ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਕਿਹਾ ਕਿ ਅਸੀਂ ਤਾਂ ਕੰਧਾਂ ’ਤੇ ‘ਕਮਲ’ ਨੂੰ ਪੇਂਟ ਕੀਤਾ ਸੀ ਪਰ ਇਹ ਹੁਣ ਲੋਕਾਂ ਦੇ ਦਿਲਾਂ ’ਚ ਖਿੜ ਗਿਆ ਹੈ।
ਭਾਜਪਾ ਦੀ ਮੈਂਬਰੀ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਿਹੜੀਆਂ ਪਾਰਟੀਆਂ ਲੋਕਰਾਜੀ ਕਦਰਾਂ-ਕੀਮਤਾਂ ਨੂੰ ਨਹੀਂ ਅਪਣਾਉਂਦੀਆਂ, ਉਨ੍ਹਾਂ ’ਚ ਅੰਦਰੂਨੀ ਲੋਕਰਾਜ ਪ੍ਰਫੁੱਲਤ ਨਹੀਂ ਹੁੰਦਾ ਤੇ ਉਨ੍ਹਾਂ ਦੀ ਹਾਲਤ ਕੀ ਹੋ ਸਕਦੀ ਹੈ, ਇਸ ਨੂੰ ਦੇਸ਼ ਦੀਆਂ ਕਈ ਪਾਰਟੀਆਂ ’ਚ ਵੇਖਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਆਪਣੀ ਪਾਰਟੀ ਦੇ ਸੰਵਿਧਾਨ ਅਨੁਸਾਰ ਲੋਕਰਾਜੀ ਪ੍ਰਕਿਰਿਆਵਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰ ਕੇ ਆਪਣੇ ਕੰਮ ਦਾ ਪਸਾਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਿਰਫ਼ ਇਕ ਰਸਮ ਨਹੀਂ ਹੈ। ਇਹ ਸਾਡੇ ਪਰਿਵਾਰ ਦਾ ਵਾਧਾ ਹੈ। ਇਹ ਨੰਬਰਾਂ ਦੀ ਖੇਡ ਨਹੀਂ ਹੈ। ਇਹ ਅਰਥ ਨਹੀਂ ਰੱਖਦਾ ਕਿ ਅਸੀਂ ਕਿਹੜਾ ਨੰਬਰ ਹਾਸਲ ਕਰਦੇ ਹਾਂ। ਮੈਂਬਰੀ ਦੀ ਇਹ ਮੁਹਿੰਮ ਇਕ ਵਿਚਾਰਧਾਰਕ ਤੇ ਭਾਵਨਾਤਮਕ ਲਹਿਰ ਹੈ।
ਪ੍ਰਧਾਨ ਮੰਤਰੀ ਨੇ ਭਾਰਤੀ ਜਨ ਸੰਘ ਦੇ ਦੌਰ ਤੋਂ ਭਾਜਪਾ ਤਕ ਦੇ ਸਫ਼ਰ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਸਿਆਸੀ ਪਾਰਟੀ ਨੇ ਦੇਸ਼ ’ਚ ਇਕ ਨਵਾਂ ਸਿਆਸੀ ਸੱਭਿਆਚਾਰ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਜਿਸ ਸਿਆਸੀ ਪਾਰਟੀ ਨੂੰ ਦੇਸ਼ ਦੇ ਲੋਕ ਸੱਤਾ ਸੌਂਪਦੇ ਹਨ, ਜੇ ਉਹ ਲੋਕਰਾਜੀ ਕਦਰਾਂ-ਕੀਮਤਾਂ ਦੀ ਪਾਲਣਾ ਨਹੀਂ ਕਰਦੀ ਤਾਂ ਉਸ ’ਚ ਅੰਦਰੂਨੀ ਲੋਕਰਾਜ ਲਗਾਤਾਰ ਪ੍ਰਫੁੱਲਤ ਨਹੀਂ ਹੁੰਦਾ। ਫਿਰ ਉਹ ਸਥਿਤੀ ਪੈਦਾ ਹੋ ਜਾਂਦੀ ਹੈ, ਜੋ ਅਸੀਂ ਅੱਜ ਦੇਸ਼ ਦੀਆਂ ਕਈ ਪਾਰਟੀਆਂ ਵਿਚ ਵੇਖ ਰਹੇ ਹਾਂ।
ਮੋਦੀ ਨੇ ਕਿਹਾ ਕਿ ਜਨਸੰਘ ਦੇ ਦੌਰ ’ਚ ਵਰਕਰ ਬੜੇ ਉਤਸ਼ਾਹ ਨਾਲ ਕੰਧਾਂ ’ਤੇ ਦੀਵੇ (ਭਾਰਤੀ ਜਨ ਸੰਘ ਦਾ ਚੋਣ ਨਿਸ਼ਾਨ) ਪੇਂਟ ਕਰਦੇ ਸਨ, ਜਦਕਿ ਕਈ ਸਿਆਸੀ ਪਾਰਟੀਆਂ ਦੇ ਨੇਤਾ ਇਹ ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ ਕਿ ਕੰਧਾਂ 'ਤੇ ਦੀਵੇ ਪੇਂਟ ਕਰ ਕੇ ਸੱਤਾ ਦੇ ਗਲਿਆਰਿਆਂ ਤਕ ਨਹੀਂ ਪਹੁੰਚਿਆ ਜਾ ਸਕਦਾ।
ਉਨ੍ਹਾਂ ਕਿਹਾ ਕਿ ਅਸੀਂ ਉਹ ਲੋਕ ਹਾਂ, ਜਿਨ੍ਹਾਂ ਨੇ ਸ਼ਰਧਾ ਨਾਲ ਕੰਧਾਂ ’ਤੇ ਕਮਲ (ਭਾਜਪਾ ਦਾ ਚੋਣ ਨਿਸ਼ਾਨ) ਪੇਂਟ ਕੀਤਾ ਕਿਉਂਕਿ ਸਾਨੂੰ ਭਰੋਸਾ ਸੀ ਕਿ ਕੰਧਾਂ ’ਤੇ ਪੇਂਟ ਕੀਤਾ ‘ਕਮਲ’ ਇਕ ਦਿਨ ਲੋਕਾਂ ਦੇ ਦਿਲਾਂ ’ਤੇ ਵੀ ਪੇਂਟ ਹੋ ਜਾਵੇਗਾ। ਅੱਜ ‘ਕਮਲ’ ਲੋਕਾਂ ਦੇ ਦਿਲਾਂ ’ਚ ਖਿੜ ਗਿਆ ਹੈ।
ਅਰੁਣਾ ਚੌਧਰੀ ਨੂੰ ਕਾਂਗਰਸ ਨੇ ਸੌਂਪੀ ਅਹਿਮ ਜ਼ਿੰਮੇਵਾਰੀ, ਬਣਾਇਆ ਪੰਜਾਬ ਵਿਧਾਇਕ ਦਲ ਦਾ ਡਿਪਟੀ ਲੀਡਰ
NEXT STORY