ ਕਰੀਬ ਅੱਠ ਵਜੇ ਇਸ ਘਟਨਾ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚੇ। ਜਾਂਚ ਦੌਰਾਨ 51 ਸਾਲਾ ਰਮੇਸ਼ ਸੋਨਾਜੀ ਲਾਖੇ ਤੇ ਉਨ੍ਹਾਂ ਦੀ 44 ਸਾਲਾ ਪਤਨੀ ਰਾਧਾਬਾਈ ਲਾਖੇ ਦੀਆਂ ਲਾਸ਼ਾਂ ਘਰ ਅੰਦਰ ਇੱਕ ਮੰਜੇ ’ਤੇ ਮਿਲੀਆਂ। ਇਸ ਤੋਂ ਬਾਅਦ ਜਦੋਂ ਨੇੜਲੇ ਇਲਾਕੇ ਦੀ ਤਲਾਸ਼ ਕੀਤੀ ਗਈ ਤਾਂ ਉਨ੍ਹਾਂ ਦੇ ਦੋਨਾਂ ਪੁੱਤਰਾਂ, 25 ਸਾਲਾ ਉਮੇਸ਼ ਅਤੇ 22 ਸਾਲਾ ਬਜਰੰਗ, ਦੀਆਂ ਲਾਸ਼ਾਂ ਰੇਲ ਪਟੜੀ ’ਤੇ ਮਿਲੀਆਂ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਨਜ਼ਰ 'ਚ ਇਹ ਲੱਗਦਾ ਹੈ ਕਿ ਦੋਵੇਂ ਨੌਜਵਾਨ ਤੇਜ਼ ਰਫ਼ਤਾਰ ਟ੍ਰੇਨ ਦੀ ਲਪੇਟ ਵਿੱਚ ਆਏ ਹੋ ਸਕਦੇ ਹਨ, ਪਰ ਇਸ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ। ਇਸ ਸਬੰਧੀ ਪੁਲਸ ਇੰਸਪੈਕਟਰ ਦੱਤਾਤ੍ਰੇ ਮੰਠਲੇ ਨੇ ਕਿਹਾ ਕਿ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਸਾਇੰਸ ਲੈਬ ਦੀ ਟੀਮ ਨੂੰ ਬੁਲਾਇਆ ਗਿਆ ਹੈ ਤੇ ਮੌਤ ਦੇ ਸਹੀ ਕਾਰਨਾਂ ਨੂੰ ਸਮਝਣ ਲਈ ਪੋਸਟਮਾਰਟਮ ਰਿਪੋਰਟ ਅਹਿਮ ਹੋਵੇਗੀ।
ਪੁਲਸ ਨੇ ਦੱਸਿਆ ਕਿ ਲਾਖੇ ਪਰਿਵਾਰ ਛੋਟੇ ਪੱਧਰ ’ਤੇ ਖੇਤੀ ਕਰਦਾ ਸੀ ਤੇ ਆਪਣੀ ਜੀਵਿਕਾ ਲਈ ਖੇਤੀ ’ਤੇ ਹੀ ਨਿਰਭਰ ਸੀ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਆਰਥਿਕ ਤੰਗੀ, ਕਰਜ਼ੇ ਜਾਂ ਕਿਸੇ ਹੋਰ ਘਰੇਲੂ ਸਮੱਸਿਆ ਕਾਰਨ ਇਹ ਕਦਮ ਚੁੱਕਿਆ ਗਿਆ। ਗੁਆਂਢੀਆਂ ਤੇ ਪਿੰਡ ਵਾਸੀਆਂ ਨੇ ਪਰਿਵਾਰ ਨੂੰ ਮਿਹਨਤੀ ਅਤੇ ਸ਼ਾਂਤ ਸੁਭਾਅ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਛੋਟੀ ਜ਼ਮੀਨ ’ਤੇ ਖੇਤੀ ਕਰਕੇ ਜੀਵਨ ਗੁਜ਼ਾਰਾ ਕਰ ਰਿਹਾ ਸੀ।
ਨਾਂਦੇੜ ਗ੍ਰਾਮੀਣ ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਪਰਿਵਾਰ ਵੱਲੋਂ ਕੋਈ ਆਖ਼ਰੀ ਸੁਨੇਹਾ ਜਾਂ ਨੋਟ ਛੱਡਿਆ ਗਿਆ ਸੀ। ਲਾਖੇ ਪਰਿਵਾਰ 'ਚ ਕੁੱਲ ਚਾਰ ਹੀ ਮੈਂਬਰ ਸਨ ਤੇ ਇਸ ਘਟਨਾ ਨਾਲ ਪੂਰਾ ਪਰਿਵਾਰ ਖ਼ਤਮ ਹੋ ਗਿਆ ਹੈ।
ਦੱਸਿਆ ਗਿਆ ਹੈ ਕਿ ਉਮੇਸ਼ ਲਾਖੇ ਮਨਸੇ ਮੁਧਖੇੜ ਦੇ ਸਾਬਕਾ ਤਹਿਸੀਲ ਉਪ ਪ੍ਰਧਾਨ ਰਹਿ ਚੁੱਕੇ ਸਨ ਅਤੇ ਸਮਾਜਿਕ ਸਰਗਰਮੀਆਂ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਂਦੇ ਰਹੇ। ਇਸ ਕਾਰਨ ਇਹ ਘਟਨਾ ਹੋਰ ਵੀ ਹੈਰਾਨ ਕਰਨ ਵਾਲੀ ਬਣ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਅਬਿਨਾਸ਼ ਕੁਮਾਰ, ਡੀਐੱਸਪੀ ਅਰਚਨਾ ਪਾਟਿਲ ਤੇ ਹੋਰ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸਬੰਧੀ ਲੋੜੀਂਦੇ ਨਿਰਦੇਸ਼ ਜਾਰੀ ਕੀਤੇ।
ਕੁਮਾਰ ਨੇ ਕਿਹਾ ਕਿ ਪਹਿਲੀ ਨਜ਼ਰ ਵਿੱਚ ਮਾਮਲਾ ਆਰਥਿਕ ਹਾਲਾਤਾਂ ਨਾਲ ਜੁੜਿਆ ਲੱਗ ਸਕਦਾ ਹੈ, ਪਰ ਕਿਸੇ ਨਤੀਜੇ ’ਤੇ ਪਹੁੰਚਣ ਤੋਂ ਪਹਿਲਾਂ ਹਰ ਪੱਖੋਂ ਗਹਿਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਪੋਸਟਮਾਰਟਮ ਅਤੇ ਫੋਰੈਂਸਿਕ ਰਿਪੋਰਟਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਅਟਲ ਜੀ ਦੀ 101ਵੀਂ ਜਯੰਤੀ 'ਤੇ ਵੱਡਾ ਤੋਹਫ਼ਾ: PM ਮੋਦੀ ਵੱਲੋਂ ਲਖਨਊ 'ਚ 'ਰਾਸ਼ਟਰ ਪ੍ਰੇਰਨਾ ਸਥਲ' ਦਾ ਉਦਘਾਟਨ
NEXT STORY