ਭੁਵਨੇਸ਼ਵਰ- ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ 'ਚ ਵਾਪਰੇ ਭਿਆਨਕ ਰੇਲ ਹਾਦਸੇ ਮਗਰੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਸੂਬਾ ਸਰਕਾਰ ਨੇ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਵਲੋਂ ਐਲਾਨੀ ਰਾਸ਼ੀ ਹਾਸਲ ਕਰਨ ਲਈ ਆਪਣੇ ਪਤੀ ਦੀ ਮੌਤ ਦਾ ਝੂਠਾ ਦਾਅਵਾ ਕਰਨ ਵਾਲੀ ਔਰਤ ਫ਼ਰਾਰ ਹੈ। ਔਰਤ ਦੇ ਪਤੀ ਨੇ ਇਸ ਮਾਮਲੇ ਨੂੰ ਲੈ ਕੇ ਆਪਣੀ ਪਤਨੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਕਟਕ ਜ਼ਿਲ੍ਹੇ ਦੇ ਮਨਿਆਬੰਦਾ ਦੀ ਵਾਸੀ ਗੀਤਾਂਜਲੀ ਦੱਤਾ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਪਤੀ ਬਿਜੇ ਦੱਤਾ ਦੀ 2 ਜੂਨ ਨੂੰ ਰੇਲ ਹਾਦਸੇ 'ਚ ਮੌਤ ਹੋ ਗਈ ਸੀ। ਉਸ ਨੇ ਇਕ ਲਾਸ਼ ਦੀ ਪਛਾਣ ਆਪਣੇ ਪਤੀ ਦੇ ਰੂਪ ਵਿਚ ਕੀਤੀ ਸੀ।
ਦਸਤਾਵੇਜ਼ਾਂ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਔਰਤ ਦਾ ਦਾਅਵਾ ਝੂਠਾ ਸੀ। ਪੁਲਸ ਨੇ ਕਿਹਾ ਕਿ ਔਰਤ ਨੂੰ ਉਸ ਸਮੇਂ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀ ਪਰ ਉਸ ਦੀਆਂ ਮੁਸ਼ਕਲਾਂ ਉਦੋਂ ਸ਼ੁਰੂ ਹੋਈਆਂ, ਜਦੋਂ ਉਸ ਦੇ ਪਤੀ ਬਿਜੇ ਦੱਤਾ ਨੇ ਇਸ ਮਾਮਲੇ ਨੂੰ ਲੈ ਕੇ ਮਨਿਆਬੰਦਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਉਸ ਨੇ ਦੱਸਿਆ ਉਸ ਦੀ ਪਤਨੀ ਪਿਛਲੇ 13 ਸਾਲਾਂ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਪੁਲਸ ਨੇ ਦੱਸਿਆ ਕਿ ਬਿਜੇ ਨੇ ਗੀਤਾਂਜਲੀ ਖਿਲਾਫ ਸਰਕਾਰੀ ਪੈਸੇ ਹੜੱਪਣ ਦੀ ਕੋਸ਼ਿਸ਼ ਕਰਨ ਅਤੇ ਉਸ ਦੀ ਮੌਤ ਦਾ ਝੂਠਾ ਦਾਅਵਾ ਕਰਨ ਦੇ ਦੋਸ਼ 'ਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਹਾਲਾਂਕਿ ਮਨਿਆਬੰਦਾ ਪੁਲਸ ਸਟੇਸ਼ਨ ਦੇ ਇੰਚਾਰਜ ਬਸੰਤ ਕੁਮਾਰ ਸਤਪਥੀ ਨੇ ਕਿਹਾ ਕਿ ਪੁਲਸ ਨੇ ਬਿਜੇ ਦੱਤਾ ਨੂੰ ਬਾਲਾਸੋਰ ਜ਼ਿਲ੍ਹੇ ਦੇ ਬਹਾਨਾਗਾ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਨ ਲਈ ਕਿਹਾ ਹੈ, ਕਿਉਂਕਿ ਇਹ ਹਾਦਸਾ ਉੱਥੇ ਵਾਪਰਿਆ ਸੀ। ਇਸ ਦੌਰਾਨ ਮੁੱਖ ਸਕੱਤਰ ਪੀ.ਕੇ ਜੇਨਾ ਨੇ ਰੇਲਵੇ ਅਤੇ ਓਡੀਸ਼ਾ ਪੁਲਸ ਨੂੰ ਲਾਸ਼ਾਂ 'ਤੇ ਜਾਅਲੀ ਦਾਅਵੇ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਓਡੀਸ਼ਾ ਦੇ ਮੁੱਖ ਮੰਤਰੀ ਵੱਲੋਂ 5 ਲੱਖ ਰੁਪਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2 ਲੱਖ ਰੁਪਏ ਅਤੇ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਰੇਲ ਮੰਤਰਾਲੇ ਵੱਲੋਂ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ। ਓਡੀਸ਼ਾ ਦੇ ਬਾਲਾਸੋਰ ਵਿਚ 2 ਜੂਨ ਨੂੰ ਦੋਯਾਤਰੀ ਰੇਲਗੱਡੀਆਂ ਅਤੇ ਇੱਕ ਮਾਲ ਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ ਕੁੱਲ 275 ਲੋਕਾਂ ਦੀ ਮੌਤ ਹੋ ਗਈ ਅਤੇ 1000 ਤੋਂ ਵੱਧ ਲੋਕ ਜ਼ਖਮੀ ਹੋ ਗਏ।
ਵਿਰੋਧੀ ਪਾਰਟੀਆਂ ਦਾ ਗਠਜੋੜ ਬਣਾਉਣ ’ਤੇ ਬੋਲੇ ਦੇਵੇਗੌੜਾ, ਮੈਨੂੰ ਇੱਕ ਵੀ ਪਾਰਟੀ ਵਿਖਾਓ ਜੋ ਭਾਜਪਾ ਨਾਲ ਜੁੜੀ ਨਹੀਂ ਹੈ
NEXT STORY