ਬੈਂਗਲੁਰੂ, (ਭਾਸ਼ਾ)- ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਭਾਜਪਾ ਵਿਰੋਧੀ ਮੋਰਚਾ ਬਣਾਉਣ ਦੀਆਂ ਕੋਸ਼ਿਸ਼ਾਂ ਬਾਰੇ ਕੋਈ ਉਮੀਦ ਪ੍ਰਗਟਾਏ ਬਿਨਾਂ ਜਨਤਾ ਦਲ (ਸੈਕੂਲਰ) ਦੇ ਸੁਪਰੀਮੋ ਐੱਚ. ਡੀ. ਦੇਵਗੌੜਾ ਨੇ ਮੰਗਲਵਾਰ ਕਿਹਾ ਕਿ ਉਹ ਇਹ ਨਹੀਂ ਦੱਸ ਸਕਦੇ ਕਿ ਕਿਹੜੀ ਪਾਰਟੀ ਫਿਰਕੂ ਸੀ ਅਤੇ ਕਿਹੜੀ ਨਹੀਂ। ਸਾਬਕਾ ਪ੍ਰਧਾਨ ਮੰਤਰੀ ਨੇ ਸਵਾਲ ਕੀਤਾ ਕਿ ਕੀ ਦੇਸ਼ ਵਿੱਚ ਕੋਈ ਅਜਿਹੀ ਪਾਰਟੀ ਹੈ ਜਿਸ ਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਸਿੱਧਾ ਜਾਂ ਅਸਿੱਧਾ ਸਬੰਧ ਨਹੀਂ ਹੈ?
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਰਾਸ਼ਟਰੀ ਪੱਧਰ ’ਤੇ ਭਾਜਪਾ ਵਿਰੋਧੀ ਮੋਰਚਾ ਬਣਾਉਣ ਦੀ ਕੋਸ਼ਿਸ਼ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਦੇਵਗੌੜਾ ਨੇ ਕਿਹਾ ਕਿ ਮੈਂ ਇਸ ਦੇਸ਼ ਦੀ ਰਾਜਨੀਤੀ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕਰ ਸਕਦਾ ਹਾਂ ਪਰ ਇਸ ਦਾ ਕੀ ਫਾਇਦਾ? ਮੈਨੂੰ ਅਜਿਹੀ ਪਾਰਟੀ ਵਿਖਾਓ ਜੋ ਭਾਜਪਾ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੀ ਨਾ ਹੋਵੇ। ਮੈਨੂੰ ਪੂਰੇ ਦੇਸ਼ ਵਿੱਚ ਅਜਿਹੀ ਇੱਕ ਵੀ ਪਾਰਟੀ ਵਿਖਾਓ, ਫਿਰ ਮੈਂ ਜਵਾਬ ਦਿਆਂਗਾ।
ਉਨ੍ਹਾਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਕੁਝ ਕਾਂਗਰਸੀ ਆਗੂ ਕਹਿ ਸਕਦੇ ਹਨ ਪਰ ਕੀ ਉਹ ਕਰੁਣਾਨਿਧੀ (ਡੀ.ਐਮ.ਕੇ.) ਕੋਲ ਨਹੀਂ ਗਏ ਜਿਨ੍ਹਾਂ ਨੇ 6 ਸਾਲ ਭਾਜਪਾ ਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਸਮਰਥਨ ਦਿੱਤਾ ਸੀ। ਇਸ ਲਈ ਇਸ ਦੇਸ਼ ਦੇ ਸਿਆਸੀ ਮਾਹੌਲ ’ਤੇ ਮੈਂ ਚਰਚਾ ਨਹੀਂ ਕਰਨਾ ਚਾਹੁੰਦਾ। ਇਸ ਦੀ ਕੋਈ ਲੋੜ ਨਹੀਂ। ਮੈਂ ਇਸ ਨੂੰ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਸੰਸਦ ਮੈਂਬਰ ਦੇ ਰੂਪ ਵਿੱਚ ਦੇਖਿਆ ਹੈ। ਮਹਾਰਾਸ਼ਟਰ ਵਿੱਚ ਕੀ ਹੋਇਆ? ਮੈਂ ਕਈ ਘਟਨਾਵਾਂ ਦਾ ਹਵਾਲਾ ਦੇ ਸਕਦਾ ਹਾਂ।
ਮੀਡੀਆ ਦੇ ਇੱਕ ਹਿੱਸੇ ਵਿੱਚ ਅਜਿਹੀਆਂ ਖਬਰਾਂ ਆਈਆਂ ਹਨ ਕਿ ਜੇ.ਡੀ.(ਐਸ) 2024 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਭਾਜਪਾ ਨਾਲ ਗਠਜੋੜ ਕਰੇਗੀ। ਇਸ ਸਬੰਧੀ ਦੇਵਗੌੜਾ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਅਜਿਹੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੀ। ਆਮ ਚੋਣਾਂ ਦੇ ਸਬੰਧ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਨ। ਅਸੀਂ ਇਸ ਵੱਲ ਧਿਆਨ ਨਹੀਂ ਦੇ ਰਹੇ। ਸਾਡੀ ਤਾਕਤ ਸਾਡੇ ਵਰਕਰ ਹਨ। ਉਨ੍ਹਾਂ ਨੂੰ ਖੇਤਰੀ ਪਾਰਟੀ ਨੂੰ ਇਕਜੁੱਟ ਅਤੇ ਉਤਸ਼ਾਹਿਤ ਕਰ ਕੇ ਮਜ਼ਬੂਤ ਕਰਨ, ਬਚਾਉਣ ਅਤੇ ਅੱਗੇ ਲਿਜਾਣ ਲਈ ਕੰਮ ਕਰਨਾ ਹੋਵੇਗਾ।
ਇਹ ਪੁੱਛੇ ਜਾਣ ’ਤੇ ਕਿ ਕੀ ਉਹ ਇਕ ਵਾਰ ਫਿਰ ਲੋਕ ਸਭਾ ਚੋਣਾਂ ਲੜਨਗੇ, ਦੇਵਗੌੜਾ ਨੇ ਕਿਹਾ ਕਿ ਉਹ ਹੁਣ 91 ਸਾਲ ਦੇ ਹਨ । ਇਸ ਸਬੰਧੀ ਸਵਾਲ ਹੀ ਪੈਦਾ ਨਹੀਂ ਹੁੰਦਾ।
ਓਡੀਸ਼ਾ ਰੇਲ ਹਾਦਸਾ: ਜਦੋਂ ਮੁਰਦਾਘਰ 'ਚ ਲਾਸ਼ਾਂ ਦੇ ਢੇਰ 'ਚੋਂ ਜ਼ਿੰਦਾ ਮਿਲਿਆ ਪੁੱਤ, ਪਿਤਾ ਨੇ ਸੁਣਾਈ ਦਰਦ ਭਰੀ ਕਹਾਣੀ
NEXT STORY