ਨਵੀਂ ਦਿੱਲੀ- ਪੱਛਮੀ ਬੰਗਾਲ ਦੇ ਕੋਲਕਾਤਾ ਆਰ. ਜੀ. ਕਰ ਮੈਡੀਕਲ ਕਾਲਜ ਵਿਚ ਇਕ ਪੋਸਟ ਗਰੈਜੂਏਟ ਟ੍ਰੇਨੀ ਮਹਿਲਾ ਡਾਕਟਰ ਨਾਲ ਗੈਂਗਰੇਪ ਮਗਰੋਂ ਉਸ ਦੇ ਕਤਲ ਦੇ ਮਾਮਲੇ ਵਿਚ ਨੋਟਿਸ ਲੈ ਕੇ ਕਾਰਵਾਈ ਸ਼ੁਰੂ ਕਰਨ ਲਈ ਸੁਪਰੀਮ ਕੋਰਟ 'ਚ ਇਕ ਪੱਤਰ ਪਟੀਸ਼ਨ ਦਾਇਰ ਕੀਤੀ ਗਈ ਹੈ। ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਨੂੰ ਭੇਜੇ ਪੱਤਰ ਪਟੀਸ਼ਨ 'ਚ ਸਿਕੰਦਰਾਬਾਦ ਦੇ ਆਰਮੀ ਕਾਲਜ ਆਫ਼ ਡੈਂਟਲ ਸਾਇੰਸੇਜ਼ ਦੀ ਬੀ. ਡੀ. ਐੱਸ. ਡਾ. ਮੋਨਿਕਾ ਸਿੰਘ ਨੇ ਕੋਲਕਾਤਾ ਵਿਚ 9 ਅਗਸਤ ਨੂੰ ਮਹਿਲਾ ਡਾਕਟਰ ਨਾਲ ਸ਼ਰਮਸਾਰ ਕਰਨ ਵਾਲੀ ਘਟਨਾ ਅਤੇ ਉਸ ਤੋਂ ਬਾਅਦ 14 ਅਗਸਤ ਨੂੰ ਆਰ. ਜੀ. ਕਰ ਮੈਡੀਕਲ ਕਾਲਜ 'ਤੇ ਹੋਏ ਹਮਲੇ ਦੀ ਵੀ ਨਿਰਪੱਖ ਜਾਂਚ ਯਕੀਨੀ ਕਰਨ ਦੀ ਅਪੀਲ ਕੀਤੀ ਹੈ।
ਪਟੀਸ਼ਨ ਵਿਚ ਕੋਲਕਾਤਾ ਦੇ ਉਸ ਕਾਲਜ 'ਚ ਹਾਲ ਹੀ ਵਿਚ ਹੋਈਆਂ ਘਟਨਾਵਾਂ 'ਤੇ ਝਾਨਣਾ ਪਾਉਂਦੇ ਹੋਏ ਮੈਡੀਕਲ ਪੇਸ਼ੇਵਰਾਂ 'ਤੇ ਹਮਲਿਆਂ ਦੀਆਂ ਕਈ ਘਟਨਾਵਾਂ ਦਾ ਜ਼ਿਕਰ ਕਰਦਿਆਂ ਮੋਨਿਕਾ ਸਿੰਘ ਨੇ ਕਿਹਾ ਕਿ ਮੈਡੀਕਲ ਪੇਸ਼ੇਵਰਾਂ 'ਤੇ ਹਮਲਿਆਂ ਨਾਲ ਜੁੜੀਆਂ ਹਾਲ ਦੀਆਂ ਘਟਨਾਵਾਂ ਨਾ ਸਿਰਫ਼ ਇਕ ਵਿਅਕਤੀਗਤ ਤ੍ਰਾਸਦੀ ਹੈ, ਸਗੋਂ ਉਨ੍ਹਾਂ ਲੋਕਾਂ ਦੇ ਸਾਹਮਣੇ ਆਉਣ ਵਾਲੇ ਗੰਭੀਰ ਜ਼ੋਖ਼ਮਾਂ ਦੀ ਭਿਆਨਕ ਯਾਦ ਦਿਵਾਉਂਦੀ ਹੈ, ਜੋ ਜ਼ਿੰਦਗੀ ਬਚਾਉਣ ਲਈ ਅਣਥੱਕ ਕੋਸ਼ਿਸ਼ ਕਰਦੇ ਹਨ।
ਆਪਣੇ ਵਕੀਲ ਸਤਿਅਮ ਸਿੰਘ ਰਾਹੀਂ ਭੇਜੀ ਪੱਤਰ ਪਟੀਸ਼ਨ ਵਿਚ ਉਨ੍ਹਾਂ ਲਿਖਿਆ ਕਿ ਹਮਲਿਆਂ (14 ਅਗਸਤ) ਨੇ ਹਸਪਤਾਲ ਦੇ ਕੰਮਕਾਜ ਨੂੰ ਬੁਰੀ ਤਰ੍ਹਾਂ ਨਾਲ ਵਿਗਾੜ ਦਿੱਤਾ ਹੈ ਅਤੇ ਮੈਡੀਕਲ ਸਟਾਫ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਕਾਲਜ ਅਤੇ ਇਸ ਦੇ ਸਟਾਫ ਦੀ ਸੁਰੱਖਿਆ ਲਈ ਕੇਂਦਰੀ ਬਲਾਂ ਨੂੰ ਤੁਰੰਤ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਦੇਸ਼ ਭਰ 'ਚ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਡਾ. ਮੋਨਿਕਾ ਸਿੰਘ ਨੇ ਹਮਲਿਆਂ ਦੀ ਪੂਰੀ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਦੇਸ਼ ਭਰ ਦੀਆਂ ਮੈਡੀਕਲ ਸੰਸਥਾਵਾਂ ਲਈ ਵਿਆਪਕ ਸੁਰੱਖਿਆ ਉਪਾਵਾਂ ਦੇ ਨਿਰਦੇਸ਼ ਦਿੱਤੇ ਹਨ।
ਪਟੀਸ਼ਨ ਵਿਚ ਅਦਾਲਤ ਨੂੰ ਮੈਡੀਕਲ ਸੰਸਥਾਵਾਂ ਵਿਚ ਸੁਰੱਖਿਆ ਸਖ਼ਤ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਕਿਹਾ ਗਿਆ ਹੈ। ਆਰ. ਜੀ. ਕਰ ਮੈਡੀਕਲ ਕਾਲਜ 'ਤੇ ਹਮਲਾ ਸਿਰਫ਼ ਹਿੰਸਾ ਦੀ ਇਕ ਵੱਖਰੀ ਘਟਨਾ ਨਹੀਂ ਹੈ, ਸਗੋਂ ਇਹ ਸਾਡੇ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਲਈ ਇਕ ਵੱਡਾ ਖ਼ਤਰਾ ਹੈ। ਇਹ ਉਨ੍ਹਾਂ ਲੋਕਾਂ ਦੀ ਸੁਰੱਖਿਆ ਨੂੰ ਕਮਜ਼ੋਰ ਕਰਦਾ ਹੈ ਜਿਨ੍ਹਾਂ ਨੇ ਦੂਜਿਆਂ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ। ਕਾਨੂੰਨ ਦੇ ਸ਼ਾਸਨ ਵਿਚ ਵਿਸ਼ਵਾਸ ਬਹਾਲ ਕਰਨ ਅਤੇ ਸਾਡੀਆਂ ਮੈਡੀਕਲ ਸੰਸਥਾਵਾਂ ਦੇ ਨਿਰਵਿਘਨ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸੁਪਰੀਮ ਕੋਰਟ ਵਲੋਂ ਤੁਰੰਤ ਅਤੇ ਫੈਸਲਾਕੁੰਨ ਕਾਰਵਾਈ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਪੋਸਟ ਗਰੈਜੂਏਟ ਟ੍ਰੇਨੀ ਮਹਿਲਾ ਡਾਕਟਰ ਨਾਲ ਡਿਊਟੀ ਦੌਰਾਨ 'ਤੇ ਗੈਂਗਰੇਪ ਕੀਤਾ ਗਿਆ ਸੀ ਅਤੇ ਫਿਰ ਕਤਲ ਕਰ ਦਿੱਤਾ ਗਿਆ। ਜਿਸ ਕਾਰਨ ਦੇਸ਼ ਭਰ ਵਿਚ ਲੱਖਾਂ ਡਾਕਟਰਾਂ ਅਤੇ ਹੋਰਾਂ ਵਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਘਰ ਦੇ ਬਾਹਰ ਖੇਡ ਰਹੀ ਢਾਈ ਸਾਲਾ ਮਾਸੂਮ ਅਚਾਨਕ ਹੋਈ ਲਾਪਤਾ, ਇਕ ਹਫ਼ਤੇ ਬਾਅਦ ਨਾਲੇ 'ਚੋਂ ਮਿਲੀ ਲਾਸ਼
NEXT STORY