Fact Check By BOOM
ਮਣੀਪੁਰ 'ਚ ਲੱਗੇ ਰਾਸ਼ਟਰਪਤੀ ਰਾਜ ਨਾਲ ਜੋੜ ਕੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਔਰਤਾਂ ਸੜਕ ਵਿਚਾਲੇ ਲੇਟ ਕੇ ਫ਼ੌਜ ਦੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਜਦੋਂ ਬੂਮ ਨੇ ਫੈਕਟ ਚੈੱਕ ਕੀਤਾ ਤਾਂ ਪਾਇਆ ਗਿਆ ਕਿ ਇਹ ਵੀਡੀਓ ਤਾਜ਼ਾ ਨਹੀਂ ਹੈ ਬਲਕਿ 30 ਅਪ੍ਰੈਲ, 2024 ਦਾ ਹੈ। ਉਦੋਂ ਮਣੀਪੁਰ ਦੇ ਬਿਸ਼ਨੂੰਪੁਰ ਜ਼ਿਲ੍ਹੇ ਦੇ ਕੁੰਬੀ ਇਲਾਕੇ ਵਿੱਚ ‘ਮੀਰਾ-ਪਬੀਸ’ ਗਰੁੱਪ ਦੀਆਂ ਔਰਤਾਂ ਨੇ ਫ਼ੌਜ ਵੱਲੋਂ ਜ਼ਬਤ ਕੀਤੇ ਹਥਿਆਰਾਂ ਨੂੰ ਵਾਪਸ ਲੈਣ ਲਈ ਰਸਤਾ ਰੋਕ ਦਿੱਤਾ ਸੀ।
'ਮੀਰਾ-ਪਬਿਸ' ਮੈਤੇਈ ਭਾਈਚਾਰੇ ਦੀਆਂ ਔਰਤਾਂ ਦਾ ਸਮੂਹ ਹੈ।
ਜ਼ਿਕਰਯੋਗ ਹੈ ਕਿ ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਦੇ ਅਸਤੀਫੇ ਤੋਂ ਬਾਅਦ 13 ਫਰਵਰੀ 2025 ਤੋਂ ਉੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਹੈ। ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ਤੋਂ ਬਾਅਦ ਵੀ ਮਣੀਪੁਰ ਤੋਂ ਲਗਾਤਾਰ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ।
ਇਸ ਦੇ ਮੱਦੇਨਜ਼ਰ ਇਹ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਹਾਲ ਦੀ ਘੜੀ ਵਾਇਰਲ ਹੋ ਰਹੀ ਹੈ। ਕਰੀਬ ਡੇਢ ਮਿੰਟ ਦੀ ਇਸ ਵੀਡੀਓ 'ਚ ਔਰਤਾਂ ਫੌਜ ਦੀਆਂ ਗੱਡੀਆਂ ਨੂੰ ਰੋਕਣ ਲਈ ਸੜਕ 'ਤੇ ਪਈਆਂ ਨਜ਼ਰ ਆ ਰਹੀਆਂ ਹਨ, ਜਦਕਿ ਫੌਜ ਦਾ ਕਾਫਲਾ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਅੱਗੇ ਵਧ ਰਿਹਾ ਹੈ।
ਫੇਸਬੁੱਕ 'ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ''ਰਾਸ਼ਟਰਪਤੀ ਸ਼ਾਸਨ ਤੋਂ ਬਾਅਦ ਬਦਲ ਗਿਆ ਮਨੀਪੁਰ! ਉਹ ਦਿਨ ਗਏ ਜਦੋਂ... ਅਜਿਹੀਆਂ ਰਣਨੀਤੀਆਂ ਲਾਭਦਾਇਕ ਹੁੰਦੀਆਂ ਸਨ, ਹੁਣ ਭਾਰਤੀ ਫੌਜ ਜਾਣਦੀ ਹੈ ਕਿ ਅਜਿਹੇ ਬਦਮਾਸ਼ ਤੱਤਾਂ ਨਾਲ ਕਿਵੇਂ ਨਜਿੱਠਣਾ ਹੈ।

ਪੋਸਟ ਦਾ ਆਰਕਾਈਵ ਲਿੰਕ.
ਫੈਕਟ ਚੈੱਕ: ਵਾਇਲ ਘਟਨਾ ਪੁਰਾਣੀ ਹੈ
ਮਣੀਪੁਰ ਵਿੱਚ ਫੌਜ ਦੇ ਕਾਫਲੇ ਨੂੰ ਰੋਕਣ ਵਾਲੀਆਂ ਔਰਤਾਂ ਨਾਲ ਸਬੰਧਤ ਕੀਵਰਡਸ ਦੀ ਖੋਜ ਕਰਨ 'ਤੇ ਸਾਨੂੰ 1 ਮਈ, 2024 ਦੀ ਨਾਗਾਲੈਂਡ ਪੋਸਟ ਦੀ ਰਿਪੋਰਟ ਮਿਲੀ, ਜਿਸ ਵਿੱਚ ਵਾਇਰਲ ਵੀਡੀਓ ਦੇ ਵਿਜ਼ੂਅਲ ਸਨ।
ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿ 30 ਅਪ੍ਰੈਲ 2024 ਨੂੰ ਬਿਸ਼ਨੂੰਪੁਰ ਜ਼ਿਲ੍ਹੇ ਵਿੱਚ ਔਰਤਾਂ ਨੇ ਭਾਰਤੀ ਫੌਜ ਦਾ ਰਸਤਾ ਰੋਕ ਦਿੱਤਾ ਸੀ। ਦਰਅਸਲ, 29 ਅਪ੍ਰੈਲ ਦੀ ਰਾਤ ਨੂੰ 2 ਮਹਾਰ (ਮਹਾਰ ਰੈਜੀਮੈਂਟ ਦੀ ਇਕ ਯੂਨਿਟ) ਦੇ ਜਵਾਨਾਂ ਨੇ ਬਿਸ਼ਨੂੰਪੁਰ ਜ਼ਿਲ੍ਹੇ ਦੇ ਕੁੰਬੀ ਥਾਣੇ ਦੇ ਅਧੀਨ ਥੰਗਲਵਈ ਖੇਤਰ ਵਿਚ ਦੋ ਐਸਯੂਵੀ ਵਾਹਨਾਂ ਨੂੰ ਰੋਕਿਆ ਜਿਸ ਵਿਚ 11 ਹਥਿਆਰਬੰਦ ਵਿਅਕਤੀ ਮੌਜੂਦ ਸਨ। ਫੌਜ ਨੇ ਉਨ੍ਹਾਂ ਦੇ ਹਥਿਆਰ ਜ਼ਬਤ ਕਰ ਲਏ।
ਅਗਲੇ ਦਿਨ ਔਰਤਾਂ ਨੇ ਜ਼ਬਤ ਕੀਤੇ ਹਥਿਆਰਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਥਾਣੇ ਵੱਲ ਜਾਂਦੀ ਸੜਕ ਜਾਮ ਕਰ ਦਿੱਤੀ।

ਰਿਵਰਸ ਇਮੇਜ ਸਰਚ ਦੀ ਮਦਦ ਨਾਲ ਸਾਨੂੰ 30 ਅਪ੍ਰੈਲ 2024 ਦੀ Mathrubhumi.com ਦੀ ਰਿਪੋਰਟ ਮਿਲੀ, ਜਿਸ ਅਨੁਸਾਰ, ਫੌਜ ਦੇ ਜਵਾਨਾਂ ਨੂੰ ਦੇਖ ਕੇ ਰੋਕੀਆਂ ਗਈਆਂ ਦੋਵੇਂ ਗੱਡੀਆਂ ਵਿੱਚ ਸਵਾਰ ਲੋਕ ਆਪਣੇ ਹਥਿਆਰ ਛੱਡ ਕੇ ਭੱਜ ਗਏ। ਇਸ ਤੋਂ ਬਾਅਦ ਮੀਰਾ ਪਬਿਸ ਸਮੂਹ ਦੀਆਂ ਔਰਤਾਂ ਨੇ ਫੌਜ ਤੋਂ ਜ਼ਬਤ ਕੀਤੇ ਹਥਿਆਰਾਂ ਨੂੰ ਵਾਪਸ ਕਰਨ ਦੀ ਮੰਗ ਕੀਤੀ।
ਇਸ ਮੰਗ ਨੂੰ ਲੈ ਕੇ ਸੈਂਕੜੇ ਔਰਤਾਂ ਨੇ ਸੜਕ ਜਾਮ ਕਰ ਦਿੱਤੀ ਅਤੇ ਫੌਜ ਦੇ ਕਾਫਲੇ ਨੂੰ ਇਲਾਕਾ ਛੱਡਣ ਤੋਂ ਰੋਕ ਦਿੱਤਾ। ਜਵਾਨਾਂ ਨੇ ਭੀੜ ਨੂੰ ਖਿੰਡਾਉਣ ਲਈ ਹਵਾਈ ਫਾਇਰਿੰਗ ਕੀਤੀ।

ਅਸੀਂ ISTV NEWS ਦੀ ਮਦਦ ਨਾਲ ਵੀਡੀਓ ਵਿੱਚ ਵਾਟਰਮਾਰਕ ਦਾ ਜ਼ਿਕਰ ਕਰਕੇ ਅਸਲੀ ਵੀਡੀਓ ਤੱਕ ਵੀ ਪਹੁੰਚ ਗਏ ਹਾਂ। 30 ਅਪ੍ਰੈਲ 2024 ਨੂੰ ISTV LIVE ਦੇ YouTube ਚੈਨਲ 'ਤੇ ਅੱਪਲੋਡ ਕੀਤੀ ਅਸਲੀ ਵੀਡੀਓ ਵਿੱਚ 6 ਮਿੰਟ 30 ਸੈਕਿੰਡ ਤੋਂ 8 ਮਿੰਟ ਤੱਕ ਦੇ ਵਾਇਰਲ ਹਿੱਸੇ ਨੂੰ ਦੇਖਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਉਸ ਸਮੇਂ NDTV, ABP ਨਿਊਜ਼, Aaj Tak ਅਤੇ Business Standard ਨੇ ਵੀ ਇਸ ਘਟਨਾ ਨਾਲ ਜੁੜੀਆਂ ਖਬਰਾਂ ਚਲਾਈਆਂ ਸਨ। ਇਸ ਤੋਂ ਸਾਫ ਹੈ ਕਿ 2024 ਦੀ ਘਟਨਾ ਦੀ ਵੀਡੀਓ ਨੂੰ ਹਾਲੀਆ ਸੰਦਰਭਾਂ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ BOOM ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਪਹਿਲਵਾਨ ਤੋਂ ਗੈਂਗਸਟਰ ਬਣੇ ਮਨਜੀਤ ਦਲਾਲ ਸਿੰਘੂ ਬਾਰਡਰ ਤੋਂ ਗ੍ਰਿਫ਼ਤਾਰ
NEXT STORY