ਮੁੰਬਈ (ਬਿਊਰੋ) - ਭਾਰਤੀ ਫ਼ਿਲਮ 'ਆਰ.ਆਰ.ਆਰ.' ਦੇ ਗੀਤ 'ਨਾਟੂ ਨਾਟੂ' ਨੇ ਅਕੈਡਮੀ ਐਵਾਰਡਜ਼ 'ਚ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ 'ਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਕੈਟਾਗਰੀ 'ਚ ਗੀਤ 'ਨਾਟੂ ਨਾਟੂ' ਨੇ ਫ਼ਿਲਮ 'ਟੈੱਲ ਇਟ ਲਾਈਕ ਏ ਵੂਮੈਨ' ਦੇ ਗੀਤ 'ਅਪਲਾਜ', 'ਟੌਪ ਗਨ: ਮਾਵੇਰਿਕ' ਦੇ ਗੀਤ 'ਹੋਲਡ ਮਾਈ ਹੈਂਡ', 'ਬਲੈਕ ਪੈਂਥਰ: ਵਾਕਾਂਡਾ ਫਾਰਐਵਰ' ਦੇ 'ਲਿਫਟ ਮੀ ਅੱਪ' ਅਤੇ 'ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ' ਦੇ 'ਦਿਸ ਇਜ਼ ਏ ਲਾਈਫ' ਨੂੰ ਮਾਤ ਦਿੱਤੀ।
ਫ਼ਿਲਮ 'ਆਰ.ਆਰ.ਆਰ.' ਦੇ ਗੀਤ 'ਨਾਟੂ ਨਾਟੂ' ਨੇ ਆਸਕਰ ਐਵਾਰਡ 2023 ਦੀ ਸਰਵੋਤਮ ਗੀਤ ਸ਼੍ਰੇਣੀ ਦਾ ਖਿਤਾਬ ਜਿੱਤਣ 'ਤੇ ਪੂਰਾ ਦੇਸ਼ ਇਸ ਜਿੱਤ ਦਾ ਜਸ਼ਨ ਮਨਾ ਰਿਹਾ ਹੈ। ਗੀਤ 'ਨਾਟੂ-ਨਾਟੂ' ਹੀ ਨਹੀਂ ਸਗੋਂ ਭਾਰਤ ਦੀ ਸ਼ਾਰਟ ਡਾਕਿਊਮੈਂਟਰੀ ਫ਼ਿਲਮ 'ਦਿ ਐਲੀਫੈਂਟ ਵਿਸਪਰਜ਼' ਨੇ ਅੱਜ ਸਰਬੋਤਮ ਡਾਕੂਮੈਂਟਰੀ ਫ਼ਿਲਮ ਦਾ ਆਸਕਰ ਪੁਰਸਕਾਰ ਵੀ ਜਿੱਤਿਆ ਹੈ। ਭਾਰਤ ਦੇ ਨਾਂ ਦੋ ਵੱਡੇ ਐਵਾਰਡ ਆਉਣ 'ਤੇ ਪੂਰਾ ਦੇਸ਼ ਖੁਸ਼ੀ ਨਾਲ ਨੱਚ ਰਿਹਾ ਹੈ। ਆਮ ਤੋਂ ਲੈ ਕੇ ਖ਼ਾਸ ਤੱਕ ਹਰ ਕੋਈ ਦੋਵਾਂ ਫ਼ਿਲਮਾਂ ਦੇ ਲੋਕਾਂ ਨੂੰ ਵਧਾਈਆਂ ਦੇ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੁਰਸਕਾਰ ਜਿੱਤਣ 'ਤੇ ਦੋਵਾਂ ਫ਼ਿਲਮਾਂ ਦੀਆਂ ਟੀਮਾਂ ਨੂੰ ਵਧਾਈਆਂ ਦਿੱਤੀਆਂ ਹਨ।
ਪੀ. ਐੱਮ. ਮੋਦੀ ਨੇ ਸੋਸ਼ਲ ਮੀਡੀਆ 'ਤੇ ਦੋ ਟਵੀਟ ਕੀਤੇ ਹਨ। ਪਹਿਲੇ ਟਵੀਟ 'ਚ ਉਨ੍ਹਾਂ ਨੇ ਲਿਖਿਆ ਹੈ, 'ਬੇਮਿਸਾਲ! ‘ਨਾਟੂ ਨਾਟੂ’ ਦੀ ਪ੍ਰਸਿੱਧੀ ਦੁਨੀਆ ਭਰ ’ਚ ਹੈ। ਇਹ ਇਕ ਅਜਿਹਾ ਗੀਤ ਹੋਵੇਗਾ, ਜੋ ਆਉਣ ਵਾਲੇ ਸਾਲਾਂ ਤੱਕ ਯਾਦ ਰਹੇਗਾ। ਐੱਮ. ਐੱਮ. ਕੀਰਵਾਨੀ, ਚੰਦਰ ਬੋਸ ਤੇ ਸਮੁੱਚੀ ਟੀਮ ਨੂੰ ਇਸ ਵੱਕਾਰੀ ਸਨਮਾਨ ਲਈ ਵਧਾਈ। ਭਾਰਤ ਖ਼ੁਸ਼ ਤੇ ਮਾਣ ਮਹਿਸੂਸ ਕਰ ਰਿਹਾ ਹੈ। #ਆਸਕਰ।
ਪੀ. ਐੱਮ. ਮੋਦੀ ਨੇ ਦੂਜੇ ਟਵੀਟ 'ਚ ਲਿਖਿਆ, 'ਇਸ ਸਨਮਾਨ ਲਈ @Earthspectr@guneetm ਅਤੇ 'ਦਿ ਐਲੀਫੈਂਟ ਵਿਸਪਰਸ' ਦੀ ਪੂਰੀ ਟੀਮ ਨੂੰ ਵਧਾਈ। ਉਸ ਦਾ ਕੰਮ ਸ਼ਾਨਦਾਰ ਢੰਗ ਨਾਲ ਟਿਕਾਊ ਵਿਕਾਸ ਅਤੇ ਕੁਦਰਤ ਦੇ ਨਾਲ ਇਕਸੁਰਤਾ 'ਚ ਰਹਿਣ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। #ਆਸਕਰ।'
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
PM ਦੀ ਸੁਰੱਖਿਆ 'ਚ ਲਾਪਰਵਾਹੀ ਦਾ ਮਾਮਲਾ : ਕੇਂਦਰ ਨੇ ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ
NEXT STORY