ਨਵੀਂ ਦਿੱਲੀ– ਭਾਜਪਾ ਉੱਤਰਾਖੰਡ ’ਚ ਇਕ ਵਾਰ ਮੁੜ ਸਰਕਾਰ ਬਣਾ ਰਹੀ ਹੈ ਪਰ ਇਥੇ ਉਸ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਚੋਣ ਹਾਰ ਗਏ ਹਨ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਚੋਣ ਹਾਰ ਗਏ ਹਨ। ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਮੌਜੂਦਾ ਮੁੱਖ ਮੰਤਰੀ ਚੋਣ ਹਾਰੇ ਹੋਣ। ਇਸ ਤੋਂ ਪਹਿਲਾਂ ਵੀ ਕਈ ਸੂਬਿਆਂ ਦੇ ਮੁੱਖ ਮੰਤਰੀ ਅਸੈਂਬਲੀ ਚੋਣਾਂ ’ਚ ਹਾਰ ਦਾ ਸਾਹਮਣਾ ਕਰ ਚੁੱਕੇ ਹਨ। ਮਾਰਚ 2021 ਦੀਅਾਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਤੋਂ ਚੋਣ ਹਾਰ ਗਈ ਸੀ।
ਇਹ ਵੀ ਪੜ੍ਹੋ– ਚੋਣ ਸੂਬਿਆਂ ’ਚ ਨਹੀਂ ਚੱਲਿਆ ਕਿਸਾਨ ਅੰਦੋਲਨ ਦਾ ਦਾਅ
ਮਮਤਾ ਤੋਂ ਪਹਿਲਾਂ 2018 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਸਿਧਰਮਈਆ ਨੂੰ ਵੀ ਚੋਣ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2014 ਤੋਂ 2017 ਤਕ ਹਰੀਸ਼ ਰਾਵਤ ਉੱਤਰਾਖੰਡ ਦੇ ਮੁੱਖ ਮੰਤਰੀ ਸਨ। 2014 ’ਚ ਧਰਚੂਲਾ ਵਿਧਾਨ ਸਭਾ ਸੀਟ ਦੀ ਉਪ ਚੋਣ ਜਿੱਤ ਕੇ ਰਾਵਤ ਮੁੱਖ ਮੰਤਰੀ ਬਣੇ ਸਨ। 2017 ਦੀਆਂ ਉੱਤਰਾਖੰਡ ਵਿਧਾਨ ਸਭਾ ਚੋਣਾਂ ’ਚ ਉਹ 2 ਸੀਟਾਂ ’ਤੇ ਖੜੇ ਹੋਏ ਸਨ ਪਰ ਦੋਹਾਂ ’ਚ ਹੀ ਹਾਰ ਗਏ ਸਨ। 2019 ਦੀਆਂ ਝਾਰਖੰਡ ਅਸੈਂਬਲੀ ਚੋਣਾਂ ’ਚ ਮੁੱਖ ਮੰਤਰੀ ਰਘੂਵਰਦਾਸ ਚੋਣ ਹਾਰ ਗਏ ਸਨ। ਬੀਤੇ ਸਮੇਂ ’ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰੋਫੈਸਰ ਪ੍ਰੇਮ ਕੁਮਾਰ ਧੂਮਲ ਵੀ ਮੁੱਖ ਮੰਤਰੀ ਹੁੰਦਿਆਂ ਚੋਣ ਹਾਰਨ ਵਾਲੇ ਲੋਕਾਂ ’ਚ ਸ਼ਾਮਲ ਹਨ।
ਇਹ ਵੀ ਪੜ੍ਹੋ– ਉੱਤਰਾਖੰਡ, ਮਣੀਪੁਰ ਤੇ ਗੋਆ ’ਚ ਵੀ ਖਿੜਿਆ ਕਮਲ
ਉੱਤਰਾਖੰਡ ਦੇ ਸਭ ਸੀ.ਐੱਮ. ਚਿਹਰੇ ਹਾਰੇ
ਉੱਤਰਾਖੰਡ ਵਿਧਾਨ ਸਭਾ ਦੀਆਂ ਚੋਣਾਂ ’ਚ ਮੁੱਖ ਮੰਤਰੀ ਦੇ ਅਹੁਦੇ ਦੇ ਸਭ ਚਿਹਰੇ ਚੋਣ ਹਾਰ ਗਏ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਜਿਥੇ ਆਪਣੀ ਸੀਟ ਨਹੀਂ ਬਚਾ ਸਕੇ, ਉਥੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਅਤੇ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਕਰਨਲ ਅਜੇ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਹੈ। ਭਾਜਪਾ ਨੇ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਸੀ। ਭਾਜਪਾ ਨੇ ਚੋਣਾਂ ’ਚ ਮੁੜ ਤੋਂ ਮੋਦੀ-ਧਾਮੀ ਸਰਕਾਰ ਦਾ ਨਾਅਰਾ ਦਿੱਤਾ ਸੀ। ਸਰਕਾਰ ਤਾਂ ਮੁੜ ਆ ਗਈ ਪਰ ਧਾਮੀ ਵਿਧਾਇਕ ਨਹੀਂ ਬਣ ਸਕੇ।
ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੀ ਲੀਡਰਸ਼ਿਪ ਕੋਲੋਂ ਚਿਹਰਾ ਐਲਾਨੇ ਜਾਣ ਦੀ ਮੰਗ ਕਰ ਚੁੱਕੇ ਸਨ। ਕਾਂਗਰਸ ਨੇ ਚਿਹਰਾ ਤਾਂ ਨਹੀਂ ਐਲਾਨਿਆ ਪਰ ਕਾਂਗਰਸ ਦੀ ਸਰਕਾਰ ਆਉਣ ’ਤੇ ਹਰੀਸ਼ ਰਾਵਤ ਦੇ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਸਭ ਤੋਂ ਵਧ ਸੀ। ਆਮ ਆਦਮੀ ਪਾਰਟੀ ਜ਼ੋਰ-ਸ਼ੋਰ ਨਾਲ ਚੋਣ ਮੈਦਾਨ ’ਚ ਉੱਤਰੀ। ਆਮ ਆਦਮੀ ਪਾਰਟੀ ਨੇ ਕਰਨਲ ਅਜੇ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਬਣਾ ਕੇ ਚੋਣ ਲੜੀ ਸੀ। ਅਜੇ ਗੰਗੋਤਰੀ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ’ਚ ਉਤਰੇ ਸਨ ਪਰ ਇਥੇ ਕੋਈ ਖਾਸ ਪ੍ਰਭਾਵ ਨਹੀਂ ਛੱਡ ਸਕੇ। ਉਹ ਤੀਜੇ ਨੰਬਰ ’ਤੇ ਰਹੇ।
ਇਹ ਵੀ ਪੜ੍ਹੋ– ਪੰਜਾਬ ’ਚ ‘ਆਪ’ ਦੀ ਹੂੰਝਾਫੇਰ ਜਿੱਤ, ਉੱਤਰਾਖੰਡ ’ਚ ਨਹੀਂ ਖੋਲ੍ਹ ਸਕੀ ਖਾਤਾ
ਗਾਲ੍ਹ ਕੱਢਣ ’ਤੇ ਝਗੜਾ, 12ਵੀਂ ਦੇ ਵਿਦਿਆਰਥੀ ਦੀ ਚਾਕੂ ਮਾਰ ਕੀਤਾ ਕਤਲ
NEXT STORY