ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕੇ ਅਤੇ ਮਾਲਦੀਵਜ਼ ਦੀ ਚਾਰ ਰੋਜ਼ਾ ਦੀ ਫੇਰੀ ਲਈ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਦੀ ਯੂਕੇ ਫੇਰੀ ਦੌਰਾਨ ਭਾਰਤ-ਯੂਕੇ ਫ੍ਰੀ ਟਰੇਡ ਐਗਰੀਮੈਂਟ (ਮੁਕਤ ਵਪਾਰ ਸਮਝੌਤੇ) ਉੱਤੇ ਸਹੀ ਪੈਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੀ ਇਸ ਫੇਰੀ ਨਾਲ ਦੋਵਾਂ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਹੁਲਾਰਾ ਮਿਲੇਗਾ। ਨਵੰਬਰ 2023 ਵਿੱਚ ਰਾਸ਼ਟਰਪਤੀ ਮੁਹੰਮਦ ਮੁਈਜ਼ੋ ਦੇ ਅਹੁਦਾ ਸੰਭਾਲਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਮਾਲਦੀਵ ਦਾ ਸਰਕਾਰੀ ਦੌਰਾ ਕਰ ਰਹੇ ਹਨ। ਉਨ੍ਹਾਂ ਨੂੰ 26 ਜੁਲਾਈ ਨੂੰ ਮਾਲਦੀਵ ਦੀ ਆਜ਼ਾਦੀ ਦੀ 60ਵੀਂ ਵਰ੍ਹੇਗੰਢ ਦੇ ਜਸ਼ਨਾਂ ਲਈ 'ਮਹਿਮਾਨ ਵਜੋਂ' ਸੱਦਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦੌਰਾ ਇਕ ਇਤਿਹਾਸਕ ਮੋੜ 'ਤੇ ਹੋ ਰਹੀ ਹੈ ਕਿਉਂਕਿ ਨਵੀਂ ਦਿੱਲੀ ਅਤੇ ਮਾਲੇ ਆਪਣੇ ਕੂਟਨੀਤਕ ਸੰਬੰਧਾਂ ਦੀ ਸਥਾਪਨਾ ਦੀ 60ਵੀਂ ਵਰ੍ਹੇਗੰਢ ਮਨਾ ਰਹੇ ਹਨ। ਇਸ ਦੌਰੇ ਵਿੱਚ ਕਈ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਜਾਣਗੇ ਜੋ ਵਿਕਾਸ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਗੇ, ਜਿਸ ਵਿੱਚ ਭਾਰਤ ਆਪਣੀ 'ਗੁਆਂਢੀ ਪਹਿਲਾਂ' ਨੀਤੀ ਦੇ ਤਹਿਤ ਸਰਗਰਮੀ ਨਾਲ ਜੁੜਿਆ ਹੋਇਆ ਹੈ।
ਇਹ ਪ੍ਰਧਾਨ ਮੰਤਰੀ ਦਾ ਮਾਲਦੀਵ ਦਾ ਤੀਜਾ ਦੌਰਾ ਹੋਵੇਗਾ ਅਤੇ ਮੁਹੰਮਦ ਮੁਈਜ਼ੂ ਦੀ ਪ੍ਰਧਾਨਗੀ ਦੌਰਾਨ ਕਿਸੇ ਰਾਜ ਜਾਂ ਸਰਕਾਰ ਦੇ ਮੁਖੀ ਦੁਆਰਾ ਮਾਲਦੀਵ ਦਾ ਪਹਿਲਾ ਦੌਰਾ ਹੋਵੇਗਾ। ਭਾਰਤ ਅਤੇ ਮਾਲਦੀਵ ਵਿਚਕਾਰ ਇਕ ਨਿਰੰਤਰ ਅਤੇ ਨਿਯਮਤ ਉੱਚ-ਪੱਧਰੀ ਗੱਲਬਾਤ ਰਹੀ ਹੈ, ਕਿਉਂਕਿ ਨਵੀਂ ਦਿੱਲੀ ਆਪਣੇ ਗੁਆਂਢੀ ਦੇ ਵਿਕਾਸ ਦਾ ਸਰਗਰਮੀ ਨਾਲ ਸਮਰਥਨ ਕਰਦੀ ਹੈ। ਇਸ ਮਈ ਦੇ ਸ਼ੁਰੂ ਵਿੱਚ ਭਾਰਤ ਅਤੇ ਮਾਲਦੀਵ ਨੇ ਵਿਆਪਕ ਆਰਥਿਕ ਅਤੇ ਸਮੁੰਦਰੀ ਸੁਰੱਖਿਆ ਭਾਈਵਾਲੀ 'ਤੇ ਭਾਰਤ-ਮਾਲਦੀਵ ਵਿਜ਼ਨ ਦਸਤਾਵੇਜ਼ ਦੇ ਲਾਗੂਕਰਨ ਵਿੱਚ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਇਕ ਉੱਚ-ਪੱਧਰੀ ਕੋਰ ਗਰੁੱਪ (HLCG) ਮੀਟਿੰਗ ਕੀਤੀ। ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਖਲੀਲ ਨੇ ਮੀਟਿੰਗ ਵਿੱਚ ਮਾਲਦੀਵ ਦੇ ਵਫ਼ਦ ਦੀ ਅਗਵਾਈ ਕੀਤੀ, ਜਿੱਥੇ ਰਾਜਨੀਤਿਕ ਆਦਾਨ-ਪ੍ਰਦਾਨ, ਰੱਖਿਆ ਅਤੇ ਸੁਰੱਖਿਆ ਸਹਿਯੋਗ, ਵਿਕਾਸ ਭਾਈਵਾਲੀ, ਵਪਾਰ, ਆਰਥਿਕਤਾ, ਸਿਹਤ ਅਤੇ ਲੋਕਾਂ-ਤੋਂ-ਲੋਕਾਂ ਦੇ ਸਬੰਧਾਂ ਨੂੰ ਵਧਾਉਣ ਬਾਰੇ ਚਰਚਾ ਕੀਤੀ ਗਈ।
ਨਰਿੰਦਰ ਮੋਦੀ ਨੇ ਆਪਣੇ ਰਵਾਨਗੀ ਬਿਆਨ ਵਿੱਚ ਕਿਹਾ ਕਿ ਭਾਰਤ ਅਤੇ ਯੂਨਾਈਟਿਡ ਕਿੰਗਡਮ ਇਕ ਵਿਆਪਕ ਰਣਨੀਤਕ ਭਾਈਵਾਲ ਹਨਸ ਜਿਨ੍ਹਾਂ ਹਾਲੀਆ ਸਾਲਾਂ ਵਿਚ ਦੁਵੱਲੇ ਰਿਸ਼ਤਿਆਂ ਵਿੱਚ ਅਹਿਮ ਪ੍ਰਗਤੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਕੇ ਦੇ ਆਪਣੇ ਹਮਰੁਤਬਾ ਸਰ ਕੀਰ ਸਟਾਰਮਰ ਨਾਲ ਮੇਰੀ ਮੁਲਾਕਾਤ ਦੌਰਾਨ, ਸਾਨੂੰ ਆਪਣੀ ਆਰਥਿਕ ਭਾਈਵਾਲੀ ਨੂੰ ਹੋਰ ਵਧਾਉਣ ਦਾ ਮੌਕਾ ਮਿਲੇਗਾ, ਜਿਸ ਦਾ ਮੰਤਵ ਦੋਵਾਂ ਦੇਸ਼ਾਂ ਵਿੱਚ ਖੁਸ਼ਹਾਲੀ, ਵਿਕਾਸ ਅਤੇ ਰੁਜ਼ਗਾਰ ਸਿਰਜਣਾ ਨੂੰ ਹੱਲਾਸ਼ੇਰੀ ਦੇਣਾ ਹੈ।
ਕੀ ਬਿੱਲਾਂ ’ਤੇ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਤੈਅ ਕੀਤੀ ਜਾ ਸਕਦੀ ਹੈ ਸਮਾਂ-ਹੱਦ?
NEXT STORY