ਜਲੰਧਰ/ਨਵੀਂ ਦਿੱਲੀ- ਭਾਰਤ ’ਚ ਪੌਣ-ਪਾਣੀ ’ਚ ਆਏ ਬਦਲਾਅ ਕਾਰਨ ਆ ਰਹੀਆਂ ਆਫ਼ਤਾਂ ਕਾਰਨ ਰੋਜ਼ਾਨਾ ਔਸਤਨ 3059 ਬੱਚਿਆਂ ਨੂੰ ਘਰ ਛੱਡਣਾ ਪੈ ਰਿਹਾ ਹੈ। ਇਨ੍ਹਾਂ ਆਫ਼ਤਾਂ ’ਚ ਹੜ੍ਹ, ਸੋਕਾ ਅਤੇ ਤੂਫ਼ਾਨ ਸ਼ਾਮਲ ਹਨ। ਇਸ ਸਬੰਧੀ ਯੂਨੀਸੇਫ ਵੱਲੋਂ ਜਾਰੀ ਅੰਕੜਿਆਂ ਦੀ ਮੰਨੀਏ ਤਾਂ ਦੇਸ਼ ’ਚ 2016 ਤੋਂ 2021 ਦਰਮਿਆਨ 67 ਲੱਖ ਬੱਚਿਆਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਦੂਜੀਆਂ ਸੁਰੱਖਿਅਤ ਥਾਵਾਂ ’ਤੇ ਸ਼ਰਣ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਕੌਮਾਂਤਰੀ ਤਾਪਮਾਨ ’ਚ ਹੋ ਰਿਹਾ ਵਾਧਾ ਆਪਣੇ ਸਿਖਰ ’ਤੇ ਪਹੁੰਚ ਰਿਹਾ ਹੈ। ਸਥਿਤੀ ਪਹਿਲਾਂ ਨਾਲੋਂ ਵੀ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ।
ਇਹ ਵੀ ਪੜ੍ਹੋ- 10ਵੀਂ ਅਤੇ 12ਵੀਂ ਦੇ ਬੋਰਡ ਇਮਤਿਹਾਨਾਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਦਾ ਵੱਡਾ ਬਿਆਨ
ਤੂਫਾਨ ਅਮਫਾਨ ਕਾਰਨ 50 ਲੱਖ ਲੋਕ ਹੋਏ ਬੇਘਰ
ਇਹ ਜਾਣਕਾਰੀ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਵੱਲੋਂ ਜਾਰੀ ਨਵੀਂ ਰਿਪੋਰਟ ‘ਚਿਲਡਰਨ ਡਿਸਪਲੇਸਡ ਇਨ ਏ ਚੇਂਜਿੰਗ ਕਲਾਈਮੇਟ’ ’ਚ ਸਾਹਮਣੇ ਆਈ ਹੈ। ਡਾਊਨ ਟੂ ਅਰਥ ’ਚ ਯੂਨੀਸੇਫ ਦੀ ਇਸ ਰਿਪੋਰਟ ਦੇ ਹਵਾਲਾ ਨਾਲ ਕਿਹਾ ਗਿਆ ਹੈ ਕਿ 2020 ’ਚ ਆਏ ਚੱਕਰਵਾਤੀ ਤੂਫਾਨ ਅਮਫਾਨ ਕਾਰਨ ਬੰਗਲਾਦੇਸ਼, ਭੂਟਾਨ, ਭਾਰਤ ਅਤੇ ਮਿਆਂਮਾਰ ’ਚ ਕਰੀਬ 50 ਲੱਖ ਲੋਕਾਂ ਨੂੰ ਬੇਘਰ ਹੋਣਾ ਪਿਆ ਸੀ। ਰਿਪੋਰਟ ਦੀ ਮੰਨੀਏ ਤਾਂ ਫਿਲੀਪੀਨਜ਼ ਤੋਂ ਬਾਅਦ ਭਾਰਤ ਅਜਿਹਾ ਦੂਜਾ ਦੇਸ਼ ਹੈ, ਜਿੱਥੇ ਇਨ੍ਹਾਂ 6 ਸਾਲਾਂ ’ਚ ਸਭ ਤੋਂ ਵੱਧ ਬੱਚੇ ਬੇਘਰ ਹੋਏ ਹਨ। ਜ਼ਿਕਰਯੋਗ ਹੈ ਕਿ ਇਸ ਦੌਰਾਨ ਫਿਲੀਪੀਨਜ਼ ’ਚ 97 ਲੱਖ ਬੱਚੇ ਬੇਘਰ ਹੋਏ ਸਨ। ਉਥੇ ਹੀ ਚੀਨ ’ਚ ਬੇਘਰ ਬੱਚਿਆਂ ਦਾ ਇਹ ਅੰਕੜਾ 64 ਲੱਖ ਦਰਜ ਕੀਤਾ ਗਿਆ ਸੀ। ਚਿੰਤਾ ਦੀ ਗੱਲ ਹੈ ਕਿ 6ਸਾਲਾਂ ’ਚ ਇਨ੍ਹਾਂ ਤਿੰਨ ਦੇਸ਼ਾਂ ਦੇ ਕੁੱਲ 2.3 ਕਰੋੜ ਬੱਚਿਆਂ ਨੂੰ ਬੇਘਰ ਹੋਣ ਦਰਦ ਦਰਦ ਝੱਲਣਾ ਪਿਆ।
ਇਹ ਵੀ ਪੜ੍ਹੋ- NRI ਪਤੀ ਦੀ ਕਾਤਲ ਪਤਨੀ ਰਮਨਦੀਪ ਕੌਰ ਬੋਲੀ- ਮੈਂ ਬੇਕਸੂਰ ਹਾਂ, ਮੈਨੂੰ ਫਸਾਇਆ ਗਿਆ
ਦੁਨੀਆ ’ਚ ਰੋਜ਼ਾਨਾ ਔਸਤਨ 20,000 ਬੱਚੇ ਹੋ ਰਹੇ ਬੇਘਰ
ਜੇਕਰ ਕੌਮਾਂਤਰੀ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਦੁਨੀਆ ’ਚ ਰੋਜ਼ਾਨਾ ਔਸਤਨ 20,000 ਬੱਚੇ ਬੇਘਰ ਹੋ ਰਹੇ ਹਨ। ਵਿਸ਼ਲੇਸ਼ਣ ਅਨੁਸਾਰ 2016 ਤੋਂ 2021 ਦਰਮਿਆਨ ਦੁਨੀਆ ਭਰ ਦੇ 44 ਦੇਸ਼ਾਂ ’ਚ ਕਰੀਬ 4.31 ਕਰੋੜ ਬੱਚਿਆਂ ਨੂੰ ਆਪਣੇ ਘਰ ਛੱਡ ਕੇ ਆਪਣੇ ਹੀ ਦੇਸ਼ ’ਚ ਕਿਸੇ ਦੂਜੀ ਸੁਰੱਖਿਅਤ ਥਾਂ ’ਚ ਸ਼ਰਨ ਲੈਣੀ ਪਈ। ਹਾਲਾਂਕਿ ਜਦੋਂ ਅਸੀਂ ਬੇਘਰ ਬੱਚਿਆਂ ਦੀ ਤੁਲਨਾ ਕਿਸੇ ਦੇਸ਼ ’ਚ ਬੱਚਿਆਂ ਦੀ ਕੁੱਲ ਆਬਾਦੀ ਨਾਲ ਕਰਦੇ ਹਾਂ ਤਾਂ ਡੋਮਿਨਿਕਾ ਅਤੇ ਵੈਨੂਆਟੂ ਵਰਗੇ ਛੋਟੇ ਟਾਪੂ ਦੇਸ਼ਾਂ ’ਚ ਬੱਚੇ ਤੂਫਾਨਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਸ ਲਿਹਾਜ਼ ਨਾਲ ਹੜ੍ਹਾਂ ਨਾਲ ਸਭ ਤੋਂ ਵੱਧ ਬੇਘਰ ਹੋਏ ਬੱਚੇ ਸੋਮਾਲੀਆ ਅਤੇ ਦੱਖਣੀ ਸੂਡਾਨ ’ਚ ਹਨ।
ਇਹ ਵੀ ਪੜ੍ਹੋ- ਗਰੀਬ ਮਜ਼ਦੂਰਾਂ ਨੂੰ 5 ਰੁਪਏ ’ਚ ਮਿਲੇਗਾ ਭੋਜਨ, CM ਵੱਲੋਂ ‘ਮੋਬਾਇਲ ਰਸੋਈ ਯੋਜਨਾ’ ਦੀ ਸ਼ੁਰੂਆਤ
ਉਜਾੜੇ ਲਈ ਜ਼ਿੰਮੇਵਾਰ ਹਨ ਹੜ੍ਹ ਤੇ ਤੂਫਾਨ
ਜਾਣਕਾਰੀ ਅਨੁਸਾਰ ਇਨ੍ਹਾਂ 6 ਸਾਲਾਂ ’ਚ ਜਿੰਨੇ ਵੀ ਬੱਚੇ ਬੇਘਰ ਹੋਏ ਹਨ, ਉਨ੍ਹਾਂ ’ਚੋਂ 95 ਫੀਸਦੀ ਮਾਮਲਿਆਂ ਲਈ ਹੜ੍ਹ ਅਤੇ ਤੂਫਾਨ ਵਰਗੀਆਂ ਮੌਸਮੀ ਆਫ਼ਤਾਂ ਹੀ ਜ਼ਿੰਮੇਵਾਰ ਸਨ। 2016 ਤੋਂ 2021 ਦਰਮਿਆਨ ਜਿੱਥੇ ਹੜ੍ਹਾਂ ਕਾਰਨ 1.97 ਕਰੋੜ ਬੱਚਿਆਂ, ਜਦਕਿ ਤੂਫਾਨ ਕਾਰਨ 2.12 ਕਰੋੜ ਬੱਚਿਆਂ ਨੂੰ ਉਜਾੜੇ ਦੀ ਮਾਰ ਝੱਲਣੀ ਪਈ। ਉਥੇ ਹੀ ਸੋਕੇ ਕਾਰਨ 15 ਦੇਸ਼ਾਂ ’ਚ 13 ਲੱਖ ਤੋਂ ਵੱਧ ਬੱਚਿਆਂ ਨੂੰ ਅੰਦਰੂਨੀ ਉਜਾੜੇ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ’ਚੋਂ ਅੱਧੇ ਤੋਂ ਵੱਧ ਬੱਚੇ ਕਰੀਬ 7.3 ਲੱਖ ਸੋਮਾਲੀਆ ਦੇ ਸਨ। ਉਥੇ ਹੀ ਇਥੋਪੀਆ ’ਚ 3.4 ਲੱਖ ਅਤੇ ਅਫਗਾਨਿਸਤਾਨ ’ਚ 1.9 ਲੱਖ ਬੱਚਿਆਂ ਨੂੰ ਇਸ ਕਾਰਨ ਆਪਣੇ ਘਰਾਂ ਨੂੰ ਛੱਡਣਾ ਪਿਆ ਸੀ। ਜੰਗਲ ’ਚ ਲੱਗਣ ਵਾਲੀ ਅੱਗ 8,10,000 ਬੱਚਿਆਂ ਦੇ ਉਜਾੜੇ ਲਈ ਜ਼ਿੰਮੇਵਾਰ ਸੀ, ਜਿਨ੍ਹਾਂ ’ਚੋਂ ਇਕ ਤਿਹਾਈ ਤੋਂ ਵੱਧ ਇਕੱਲੇ ਮਾਮਲੇ 2020 ’ਚ ਦਰਜ ਕੀਤੇ ਗਏ ਸਨ। ਇਹ ਕੈਨੇਡਾ, ਇਜ਼ਰਾਈਲ ਅਤੇ ਅਮਰੀਕਾ ’ਚ ਸਭ ਤੋਂ ਵੱਧ ਸਨ।
ਇਹ ਵੀ ਪੜ੍ਹੋ- ਭਾਰਤ ’ਚ ਕੁਦਰਤੀ ਆਫਤਾਂ ਬਣੀਆਂ ਪਰੇਸ਼ਾਨੀ ਦਾ ਸਬੱਬ, ਰੋਜ਼ਾਨਾ 3 ਹਜ਼ਾਰ ਤੋਂ ਵਧੇਰੇ ਬੱਚਿਆਂ ਨੂੰ ਹੋਣਾ ਪੈਂਦਾ ਬੇਘਰ
ਉਜਾੜੇਪਣ ਦੀ ਸਮੱਸਿਆ ਅਤੇ ਹੱਲ
ਉਜਾੜਾ ਭਾਵੇਂ ਥੋੜ੍ਹੇ ਸਮੇਂ ਲਈ ਹੋਵੇ ਜਾਂ ਲੰਮੇ ਸਮੇਂ ਲਈ ਉਹ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪੌਣ-ਪਾਣੀ ਸਬੰਧੀ ਜ਼ੋਖਮਾਂ ਨੂੰ ਕਈ ਗੁਣਾ ਵਧਾ ਸਕਦਾ ਹੈ। ਕਿਸੇ ਆਫ਼ਤ ਤੋਂ ਬਾਅਦ ਬੱਚੇ ਆਪਣੇ ਮਾਤਾ-ਪਿਤਾ ਜਾਂ ਦੇਖਭਾਲ ਕਰਨ ਵਾਲਿਆਂ ਤੋਂ ਵੱਖ ਹੋ ਸਕਦੇ ਹਨ, ਜਿਸ ਨਾਲ ਉਨ੍ਹਾਂ ਦੇ ਸ਼ੋਸ਼ਣ, ਬਾਲ ਤਸਕਰੀ ਅਤੇ ਦੁਰਵਿਵਹਾਰ ਦਾ ਖ਼ਤਰਾ ਨੂੰ ਵਧ ਜਾਂਦਾ ਹੈ। ਇਸੇ ਤਰ੍ਹਾਂ ਆਪਣੇ ਘਰਾਂ ਤੋਂ ਹੋਇਆ ਉਜਾੜਾ, ਸਿੱਖਿਆ ਅਤੇ ਸਿਹਤ ਦੇਖਭਾਲ ਤੱਕ ਪਹੁੰਚ ’ਚ ਵਿਘਨ ਪਾ ਸਕਦਾ ਹੈ, ਜਿਸ ਨਾਲ ਉਹ ਕੁਪੋਸ਼ਣ, ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹਨ। ਅਜਿਹੇ ’ਚ ਭਵਿੱਖ ’ਚ ਬੱਚਿਆਂ ਨੂੰ ਇਹ ਦਰਦ ਨਾ ਝੱਲਣਾ ਪਵੇ, ਇਸ ਦੇ ਲਈ ਰਿਪੋਰਟ ’ਚ ਕੁਝ ਉਪਾਅ ਦਿੱਤੇ ਗਏ ਹਨ। ਨਾਲ ਹੀ ਜੋ ਬੱਚੇ ਇਸ ਦਰਦ ਨਾਲ ਜੂਝ ਰਹੇ ਹਨ, ਉਨ੍ਹਾਂ ਬੱਚਿਆਂ ਅਤੇ ਨੌਜਵਾਨਾਂ ਦੀ ਸਥਿਤੀ ਨੂੰ ਬਿਹਤਰ ਬਣਾਉਣ ਲਈ ਰਿਪੋਰਟ ਸਰਕਾਰਾਂ, ਸੰਗਠਨਾਂ ਦੇ ਨਾਲ-ਨਾਲ ਨਿੱਜੀ ਖੇਤਰ ਨੂੰ ਕਾਰਵਾਈ ਕਰਨ ਦਾ ਸੱਦਾ ਦਿੰਦੀ ਹੈ।
ਹੁਣ ਕੋਚ 'ਚ ਬੈਠ ਕੇ ਪਹਾੜਾਂ ਦੀ ਖੂਬਸੂਰਤੀ ਦੇਖ ਸਕਣਗੇ ਯਾਤਰੀ, ਜਾਣੋ ਰੇਲ ਦਾ ਕਿਰਾਇਆ ਅਤੇ ਖ਼ਾਸੀਅਤ
NEXT STORY