ਤਿਰੂਵਨੰਤਪੁਰਮ, (ਭਾਸ਼ਾ)– ਕਾਂਗਰਸੀ ਨੇਤਾ ਅਤੇ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਬਿਹਾਰ ਚੋਣਾਂ ’ਚ ਪ੍ਰਚਾਰ ਲਈ ਸੱਦਾ ਨਹੀਂ ਦਿੱਤਾ ਗਿਆ ਸੀ। ਕਾਂਗਰਸ ਆਪਣੀ ਹਾਰ ਦੇ ਕਾਰਨਾਂ ਦੀ ਜਾਂਚ ਕਰੇਗੀ।
ਬਿਹਾਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ’ਚ ਥਰੂਰ ਨੇ ਕਿਹਾ ਕਿ ਪਾਰਟੀ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਹਾਰ ਦੇ ਕਾਰਨਾਂ ਦਾ ਵਿਸਥਾਰ ਨਾਲ ਅਧਿਐਨ ਕਰੇ।
ਉਨ੍ਹਾਂ ਕਿਹਾ, ‘‘ਯਾਦ ਰੱਖੋ ਕਿ ਅਸੀਂ ਗੱਠਜੋੜ ’ਚ ਸੀਨੀਅਰ ਸਹਿਯੋਗੀ ਨਹੀਂ ਸੀ ਅਤੇ ਰਾਜਦ ਨੂੰ ਵੀ ਆਪਣੀ ਕਾਰਗੁਜ਼ਾਰੀ ਵੱਲ ਧਿਆਨ ਦੇਣਾ ਪਵੇਗਾ।’’
ਉਨ੍ਹਾਂ ਅਨੁਸਾਰ ਬਿਹਾਰ ਵਰਗੇ ਲੋਕ ਫਤਵੇ ’ਚ ਪਾਰਟੀ ਦੀ ਸਮੁੱਚੀ ਕਾਰਗੁਜ਼ਾਰੀ ਦੀ ਜਾਂਚ ਕਰਨਾ ਅਹਿਮ ਹੈ ਅਤੇ ਚੋਣਾਂ ਕਈ ਚੀਜ਼ਾਂ ’ਤੇ ਨਿਰਭਰ ਕਰਦੀਆਂ ਹਨ। ਉਨ੍ਹਾਂ ਕਿਹਾ, ‘‘ਜ਼ਾਹਿਰ ਹੈ ਕਿ ਜਨਤਾ ਦਾ ਮੂਡ ਵੀ ਮਾਅਨੇ ਰੱਖਦਾ ਹੈ। ਸੰਗਠਨ ਦੀ ਤਾਕਤ ਤੇ ਕਮਜ਼ੋਰੀਆਂ ’ਤੇ ਸਵਾਲ ਹਨ। ਸੁਨੇਹਾ ਦੇਣ ਦਾ ਸਵਾਲ ਹੈ। ਇਨ੍ਹਾਂ ਮੁੱਦਿਆਂ ਵੱਲ ਧਿਆਨ ਦੇਣਾ ਪਵੇਗਾ।’’
ਥਰੂਰ ਨੇ ਕਿਹਾ, ‘‘ਨਤੀਜਿਆਂ ਦਾ ਡੂੰਘਾ ਵਿਸ਼ਲੇਸ਼ਣ ਕੀਤਾ ਜਾਵੇਗਾ। ਮੈਂ ਉੱਥੇ ਨਹੀਂ ਸੀ, ਮੈਨੂੰ ਬਿਹਾਰ ’ਚ ਪ੍ਰਚਾਰ ਲਈ ਸੱਦਾ ਨਹੀਂ ਦਿੱਤਾ ਗਿਆ ਸੀ। ਇਸ ਲਈ ਮੈਂ ਆਪਣੇ ਨਿੱਜੀ ਤਜਰਬੇ ਨਾਲ ਜ਼ਿਆਦਾ ਕੁਝ ਨਹੀਂ ਕਹਿ ਸਕਦਾ। ਜਿਹੜੇ ਲੋਕ ਉੱਥੇ ਸਨ, ਉਹ ਯਕੀਨੀ ਤੌਰ ’ਤੇ ਨਤੀਜਿਆਂ ਦਾ ਅਧਿਐਨ ਕਰਨਗੇ।’’
ਇਸ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਐੱਮ. ਐੱਮ. ਹਸਨ ਨੇ ਪਾਰਟੀ ’ਚ ਵੰਸ਼ਵਾਦ ਦੀ ਸਿਆਸਤ ਖਿਲਾਫ ਆਪਣੇ ਹਾਲੀਆ ਲੇਖ ਲਈ ਥਰੂਰ ਦੀ ਤਿੱਖੀ ਆਲੋਚਨਾ ਕੀਤੀ। ਇਕ ਹੋਰ ਪ੍ਰੋਗਰਾਮ ’ਚ ਹਸਨ ਨੇ ਕਿਹਾ ਕਿ ਥਰੂਰ ਨਹਿਰੂ ਪਰਿਵਾਰ ਦੇ ਸਮਰਥਨ ਨਾਲ ਸਿਆਸਤ ਵਿਚ ਆਏ ਅਤੇ ਉਨ੍ਹਾਂ ਦੀ ਬਦੌਲਤ ਹੀ ਉਨ੍ਹਾਂ ਨੂੰ ਸਾਰੇ ਅਹੁਦੇ ਤੇ ਪ੍ਰਸਿੱਧੀ ਮਿਲੀ।
ਭਾਜਪਾ ਹੈੱਡਕੁਆਰਟਰ ਪਹੁੰਚੇ ਮੋਦੀ, ਬਿਹਾਰੀ ਅੰਦਾਜ਼ ’ਚ ਗਮਛਾ ਲਹਿਰਾਇਆ
NEXT STORY