ਨਵੀਂ ਦਿੱਲੀ– ਕੌਮੀ ਖ਼ੁਰਾਕ ਸੁਰੱਖਿਆ ਕਾਨੂੰਨ (NFSA) ਲਾਗੂ ਕਰਨ ਦੇ ਮਾਮਲੇ ’ਚ ਪੰਜਾਬ 16ਵੇਂ ਸਥਾਨ ’ਤੇ ਹੈ। ਉਸ ਤੋਂ ਬਾਅਦ ਹਰਿਆਣਾ, ਦਿੱਲੀ, ਛੱਤੀਸਗੜ੍ਹ ਅਤੇ ਗੋਆ ਦਾ ਸਥਾਨ ਹੈ। ਇਸ ਬਾਬਤ ਸਰਕਾਰ ਨੇ ਜਾਣਕਾਰੀ ਦਿੱਤੀ। ਕੌਮੀ ਖ਼ੁਰਾਕ ਸੁਰੱਖਿਆ ਕਾਨੂੰਨ ਦੇ ਅਮਲ ’ਚ ਲਿਆਉਣ ਨੂੰ ਲੈ ਕੇ ਸੂਬਿਆਂ ਦੀ ਰੈਂਕਿੰਗ ’ਚ ਓਡੀਸ਼ਾ ਪਹਿਲੇ ਨੰਬਰ ’ਤੇ ਹੈ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਦਾ ਸਥਾਨ ਹੈ।
ਸਰਕਾਰ ਦੀ ਰੈਂਕਿੰਗ ਮੁਤਾਬਕ ਓਡੀਸ਼ਾ 0.836 ਦੇ ਸਕੋਰ ਨਾਲ ਪਹਿਲੇ ਸਥਾਨ 'ਤੇ ਹੈ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ (0.797) ਅਤੇ ਆਂਧਰਾ ਪ੍ਰਦੇਸ਼ (0.794) ਦਾ ਸਥਾਨ ਹੈ। ਗੁਜਰਾਤ ਚੌਥੇ ਨੰਬਰ 'ਤੇ ਹੈ। ਇਸ ਤੋਂ ਬਾਅਦ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਦੀਵ, ਮੱਧ ਪ੍ਰਦੇਸ਼, ਬਿਹਾਰ, ਕਰਨਾਟਕ, ਤਾਮਿਲਨਾਡੂ ਅਤੇ ਝਾਰਖੰਡ ਆਉਂਦੇ ਹਨ। ਇਹ ਰੈਂਕਿੰਗ NFSA ਅਧੀਨ ਸੂਬਿਆਂ ਦਰਮਿਆਨ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰੇਗੀ। ਇਸ ਨੂੰ ਖ਼ੁਰਾਕ ਕਾਨੂੰਨ ਵਜੋਂ ਵੀ ਜਾਣਿਆ ਜਾਂਦਾ ਹੈ, ਜਿਸ ਦੇ ਤਹਿਤ ਕੇਂਦਰ ਲਗਭਗ 80 ਕਰੋੜ ਲੋਕਾਂ ਨੂੰ ਸਬਸਿਡੀ ਵਾਲਾ ਅਨਾਜ ਉਪਲੱਬਧ ਕਰਾਉਂਦਾ ਹੈ। ਸਰਕਾਰ 1-3 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 5 ਕਿਲੋ ਅਨਾਜ ਮੁਹੱਈਆ ਕਰਵਾਉਂਦੀ ਹੈ।
ਦਰਅਸਲ ਕੇਂਦਰੀ ਖ਼ੁਰਾਕ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਪਿਊਸ਼ ਗੋਇਲ ਨੇ ਭਾਰਤ ’ਚ ਖ਼ੁਰਾਕ ਅਤੇ ਪੋਸ਼ਣ ਸੁਰੱਖਿਆ ਵਿਸ਼ੇ ’ਤੇ ਸੂਬਿਆਂ ਦੇ ਖ਼ੁਰਾਕ ਮੰਤਰੀਆਂ ਦੇ ਸੰਮੇਲਨ ਦੌਰਾਨ NFSA ਲਈ ਸੂਬਾ ਰੈਂਕਿੰਗ ਸੂਚਕਾਂਕ 2022 ਜਾਰੀ ਕੀਤਾ। ਵਿਸ਼ੇਸ਼ ਸ਼੍ਰੇਣੀ ਦੇ ਸੂਬਿਆਂ ਪੂਰਬੀ-ਉੱਤਰੀ ਸੂਬਿਆਂ, ਹਿਮਾਲਿਆਂ ਸੂਬਿਆਂ ਅਤੇ ਟਾਪੂ ਸੂਬਿਆਂ ’ਚ ਤ੍ਰਿਪੁਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਦੂਜੇ ਅਤੇ ਤੀਜੇ ਸਥਾਨ ’ਤੇ ਹਿਮਾਚਲ ਪ੍ਰਦੇਸ਼ ਅਤੇ ਸਿੱਕਮ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲੌਜਿਸਟਿਕ ਮੁਸ਼ਕਲਾਂ ਦੇ ਬਾਵਜੂਦ ਇਨ੍ਹਾਂ ਖੇਤਰਾਂ ਨੇ ਆਮ ਸ਼੍ਰੇਣੀ ਦੇ ਸੂਬਿਆਂ ਨਾਲ ਵਧੀਆ ਮੁਕਾਬਲਾ ਕੀਤਾ।
ਚੋਣ ਕਮਿਸ਼ਨ ਚਿਤਾਵਨੀ- ਆਧਾਰ ਡਾਟਾ ਲੀਕ ਹੋਇਆ ਤਾਂ ਹੋਵੇਗੀ ਸਖ਼ਤ ਕਾਰਵਾਈ
NEXT STORY