ਨਵੀਂ ਦਿੱਲੀ— ਸਰਕਾਰ ਕਿਸਾਨਾਂ ਦਾ ਡਾਟਾ ਬੈਂਕ ਜਲਦ ਤਿਆਰ ਕਰੇਗੀ, ਜਿਸ ਨਾਲ ਮਿੱਟੀ ਦੀ ਜਾਂਚ, ਹੜ੍ਹ ਦੀ ਚਿਤਾਵਨੀ, ਸੈਟੇਲਾਈਟ ਦੀਆਂ ਤਸਵੀਰਾਂ, ਜ਼ਮੀਨ ਦਾ ਮਾਲੀਆ ਰਿਕਾਰਡ ਆਦਿ ਦੀ ਜਾਣਕਾਰੀ ਘਰ ਬੈਠੇ ਮਿਲੇਗੀ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ਨੀਵਾਰ ਨੂੰ ਕਿਹਾ ਕਿ ਕਿਸਾਨਾਂ ਅਤੇ ਖੇਤੀ ਖੇਤਰ ਨੂੰ ਖ਼ੁਸ਼ਹਾਲ ਬਣਾਉਣ ਲਈ ਕੇਂਦਰ ਸਰਕਾਰ ਹਰ ਕੋਸ਼ਿਸ਼ ਕਰ ਰਹੀ ਹੈ। ਇਸ ਦਿਸ਼ਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਮਹੱਤਵਪੂਰਨ ਕਦਮ ਚੁੱਕੇ ਗਏ ਹਨ, ਜਿਨ੍ਹਾਂ ਦਾ ਫਾਇਦਾ ਕਿਸਾਨਾਂ ਨੂੰ ਮਿਲਣਾ ਸ਼ੁਰੂ ਵੀ ਹੋ ਗਿਆ ਹੈ। ਸਰਕਾਰ ਆਧੁਨਿਕ ਤਕਨਾਲੋਜੀ ਦੇ ਜ਼ਰੀਏ ਕਿਸਾਨਾਂ ਨੂੰ ਫਾਇਦਾ ਪਹੁੰਚਾ ਰਹੀ ਹੈ।
ਤੋਮਰ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਕਿਸਾਨਾਂ ਦੀ ਮਾਲੀ ਹਾਲਤ ਸੁਧਰੇ, ਖੇਤੀ ਖੇਤਰ ਫਾਇਦੇ ਵਿਚ ਆਉਣ ਅਤੇ ਨਵੀਂ ਪੀੜ੍ਹੀ ਖੇਤੀ ਵੱਲ ਆਕਰਸ਼ਿਤ ਹੋਵੇ। ਸਾਡੇ ਪਿੰਡ ਅਤੇ ਖੇਤੀ ਖੇਤਰ ਵਰ੍ਹਿਆਂ ਤੋਂ ਇਸ ਦੇਸ਼ ਦੀ ਤਾਕਤ ਰਹੇ ਹਨ, ਜਿਨ੍ਹਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਸਰਕਾਰ ਪੂਰੀ ਤਰ੍ਹਾਂ ਧਿਆਨ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕੜੀ ਵਿਚ ਆਤਮ ਨਿਰਭਰ ਭਾਰਤ ਮੁਹਿੰਮ ਅਧੀਨ ਇਕ ਲੱਖ ਕਰੋੜ ਰੁਪਏ ਦੇ ਖੇਤੀ ਬੁਨਿਆਦੀ ਢਾਂਚਾ ਫੰਡ ਦੀ ਇਤਿਹਾਸਕ ਸ਼ੁਰੂਆਤ ਹੋ ਚੁੱਕੀ ਹੈ। ਇਸ ਦਾ ਇਸਤੇਮਾਲ ਪਿੰਡਾਂ 'ਚ ਖੇਤੀਬਾੜੀ ਬਣਤਰ ਤਿਆਰ ਕਰਨ 'ਚ ਕੀਤਾ ਜਾਵੇਗਾ। ਇਸ ਫੰਡ ਤੋਂ ਕੋਲਡ ਸਟੋਰੇਜ਼, ਵੇਅਰ ਹਾਊਸ, ਸਾਇਲੋ, ਗ੍ਰੇਡਿੰਗ ਅਤੇ ਪੈਕਜਿੰਗ ਯੂਨਿਟਸ ਲਾਉਣ ਲਈ ਲੋਨ ਦਿੱਤਾ ਜਾਵੇਗਾ।
ਤੋਮਰ ਨੇ ਅੱਗੇ ਕਿਹਾ ਕਿ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਨਾਲ ਹੀ ਨੌਜਵਾਨਾਂ ਨੂੰ ਖੇਤੀ ਵੱਲ ਆਕਰਸ਼ਿਤ ਕਰਨ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਕਿਸਾਨਾਂ ਦੀ ਮਾਲੀ ਹਾਲਤ ਸੁਧਾਰਨ ਲਈ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਪੀ. ਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਵਿਚ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਦੀ ਮਦਦ ਸਿੱਧੇ ਉਨ੍ਹਾਂ ਦੇ ਖ਼ਾਤਿਆਂ ਵਿਚ ਦਿੱਤੀ ਜਾਂਦੀ ਹੈ। ਅਜੇ ਤੱਕ ਲੱਗਭਗ ਸਾਢੇ 10 ਕਰੋੜ ਕਿਸਾਨਾਂ ਨੂੰ ਲੱਗਭਗ 1 ਲੱਖ ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।
ਜਾਣੋ ਦੇਸ਼ ਭਰ ਦੇ ਟੋਲ ਪਲਾਜ਼ਾ ਦੇ ਤਾਜ਼ਾ ਹਾਲਾਤ, ਕਿੱਥੇ ਲੱਗਾ ਹੈ ਜਾਮ ਤੇ ਕਿੱਥੋਂ ਨਿਕਲਣਾ ਆਸਾਨ
NEXT STORY