ਗ੍ਰੇਟਰ ਨੋਇਡਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਦੇ ਕਾਨਫਰੰਸ ਆਫ ਦਿ ਪਾਰਟੀਜ਼ ਯਾਨੀ ਕਾਪ ਦੇ 14ਵੇਂ ਸੈਸ਼ਨ ਨੂੰ ਸੰਬੋਧਨ ਕੀਤਾ। ਇਹ ਸੈਸ਼ਨ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦੇ ਇੰਡੀਆ ਮਾਰਟ ਐਂਡ ਐਕਸਪੋ 'ਚ ਆਯੋਜਿਤ ਹੋ ਰਿਹਾ ਹੈ। ਇਸ ਦੌਰਾਨ ਜਲਵਾਯੂ ਤਬਦੀਲੀ, ਜੈਵ ਵਿਭਿੰਨਤਾ ਅਤੇ ਵਧਦੇ ਰੇਗਿਸਤਾਨ 'ਤੇ ਚਿੰਤਨ ਕੀਤਾ ਜਾ ਰਿਹਾ ਹੈ। ਕਾਪ 14 ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਸੰਸਕਾਰਾਂ 'ਚ ਧਰਤੀ ਪਵਿੱਤਰ ਹੈ, ਹਰ ਸਵੇਰ ਜ਼ਮੀਨ 'ਤੇ ਪੈਰ ਰੱਖਣ ਤੋਂ ਪਹਿਲਾਂ ਅਸੀਂ ਧਰਤੀ ਤੋਂ ਮੁਆਫ਼ੀ ਮੰਗਦੇ ਹਾਂ। ਪੀ.ਐੱਮ. ਬੋਲੇ ਕਿ ਅੱਜ ਦੁਨੀਆ 'ਚ ਲੋਕਾਂ ਨੂੰ ਕਲਾਈਮੇਟ ਚੇਂਜ ਦੇ ਮਸਲੇ 'ਤੇ ਨਕਾਰਾਤਮਕ ਸੋਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਸਮੁੰਦਰਾਂ ਦਾ ਜਲ ਪੱਧਰ ਵਧ ਰਿਹਾ ਹੈ, ਬਾਰਸ਼, ਹੜ੍ਹ ਅਤੇ ਤੂਫਾਨ ਹਰ ਜਗ੍ਹਾ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਪਾਣੀ ਬਚਾਉਣ ਦੇ ਮਸਲੇ 'ਤੇ ਇਕ ਸੈਮੀਨਰ ਬੁਲਾਉਣ ਦੀ ਲੋੜ
ਮੋਦੀ ਨੇ ਕਿਹਾ ਕਿ ਭਾਰਤ ਨੇ ਇਸ ਮਸਲੇ 'ਤੇ ਤਿੰਨ ਵੱਡੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਹੈ, ਇਸ ਨਾਲ ਸਾਡੀਆਂ ਕੋਸ਼ਿਸ਼ਾਂ ਬਾਰੇ ਦੁਨੀਆ ਨੂੰ ਪਤਾ ਲੱਗਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਜਲਵਾਯੂ ਤਬਦੀਲੀ, ਜੈਵ ਵਿਭਿੰਨਤਾ ਅਤੇ ਜ਼ਮੀਨ ਪਤਨ ਦੇ ਮਸਲੇ 'ਤੇ ਦੁਨੀਆ 'ਚ ਕਈ ਕਦਮ ਚੁੱਕਣ ਨੂੰ ਤਿਆਰ ਹਾਂ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਦੁਨੀਆ 'ਚ ਪਾਣੀ ਦੀ ਸਮੱਸਿਆ ਕਾਫ਼ੀ ਵਧੀ ਹੈ। ਦੁਨੀਆ ਨੂੰ ਅੱਜ ਪਾਣੀ ਬਚਾਉਣ ਦੇ ਮਸਲੇ 'ਤੇ ਇਕ ਸੈਮੀਨਾਰ ਬੁਲਾਉਣ ਦੀ ਲੋੜ ਹੈ, ਜਿੱਥੇ ਇਨ੍ਹਾਂ ਮਸਲਿਆਂ ਦਾ ਹੱਲ ਕੱਢਿਆ ਜਾ ਸਕੇ। ਭਾਰਤ ਪਾਣੀ ਬਚਾਉਣ, ਪਾਣੀ ਦੀ ਸਹੀ ਵਰਤੋਂ ਕਰਨ ਵੱਲ ਕਦਮ ਵਧਾ ਚੁਕਿਆ ਹੈ। ਮੋਦੀ ਨੇ ਕਿਹਾ ਕਿ ਭਾਰਤ ਨੇ ਗ੍ਰੀਨ ਕਵਰ (ਦਰੱਖਤਾਂ ਦੀ ਗਿਣਤੀ) ਨੂੰ ਵਧਾਇਆ, 2015-17 ਦਰਮਿਆਨ ਭਾਰਤ ਦਾ ਜੰਗਲ ਦਾ ਏਰੀਆ ਵਧਿਆ ਹੈ।
ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵੱਲ ਵਧ ਰਹੀ ਹੈ
ਪ੍ਰੋਗਰਾਮ 'ਚ ਮੋਦੀ ਨੇ ਕਿਹਾ ਕਿ ਹਾਲੇ ਅਸੀਂ ਹੋਰ ਵੀ ਜੰਗਲ ਦੇ ਹਿੱਸੇ ਨੂੰ ਵਧਾਉਣ ਲਈ ਅੱਗੇ ਵਧ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵੱਲ ਵਧ ਰਹੀ ਹੈ, ਇਸ 'ਚ ਵੱਖ-ਵੱਖ ਤਰੀਕਿਆਂ ਨਾਲ ਖੇਤੀ ਸਿਖਾਈ ਜਾ ਰਹੀ ਹੈ। ਪਾਣੀ ਦੀ ਸਮੱਸਿਆ ਨੂੰ ਲੈ ਕੇ ਅਸੀਂ ਵੱਖ ਮੰਤਰਾਲੇ ਬਣਾਇਆ ਹੈ ਤਾਂ ਕਿ ਸਾਰਿਆਂ ਦਾ ਹੱਲ ਕੀਤਾ ਜਾ ਸਕੇ। ਇੰਨਾ ਹੀ ਨਹੀਂ ਮੋਦੀ ਨੇ ਕਿਹਾ ਕਿ ਭਾਰਤ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਵੱਲ ਵਧ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਨੂੰ ਜਲਦ ਹੀ ਸਿੰਗਲ ਯੂਜ਼ ਪਲਾਸਟਿਕ 'ਤੇ ਰੋਕ ਲਗਾਉਣੀ ਹੋਵੇਗੀ। ਭਾਰਤ ਨੇ ਸਵੱਛ ਭਾਰਤ ਮਿਸ਼ਨ ਦੇ ਅਧੀਨ ਕਾਫ਼ੀ ਸਫ਼ਲਤਾ ਪਾਈ ਹੈ। ਅੱਜ ਭਾਰਤ 'ਚ ਟਾਇਲਟਾਂ ਦੀ ਗਿਣਤੀ 38 ਤੋਂ 99 ਫੀਸਦੀ ਤੱਕ ਪਹੁੰਚੀ ਹੈ।
2030 ਤੱਕ ਬੰਜਰ ਜ਼ਮੀਨ ਹੋਵੇਗੀ ਉਪਜਾਊ
ਮੋਦੀ ਨੇ ਐਲਾਨ ਕੀਤਾ ਕਿ ਭਾਰਤ ਆਉਣ ਵਾਲੇ ਸਮੇਂ 'ਚ ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣ ਵੱਲ ਕਦਮ ਵਧਾ ਰਿਹਾ ਹੈ, ਭਾਰਤ 21 ਮਿਲੀਅਨ ਹੈਟਕੇਅਰਜ਼ ਤੋਂ ਲੈ ਕੇ 26 ਮਿਲੀਅਨ ਹੈਕਟੇਅਰਜ਼ ਬੰਜਰ ਜ਼ਮੀਨ ਨੂੰ 2030 ਤੱਕ ਉਪਜਾਊ ਕਰੇਗਾ। ਇਸ ਸੰਮੇਲਨ 'ਚ ਕਰੀਬ 80 ਦੇਸ਼ਾਂ ਦੇ ਮੰਤਰੀ, ਵਿਗਿਆਨੀ ਅਤੇ ਸੋਇਮ ਸੇਵੀ ਸੰਸਥਾਵਾਂ ਸ਼ਾਮਲ ਹੋ ਰਹੀਆਂ ਹਨ। ਦੇਸ਼ ਅਤੇ ਦੁਨੀਆ 'ਚ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਉਪਾਵਾਂ ਨੂੰ ਵਿਸ਼ਵ ਮੰਚ 'ਤੇ ਸਾਂਝਾ ਕੀਤਾ ਜਾਵੇਗਾ।
ਇਸ ਵਾਰ ਭਾਰਤ ਨੂੰ ਮਿਲੀ ਕਾਪ-14 ਦੀ ਮੇਜ਼ਬਾਨੀ
ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਦੌਰਾਨ ਜਲਵਾਯੂ ਤਬਦੀਲੀ ਦੇ ਮਸਲੇ 'ਤੇ ਭਾਰਤ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਦੱਸਿਆ। ਭਾਰਤ ਕਿਸ ਤਰ੍ਹਾਂ ਈ-ਵ੍ਹੀਕਲ ਨੂੰ ਸਪੋਰਟ ਕਰ ਰਿਹਾ ਹੈ, ਇਸ 'ਤੇ ਵੀ ਗੱਲ ਰੱਖੀ। ਇਸ ਪ੍ਰੋਗਰਾਮ 'ਚ ਸੇਂਟ ਵਿਸੇਂਟ ਦੇ ਪ੍ਰਧਾਨ ਮੰਤਰੀ ਵੀ ਮੌਜੂਦ ਰਹੇ। ਕਾਨਫਰੰਸ ਆਫ ਦਿ ਪਾਰਟੀਜ਼ ਦੀ ਮੇਜ਼ਬਾਨੀ ਇਸ ਵਾਰ ਭਾਰਤ ਨੂੰ ਮਿਲੀ ਹੈ।
13 ਸਤੰਬਰ ਤੱਕ ਚੱਲੇਗਾ ਕਾਪ-14
2 ਸਤੰਬਰ ਤੋਂ ਸ਼ੁਰੂ ਹੋਏ ਕਾਪ-14 'ਚ ਹਾਲੇ ਤੱਕ ਦੁਨੀਆ ਭਰ ਦੇ ਵਿਗਿਆਨੀ, ਮਾਹਰ ਮੁੱਦਿਆਂ 'ਤੇ ਆਪਣੇ-ਆਪਣੇ ਦੇਸ਼ ਦੀਆਂ ਚਿੰਤਾਵਾਂ, ਸਮੱਸਿਆਵਾਂ ਉਨ੍ਹਾਂ ਨਾਲ ਨਜਿੱਠਣ ਲਈ ਹੋਏ ਉਪਾਅ ਅਤੇ ਅਨੁਭਾਵਾਂ ਨੂੰ ਸਾਂਝਾ ਕਰ ਚੁਕੇ ਹਨ। 13 ਸਤੰਬਰ ਤੱਕ ਚੱਲਣ ਵਾਲੇ ਕਾਪ-14 ਤੋਂ ਜਲਵਾਯੂ ਤਬਦੀਲੀ, ਜੈਵ ਵਿਭਿੰਨਤਾ, ਰੇਗਿਸਤਾਨ ਵਰਗੀ ਵਿਸ਼ਵ ਵਿਆਪਕ ਸਮੱਸਿਆ ਦਾ ਸਾਹਮਣਾ ਕਰਨ ਲਈ ਅਜਿਹਾ ਰੋਡ ਮੈਪ ਸਾਹਮਣੇ ਆ ਸਕਦਾ ਹੈ। ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਸੁਰੱਖਿਅਤ ਬਣੀ ਰਹੇ।
ਮੋਦੀ ਨੂੰ ਮਿਲਿਆ ਸੀ ਚੈਂਪੀਅਨਜ਼ ਆਫ ਅਰਥ ਦਾ ਐਵਾਰਡ
ਦੱਸਣਯੋਗ ਹੈ ਕਿ ਵਾਤਾਵਰਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਦੁਨੀਆ ਭਰ 'ਚ ਹੁੰਦੀ ਆਈ ਹੈ। ਹਾਲ ਹੀ 'ਚ ਮੋਦੀ ਨੂੰ ਚੈਂਪੀਅਨਜ਼ ਆਫ ਅਰਥ ਦਾ ਐਵਾਰਡ ਵੀ ਮਿਲਿਆ ਸੀ।
PM ਮੋਦੀ ਦੀ ਲੋਕਪ੍ਰਿਅਤਾ ਦਾ ਡੰਕਾ, ਟਵਿੱਟਰ 'ਤੇ ਪ੍ਰਸ਼ੰਸਕਾਂ ਦੀ ਵਧੀ ਗਿਣਤੀ
NEXT STORY