ਰੇਵਾੜੀ, (ਹਰਿਆਣਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਰੇਵਾੜੀ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦਾ ਨੀਂਹ ਪੱਥਰ ਰੱਖਿਆ ਅਤੇ 9,750 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਹ ਪ੍ਰਾਜੈਕਟ ਸ਼ਹਿਰੀ ਆਵਾਜਾਈ, ਸਿਹਤ, ਰੇਲ ਅਤੇ ਸੈਰ-ਸਪਾਟਾ ਖੇਤਰਾਂ ਦੇ ਹਨ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ 'ਵਿਕਸਿਤ ਭਾਰਤ' ਲਈ ਹਰਿਆਣਾ ਦਾ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਸ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਰੇਵਾੜੀ 'ਚ ਰਾਜ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ।
ਪੀ.ਐੱਮ. ਮੋਦੀ ਨੇ ਕਿਹਾ ਕਿ ਹਰਿਆਣਾ ਦੀ ਡਬਲ ਇੰਜਣ ਵਾਲੀ ਸਰਕਾਰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਬਣਾਉਣ ਲਈ ਵਚਨਬੱਧ ਹੈ। ਪਿਛਲੇ 10 ਸਾਲਾਂ ਵਿੱਚ ਹਰਿਆਣਾ 'ਚ ਕਨੈਕਟੀਵਿਟੀ ਤੋਂ ਲੈ ਕੇ ਜਨਤਕ ਸਹੂਲਤਾਂ ਤੱਕ ਬੇਮਿਸਾਲ ਵਿਕਾਸ ਹੋਇਆ ਹੈ। ਰੇਵਾੜੀ ਵਿੱਚ ਏਮਜ਼ 203 ਏਕੜ ਵਿੱਚ ਬਣਾਇਆ ਜਾਣਾ ਹੈ ਅਤੇ ਇਸਦੀ ਲਾਗਤ 1,650 ਰੁਪਏ ਹੋਵੇਗੀ। ਇਸ ਵਿੱਚ 720 ਬਿਸਤਰਿਆਂ ਵਾਲਾ ਇੱਕ ਹਸਪਤਾਲ, 100 ਸੀਟਾਂ ਦੀ ਸਮਰੱਥਾ ਵਾਲਾ ਇੱਕ ਮੈਡੀਕਲ ਕਾਲਜ, 60 ਸੀਟਾਂ ਵਾਲਾ ਇੱਕ ਨਰਸਿੰਗ ਕਾਲਜ ਅਤੇ 30 ਬਿਸਤਰਿਆਂ ਵਾਲਾ ਇੱਕ ਆਯੂਸ਼ ਬਲਾਕ ਹੋਵੇਗਾ।
ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ (ਪੀ.ਐੱਮ.ਐੱਸ.ਐੱਸ.ਵਾਈ.) ਦੇ ਤਹਿਤ ਸਥਾਪਿਤ ਕੀਤਾ ਗਿਆ ਇਹ ਏਮਜ਼ ਹਰਿਆਣਾ ਦੇ ਲੋਕਾਂ ਨੂੰ ਵਿਆਪਕ ਗੁਣਵੱਤਾ ਅਤੇ ਸੰਪੂਰਨ ਦੇਖਭਾਲ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ। ਕਾਰਡੀਓਲੋਜੀ, ਗੈਸਟਰੋ-ਐਂਟਰੌਲੋਜੀ, ਨੈਫਰੋਲੋਜੀ, ਯੂਰੋਲੋਜੀ, ਨਿਊਰੋਲੋਜੀ, ਨਿਊਰੋਸਰਜਰੀ, ਮੈਡੀਕਲ ਓਨਕੋਲੋਜੀ, ਸਰਜੀਕਲ ਓਨਕੋਲੋਜੀ, ਐਂਡੋਕਰੀਨੋਲੋਜੀ, ਬਰਨ ਅਤੇ ਪਲਾਸਟਿਕ ਸਰਜਰੀ ਸਮੇਤ ਦੇਖਭਾਲ ਸੇਵਾਵਾਂ ਇੱਥੇ ਉਪਲਬਧ ਹੋਣਗੀਆਂ। ਇੰਸਟੀਚਿਊਟ ਵਿੱਚ ਇੰਟੈਂਸਿਵ ਕੇਅਰ ਯੂਨਿਟ, ਐਮਰਜੈਂਸੀ ਅਤੇ ਟਰੌਮਾ ਯੂਨਿਟ, ਸੋਲਾਂ ਮਾਡਿਊਲਰ ਅਪਰੇਸ਼ਨ ਥੀਏਟਰ, ਡਾਇਗਨੌਸਟਿਕ ਲੈਬਾਰਟਰੀਆਂ, ਬਲੱਡ ਬੈਂਕ, ਫਾਰਮੇਸੀ ਆਦਿ ਵਰਗੀਆਂ ਸਹੂਲਤਾਂ ਵੀ ਹੋਣਗੀਆਂ। ਬਿਆਨ ਵਿੱਚ ਕਿਹਾ ਗਿਆ ਹੈ ਕਿ ਹਰਿਆਣਾ ਵਿੱਚ ਏਮਜ਼ ਦੀ ਸਥਾਪਨਾ ਹਰਿਆਣਾ ਦੇ ਲੋਕਾਂ ਨੂੰ ਵਿਆਪਕ, ਗੁਣਵੱਤਾ ਅਤੇ ਸੰਪੂਰਨ ਦੇਖਭਾਲ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਗੁਰੂਗ੍ਰਾਮ ਮੈਟਰੋ ਰੇਲ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਨੂੰ ਲਗਭਗ 5,450 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ। ਲਗਭਗ 28.5 ਕਿਲੋਮੀਟਰ ਦੀ ਕੁੱਲ ਲੰਬਾਈ ਵਾਲਾ ਇਹ ਪ੍ਰੋਜੈਕਟ ਮਿਲੇਨੀਅਮ ਸਿਟੀ ਸੈਂਟਰ ਨੂੰ ਉਦਯੋਗ ਵਿਹਾਰ ਫੇਜ਼-5 ਨਾਲ ਜੋੜੇਗਾ ਅਤੇ ਸਾਈਬਰ ਸਿਟੀ ਨੇੜੇ ਮੌਲਸਰੀ ਐਵੇਨਿਊ ਸਟੇਸ਼ਨ 'ਤੇ ਰੈਪਿਡ ਮੈਟਰੋ ਰੇਲ ਗੁਰੂਗ੍ਰਾਮ ਦੇ ਮੌਜੂਦਾ ਮੈਟਰੋ ਨੈੱਟਵਰਕ ਨਾਲ ਜੁੜ ਜਾਵੇਗਾ। ਬਿਆਨ ਦੇ ਅਨੁਸਾਰ, ਇਹ ਪ੍ਰੋਜੈਕਟ ਲੋਕਾਂ ਨੂੰ ਵਿਸ਼ਵ ਪੱਧਰੀ ਵਾਤਾਵਰਣ-ਅਨੁਕੂਲ ਤੇਜ਼ ਸ਼ਹਿਰੀ ਆਵਾਜਾਈ ਪ੍ਰਣਾਲੀ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਪ੍ਰਧਾਨ ਮੰਤਰੀ ਨੇ ਕੁਰੂਕਸ਼ੇਤਰ ਵਿੱਚ ਨਵੇਂ ਬਣੇ ਅਨੁਭਵ ਕੇਂਦਰ ਜੋਤੀਸਰ ਦਾ ਉਦਘਾਟਨ ਕੀਤਾ। ਇਹ ਅਨੁਭਵੀ ਅਜਾਇਬ ਘਰ ਲਗਭਗ 240 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਅਜਾਇਬ ਘਰ 17 ਏਕੜ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ 100,000 ਵਰਗ ਫੁੱਟ ਤੋਂ ਵੱਧ ਇਨਡੋਰ ਸਪੇਸ ਸ਼ਾਮਲ ਹੈ। ਇਹ ਮਹਾਂਭਾਰਤ ਦੀ ਮਹਾਂਕਾਵਿ ਕਹਾਣੀ ਅਤੇ ਗੀਤਾ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਲਿਆਵੇਗਾ। ਜੋਤੀਸਰ, ਕੁਰੂਕਸ਼ੇਤਰ ਉਹ ਪਵਿੱਤਰ ਸਥਾਨ ਹੈ ਜਿੱਥੇ ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ ਭਗਵਦ ਗੀਤਾ ਦਾ ਸਦੀਵੀ ਗਿਆਨ ਪ੍ਰਦਾਨ ਕੀਤਾ ਸੀ। ਪ੍ਰਧਾਨ ਮੰਤਰੀ ਨੇ ਕਈ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਕੁਝ ਰਾਸ਼ਟਰ ਨੂੰ ਸਮਰਪਿਤ ਕੀਤੇ।
ਜਿਨ੍ਹਾਂ ਪ੍ਰੋਜੈਕਟਾਂ ਲਈ ਨੀਂਹ ਪੱਥਰ ਰੱਖਿਆ ਗਿਆ ਸੀ, ਉਨ੍ਹਾਂ ਵਿੱਚ ਰੇਵਾੜੀ-ਕਠੂਵਾਸ ਰੇਲਵੇ ਲਾਈਨ (27.73 ਕਿਲੋਮੀਟਰ), ਕਠੂਵਾਸ-ਨਾਰਨੌਲ ਰੇਲਵੇ ਲਾਈਨ (24.12 ਕਿਲੋਮੀਟਰ), ਭਿਵਾਨੀ-ਦੋਭ ਭਲੀ ਰੇਲਵੇ ਲਾਈਨ (42.30 ਕਿਲੋਮੀਟਰ) ਅਤੇ ਮਨਹੇੜੂ-ਬਵਾਨੀਖੇੜਾ ਰੇਲ ਲਾਈਨ (3150 ਕਿਲੋਮੀਟਰ) ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਰੋਹਤਕ-ਮਹਿਮ-ਹਾਂਸੀ ਰੇਲਵੇ ਲਾਈਨ (68 ਕਿਲੋਮੀਟਰ) ਦੇਸ਼ ਨੂੰ ਸਮਰਪਿਤ ਕੀਤੀ। ਇਸ ਨਾਲ ਰੋਹਤਕ ਅਤੇ ਹਿਸਾਰ ਵਿਚਾਲੇ ਯਾਤਰਾ ਦਾ ਸਮਾਂ ਘੱਟ ਜਾਵੇਗਾ। ਉਨ੍ਹਾਂ ਰੋਹਤਕ-ਮਹਿਮ-ਹਾਂਸੀ ਸੈਕਸ਼ਨ 'ਤੇ ਰੇਲ ਸੇਵਾ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਨਾਲ ਰੋਹਤਕ ਅਤੇ ਹਿਸਾਰ ਖੇਤਰ ਵਿੱਚ ਰੇਲ ਸੰਪਰਕ ਵਿੱਚ ਸੁਧਾਰ ਹੋਵੇਗਾ ਅਤੇ ਰੇਲ ਯਾਤਰੀਆਂ ਨੂੰ ਫਾਇਦਾ ਹੋਵੇਗਾ।
ਸ਼ੰਭੂ ਬਾਰਡਰ 'ਤੇ ਬੈਰੀਕੇਡਿੰਗ ਕੋਲ ਕਿਸਾਨਾਂ ਦਾ ਇਕੱਠ ਹੋਣ 'ਤੇ ਹਰਿਆਣਾ ਪੁਲਸ ਨੇ ਦਾਗ਼ੇ ਹੰਝੂ ਗੈਸ ਦੇ ਗੋਲੇ
NEXT STORY