ਨਵੀਂ ਦਿੱਲੀ- ਬਿਹਾਰ ਦੀ ਸਿਆਸਤ ’ਚ ਪਿਛਲੇ ਦਿਨੀਂ ਜੋ ਘਮਾਸਾਨ ਮਚਿਆ, ਉਸ ਤੋਂ ਹਰ ਕੋਈ ਵਾਕਿਫ਼ ਹੈ। ਨਿਤੀਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਦੀ ਕੁਰਸੀ ਸੰਭਾਲ ਚੁੱਕੇ ਹਨ। ਅਜਿਹੇ ’ਚ ਉਹ ਵਿਰੋਧੀ ਧਿਰ ਨੂੰ ਇਕਜੁੱਟ ਕਰਨ ’ਚ ਲੱਗੇ ਹਨ। ਹੁਣ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਦਿੱਲੀ ਪਹੁੰਚੇ ਹਨ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ।
ਇਸ ਸਿਲਸਿਲੇ ਵਿਚ ਨਿਤੀਸ਼ ਨੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਨਿਤੀਸ਼ ਦੀ ਇਸ ਮੁਲਾਕਾਤ ਦਾ ਉਦੇਸ਼ ਸਾਲ 2024 ਦੀਆਂ ਲੋਕ ਸਭਾ ਚੋਣਾਂ ਲਈ ਵਿਰੋਧੀ ਧਿਰ ਨੂੰ ਇਕਜੁੱਟ ਕਰਨਾ ਹੈ। ਦੋਹਾਂ ਨੇਤਾਵਾਂ ਦੀ ਮੁਲਾਕਾਤ ਦੌਰਾਨ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਜਨਤਾ ਦਲ ਯੂਨਾਈਟੇਡ ਨੇਤਾ ਸੰਜੇ ਝਾਅ ਵੀ ਮੌਜੂਦ ਸਨ। ਦੱਸ ਦੇਈਏ ਕਿ ਜਨਤਾ ਦਲ ਯੂਨਾਈਟੇਡ ਨੇਤਾ ਸਾਰੇ ਵਿਰੋਧੀ ਧਿਰਾਂ ਨੂੰ ਸਾਲ 2024 ਦੀਆਂ ਚੋਣਾਂ ’ਚ ਭਾਜਪਾ ਦਾ ਸੰਯੁਕਤ ਮੁਕਾਬਲਾ ਕਰਨ ਲਈ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕੇਜਰੀਵਾਲ ਤੋਂ ਪਹਿਲਾਂ ਕੁਮਾਰ ਨੇ ਮਾਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ. ਰਾਜਾ ਨਾਲ ਵੀ ਉਨ੍ਹਾਂ ਦੀ ਪਾਰਟੀ ਦਫ਼ਤਰਾਂ ’ਚ ਮੁਲਾਕਾਤ ਕੀਤੀ ਸੀ। ਕੁਮਾਰ ਦਾ ਅੱਜ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੂੰ ਵੀ ਮਿਲਣ ਦਾ ਪ੍ਰੋਗਰਾਮ ਹੈ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਭਾਜਪਾ ਨਾਲੋਂ ਨਾਤਾ ਤੋੜਨ ਵਾਲੇ ਨਿਤੀਸ਼ ਕੁਮਾਰ ਨੇ ਐਤਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਇਕਮਾਤਰ ਟੀਚਾ ਭਾਜਪਾ ਨੂੰ ਕੇਂਦਰ ਦੀ ਸੱਤਾ ਤੋਂ ਹਟਾਉਣ ਲਈ ਵਿਰੋਧੀ ਧਿਰ ਨੂੰ ਇਕਜੁੱਟ ਕਰਨਾ ਹੈ। ਕੁਮਾਰ ਅਜਿਹੇ ਸਮੇਂ ਦਿੱਲੀ ਦੌਰੇ ’ਤੇ ਆਏ ਹਨ, ਜਦੋਂ ਕਿਆਸ ਲਾਏ ਜਾ ਰਹੇ ਹਨ ਕਿ ਸਾਲ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਉਹ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋ ਸਕਦੇ ਹਨ।
ਰੂਸੀ ਮੁੰਡੇ ਅਤੇ ਯੂਕ੍ਰੇਨ ਦੀ ਕੁੜੀ ਨੇ ਧਰਮਸ਼ਾਲਾ 'ਚ ਕਰਵਾਇਆ ਵਿਆਹ ਦਾ ਰਜਿਸਟਰੇਸ਼ਨ, ਜਾਣੋ ਪੂਰਾ ਮਾਮਲਾ
NEXT STORY