ਨਵੀਂ ਦਿੱਲੀ— ਕਾਂਗਰਸ 5 ਨਵੰਬਰ ਤੋਂ 15 ਨਵੰਬਰ 2019 ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਵਿਰੁੱਧ ਦੇਸ਼ਵਿਆਪੀ ਪ੍ਰਦਰਸ਼ਨ ਕਰਨ ਜਾ ਰਹੀ ਹੈ। ਕਾਂਗਰਸ ਨੇਤਾ ਕੇ.ਸੀ. ਵੇਨੂੰਗੋਪਾਲ ਨੇ ਪ੍ਰੈੱਸ ਨੋਟ ਜਾਰੀ ਕਰ ਕੇ ਦੱਸਿਆ ਹੈ ਕਿ ਕਾਂਗਰਸ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਅਤੇ ਜ਼ਿਲਾ ਹੈੱਡ ਕੁਆਰਟਰਾਂ 'ਤੇ ਆਰਥਿਕ ਮੰਦੀ, ਬੇਰੋਜ਼ਗਾਰੀ, ਮਹਿੰਗਾਈ, ਬੈਕਿੰਗ ਸੰਕਟ ਅਤੇ ਕਿਸਾਨਾਂ ਦੇ ਮੁੱਦਿਆਂ 'ਤੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰੇਗੀ। ਲੋਕ ਸਭਾ ਚੋਣਾਂ 'ਚ ਮਿਲੀ ਹਾਰ ਅਤੇ ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ ਠੰਡੀ ਪਈ ਕਾਂਗਰਸ 'ਚ ਅੰਤਰਿਮ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਜਾਨ ਫੂਕੀ ਹੈ। ਇਸ ਤੋਂ ਪਹਿਲਾਂ ਵੀ ਜਾਣਕਾਰੀ ਆਈ ਸੀ ਕਿ ਕਾਂਗਰਸ ਅਕਤੂਬਰ ਮਹੀਨੇ 'ਚ ਮੋਦੀ ਸਰਕਾਰ ਵਿਰੁੱਧ ਦੇਸ਼ਵਿਆਪੀ ਪ੍ਰਦਰਸ਼ਨ ਕਰੇਗੀ ਪਰ ਬਾਅਦ 'ਚ ਪਾਰਟੀ ਨੇਤਾਵਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ।
ਕਾਂਗਰਸ ਦਾ ਸੋਸ਼ਲ ਮੀਡੀਆ 'ਤੇ ਉੱਡਿਆ ਸੀ ਮਜ਼ਾਕ
ਉਸ ਦੌਰਾਨ ਕਾਂਗਰਸ ਪਾਰਟੀ ਦਾ ਸੋਸ਼ਲ ਮੀਡੀਆ 'ਤੇ ਮਜ਼ਾਕ ਉਡਾਇਆ ਗਿਆ ਸੀ। ਮੋਦੀ-2.0 ਸਰਕਾਰ ਦੇ ਗਠਨ ਤੋਂ ਬਾਅਦ ਕਾਂਗਰਸ ਨੇ ਬਤੌਰ ਪ੍ਰਮੁੱਖ ਵਿਰੋਧੀ ਪਾਰਟੀ ਦਾ ਧਰਮ ਨਹੀਂ ਨਿਭਾਇਆ ਹੈ। ਇਸ ਮਹੀਨੇ ਹੋਈਆਂ 2 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਕਾਂਗਰਸ ਨੇ ਮੋਦੀ ਸਰਕਾਰ ਵਿਰੁੱਧ ਹੱਲਾ ਨਹੀਂ ਬੋਲਿਆ ਸੀ। ਫਿਲਹਾਲ 5 ਨਵੰਬਰ ਤੋਂ 15 ਨਵੰਬਰ ਤੱਕ ਹੋਣ ਵਾਲੇ ਦੇਸ਼ਵਿਆਪੀ ਪ੍ਰਦਰਸ਼ਨ ਲਈ ਕਾਂਗਰਸ ਹਾਈ ਕਮਾਨ ਨੇ ਸਾਰੇ ਪ੍ਰਦੇਸ਼ ਪ੍ਰਧਾਨਾਂ, ਸੀ.ਐੱਲ.ਪੀ. ਨੇਤਾਵਾਂ ਅਤੇ ਏ.ਆਈ.ਸੀ.ਸੀ. ਦੇ ਸੀਨੀਅਰ ਮੈਂਬਰਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ। ਇਸ ਦੌਰਾਨ ਪਾਰਟੀ ਵਰਕਰ ਅਤੇ ਵਲੰਟੀਅਰਜ਼ ਇਨ੍ਹਾਂ ਮੁੱਦਿਆਂ ਨੂੰ ਚੁੱਕਣਗੇ ਅਤੇ ਕੇਂਦਰ ਸਰਕਾਰ ਅਤੇ ਭਾਜਪਾ ਵਿਰੁੱਧ ਪ੍ਰਦਰਸ਼ਨ ਕਰਨਗੇ। ਅੰਤਰਿਮ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਾਰੇ ਏ.ਆਈ.ਸੀ.ਸੀ. ਸਕੱਤਰ, ਪ੍ਰਦੇਸ਼ ਪ੍ਰਧਾਨ ਅਤੇ ਮੋਹਰੀ ਸੰਗਠਨਾਂ ਅਤੇ ਵਿਭਾਗਾਂ ਦੇ ਮੁਖੀਆ ਨਾਲ 2 ਨਵੰਬਰ ਨੂੰ ਬੈਠਕ ਆਯੋਜਿਤ ਕੀਤੀ ਹੈ। ਉਸ ਬੈਠਕ 'ਚ ਸੋਨੀਆ ਖੁਦ ਸਾਰੇ ਨੇਤਾਵਾਂ ਨੂੰ ਦੇਸ਼ਵਿਆਪੀ ਪ੍ਰਦਰਸ਼ਨ ਲਈ ਮਾਰਗ ਦਰਸ਼ਨ ਕਰੇਗੀ।
ਰਾਹੁਲ ਇਕ ਹਫ਼ਤੇ ਦੇ ਦੌਰੇ ਲਈ ਵਿਦੇਸ਼ ਗਏ
ਸਾਬਕਾ ਰਾਹੁਲ ਗਾਂਧੀ ਦੇ ਅਸਤੀਫੇ ਦੇ ਬਾਅਦ ਤੋਂ ਹੀ ਪਾਰਟੀ 'ਚ ਵਰਕਰਾਂ ਦਾ ਜੋਸ਼ ਠੰਡਾ ਪਿਆ ਸੀ। ਰਾਹੁਲ ਗਾਂਧੀ ਦੇ ਪ੍ਰਧਾਨ ਅਹੁਦਾ ਛੱਡਣ ਨਾਲ ਜ਼ਿਆਦਾਤਰ ਨੌਜਵਾਨ ਵਰਕਰਾਂ ਦਾ ਉਤਸ਼ਾਹ ਘੱਟ ਹੋਇਆ ਸੀ। ਹੁਣ ਸੋਨੀਆ ਗਾਂਧੀ ਨੇ ਖੁਦ ਪਾਰਟੀ 'ਚ ਜਾਨ ਫੂਕਣ ਲਈ ਜ਼ਿੰਮੇਵਾਰੀ ਚੁੱਕੀ ਹੈ। ਇਕ ਪਾਸੇ ਕਾਂਗਰਸ ਦੇਸ਼ ਭਰ 'ਚ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੀ ਹੈ, ਦੂਜੇ ਪਾਸੇ ਰਾਹੁਲ ਗਾਂਧੀ ਵਿਦੇਸ਼ ਦੌਰੇ 'ਤੇ ਚੱਲੇ ਗਏ ਹਨ। ਸੂਤਰਾਂ ਅਨੁਸਾਰ ਰਾਹੁਲ ਗਾਂਧੀ ਸੋਮਵਾਰ ਨੂੰ ਇਕ ਹਫ਼ਤੇ ਦੇ ਦੌਰੇ ਲਈ ਵਿਦੇਸ਼ ਨਿਕਲ ਗਏ। 2 ਨਵੰਬਰ ਨੂੰ ਹੋਣ ਵਾਲੀ ਬੈਠਕ 'ਚ ਉਹ ਸ਼ਾਮਲ ਨਹੀਂ ਹੋਣਗੇ। ਹਾਲਾਂਕਿ ਉਹ ਇਸੇ ਹਫ਼ਤੇ ਭਾਰਤ ਵਾਪਸ ਜਾਣਗੇ ਅਤੇ 5 ਨਵੰਬਰ ਤੋਂ ਉਹ ਕਾਂਗਰਸ ਦੇ ਦੇਸ਼ਵਿਆਪੀ ਪ੍ਰਦਰਸ਼ਨ 'ਚ ਸ਼ਾਮਲ ਹੋਣਗੇ।
ਇੰਦਰਾ ਗਾਂਧੀ ਬਰਸੀ : ਸੋਨੀਆ ਤੇ ਮਨਮੋਹਨ ਸਿੰਘ ਸਮੇਤ ਇਨ੍ਹਾਂ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
NEXT STORY