ਗੁਹਾਟੀ : ਅਸਾਮ ਵਿੱਚ ਆਈ ਭਿਆਨਕ ਅਤੇ ਵਿਨਾਸ਼ਕਾਰੀ ਹੜ੍ਹਾਂ ਦੀ ਤਬਾਹੀ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਰਿਲਾਇੰਸ ਫਾਊਂਡੇਸ਼ਨ ਨੇ ਵੱਡਾ ਕਦਮ ਚੁੱਕਿਆ ਹੈ। ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਨੇ ਅਸਾਮ ਦੇ ਮੁੱਖ ਮੰਤਰੀ ਰਾਹਤ ਫੰਡ ਵਿੱਚ 21 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਨੀਤਾ ਅੰਬਾਨੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਅਸਾਮ ਦੇ ਲੋਕ ਇਕੱਲੇ ਨਹੀਂ ਹਨ। ਉਨ੍ਹਾਂ ਕਿਹਾ, "ਸਾਡੀਆਂ ਪ੍ਰਾਰਥਨਾਵਾਂ ਅਤੇ ਪੂਰੀ ਇਕਜੁੱਟਤਾ ਅਸਾਮ ਦੇ ਲੋਕਾਂ ਦੇ ਨਾਲ ਹੈ। ਮੇਰੀ ਹਮਦਰਦੀ ਹੜ੍ਹ ਤੋਂ ਪ੍ਰਭਾਵਿਤ ਹਰ ਪਰਿਵਾਰ ਦੇ ਨਾਲ ਹੈ"। ਉਨ੍ਹਾਂ ਭਰੋਸਾ ਦਿੱਤਾ ਕਿ ਰਿਲਾਇੰਸ ਪਰਿਵਾਰ ਉਦੋਂ ਤੱਕ ਲੋਕਾਂ ਦੇ ਨਾਲ ਖੜ੍ਹਾ ਰਹੇਗਾ, ਜਦੋਂ ਤੱਕ ਜੀਵਨ ਦੁਬਾਰਾ ਆਮ ਵਰਗਾ ਨਹੀਂ ਹੋ ਜਾਂਦਾ।
ਇਹ ਵਿੱਤੀ ਸਹਾਇਤਾ ਰਿਲਾਇੰਸ ਫਾਊਂਡੇਸ਼ਨ, 'ਵੰਤਾਰਾ' ਅਤੇ ਰਿਲਾਇੰਸ ਪਰਿਵਾਰ ਵੱਲੋਂ ਪਹਿਲਾਂ ਤੋਂ ਹੀ ਚਲਾਏ ਜਾ ਰਹੇ ਜ਼ਮੀਨੀ ਰਾਹਤ ਅਭਿਆਨਾਂ ਤੋਂ ਇਲਾਵਾ ਹੈ। ਵਰਤਮਾਨ ਵਿੱਚ ਰਿਲਾਇੰਸ ਦੀਆਂ ਟੀਮਾਂ ਅਤੇ ਵਾਲੰਟੀਅਰ ਸਥਾਨਕ ਭਾਈਚਾਰਿਆਂ ਨਾਲ ਮਿਲ ਕੇ ਪ੍ਰਭਾਵਿਤ ਇਲਾਕਿਆਂ ਵਿੱਚ ਭੋਜਨ, ਪੀਣ ਵਾਲਾ ਸਾਫ਼ ਪਾਣੀ, ਐਮਰਜੈਂਸੀ ਸਿਹਤ ਸੇਵਾਵਾਂ ਅਤੇ ਪਸ਼ੂਆਂ ਦੀ ਦੇਖਭਾਲ ਵਰਗੇ ਕੰਮਾਂ ਵਿੱਚ ਦਿਨ-ਰਾਤ ਜੁਟੇ ਹੋਏ ਹਨ। ਫਾਊਂਡੇਸ਼ਨ ਮੁੱਖ ਤੌਰ 'ਤੇ ਉੱਪਰੀ ਅਸਾਮ ਦੇ ਸ਼ਿਵਸਾਗਰ ਅਤੇ ਚਰਾਈਦੇਵ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੀ ਹੈ, ਜਿੱਥੇ ਲਗਭਗ 50,000 ਜ਼ਰੂਰਤਮੰਦ ਲੋਕਾਂ ਤੱਕ ਸਹਾਇਤਾ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ।
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਸੋਸ਼ਲ ਮੀਡੀਆ ਰਾਹੀਂ ਨੀਤਾ ਅੰਬਾਨੀ ਅਤੇ ਰਿਲਾਇੰਸ ਫਾਊਂਡੇਸ਼ਨ ਦਾ ਇਸ ਨਿਰੰਤਰ ਸਹਿਯੋਗ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਅਸਾਮ ਨੇ ਔਖਾ ਸਮਾਂ ਦੇਖਿਆ ਹੈ, ਰਿਲਾਇੰਸ ਹਮੇਸ਼ਾ ਸੂਬੇ ਦੇ ਲੋਕਾਂ ਦੀ ਮਦਦ ਲਈ ਅੱਗੇ ਆਇਆ ਹੈ। ਮੁੱਖ ਮੰਤਰੀ ਨੇ ਕੋਵਿਡ-19 ਮਹਾਮਾਰੀ ਦੌਰਾਨ ਰਿਲਾਇੰਸ ਵੱਲੋਂ ਕੀਤੀ ਗਈ ਸਮੇਂ ਸਿਰ ਮਦਦ ਨੂੰ ਵੀ ਯਾਦ ਕੀਤਾ।
ਸਾਵਣ ਮਹੀਨੇ ਲੱਗਣਗੇ ਦੋ ਗ੍ਰਹਿਣ; ਜਾਣੋ ਸ਼ਿਵ ਪੂਜਾ ਤੇ ਰੱਖੜੀ ਦੇ ਤਿਉਹਾਰ 'ਤੇ ਕੀ ਪਵੇਗਾ ਅਸਰ
NEXT STORY