ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਪਾਕਿਸਤਾਨ ਸਪਾਂਸਰਡ ਅੱਤਵਾਦ ਦੀ ਪੋਲ ਖੋਲ੍ਹਣ ਅਤੇ ਭਾਰਤ ਦੇ ਮਜ਼ਬੂਤ ਰੁਖ ਤੋਂ ਜਾਣੂ ਕਰਵਾਉਣ ਲਈ ਪੂਰੀ ਦੁਨੀਆ ਦੀਆਂ ਰਾਜਧਾਨੀਆਂ ਦੇ ਦੌਰੇ ’ਤੇ ਗਏ ਸਰਬਪਾਰਟੀ ਵਫ਼ਦਾਂ ਦੇ ਮੈਂਬਰਾਂ ਨਾਲ ਮੰਗਲਵਾਰ ਸ਼ਾਮ ਨੂੰ ਮੁਲਾਕਾਤ ਕੀਤੀ ਤੇ ਇਕੱਠਿਆਂ ਡਿਨਰ ਕੀਤਾ।
ਮੈਂਬਰਾਂ ਨੇ ਪ੍ਰਧਾਨ ਮੰਤਰੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਕੇਂਦਰ ਸਰਕਾਰ ਪਹਿਲਾਂ ਹੀ 50 ਤੋਂ ਵੱਧ ਵਿਅਕਤੀਆਂ ਵਾਲੇ 7 ਵਫ਼ਦਾਂ ਦੇ ਕੰਮ ਦੀ ਸ਼ਲਾਘਾ ਕਰ ਚੁੱਕੀ ਹੈ, ਜਿਨ੍ਹਾਂ ’ਚ ਜ਼ਿਆਦਾਤਰ ਮੌਜੂਦਾ ਸੰਸਦ ਮੈਂਬਰ ਹਨ।
ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਡਿਪਲੋਮੈਟ ਵੀ ਇਨ੍ਹਾਂ ਵਫ਼ਦਾਂ ਦਾ ਹਿੱਸਾ ਸਨ, ਜਿਨ੍ਹਾਂ ਨੇ 33 ਵਿਦੇਸ਼ੀ ਰਾਜਧਾਨੀਆਂ ਅਤੇ ਯੂਰਪੀਅਨ ਯੂਨੀਅਨ ਦਾ ਦੌਰਾ ਕੀਤਾ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਪਹਿਲਾਂ ਹੀ ਵਫ਼ਦਾਂ ਨਾਲ ਮੁਲਾਕਾਤ ਕਰ ਚੁੱਕੇ ਹਨ ਅਤੇ ਪਾਕਿਸਤਾਨ ਸਪਾਂਸਰਡ ਅੱਤਵਾਦ ਵਿਰੁੱਧ ਭਾਰਤ ਦੇ ਸਖ਼ਤ ਰੁਖ ਤੋਂ ਜਾਣੂ ਕਰਵਾਉਣ ’ਚ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰ ਚੁੱਕੇ ਹਨ।
4 ਵਫ਼ਦਾਂ ਦੀ ਅਗਵਾਈ ਸੱਤਾਧਾਰੀ ਗੱਠਜੋੜ ਦੇ ਸੰਸਦ ਮੈਂਬਰਾਂ ਨੇ ਕੀਤੀ, ਜਿਨ੍ਹਾਂ ’ਚੋਂ ਭਾਜਪਾ ਦੇ 2, ਜਨਤਾ ਦਲ (ਯੂ) ਦੇ 1 ਅਤੇ ਸ਼ਿਵ ਸੈਨਾ ਦਾ 1 ਸੰਸਦ ਮੈਂਬਰ ਸ਼ਾਮਲ ਸੀ, ਜਦੋਂ ਕਿ 3 ਵਫਦਾਂ ਦੀ ਅਗਵਾਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕੀਤੀ, ਜਿਨ੍ਹਾਂ ’ਚ ਕਾਂਗਰਸ, ਡੀ. ਐੱਮ. ਕੇ. ਅਤੇ ਰਾਕਾਂਪਾ (ਸਪਾ) ਦਾ 1-1 ਸੰਸਦ ਮੈਂਬਰ ਸ਼ਾਮਲ ਸੀ।
ਭਾਜਪਾ ਦੇ ਰਵੀ ਸ਼ੰਕਰ ਪ੍ਰਸਾਦ ਅਤੇ ਬੈਜਯੰਤ ਪਾਂਡਾ, ਕਾਂਗਰਸ ਦੇ ਸ਼ਸ਼ੀ ਥਰੂਰ, ਜਨਤਾ ਦਲ (ਯੂ) ਦੇ ਸੰਜੇ ਝਾਅ, ਸ਼ਿਵ ਸੈਨਾ ਦੇ ਸ਼੍ਰੀਕਾਂਤ ਸ਼ਿੰਦੇ, ਡੀ. ਐੱਮ. ਕੇ. ਦੀ ਕਨੀਮੋਝੀ ਅਤੇ ਰਾਕਾਂਪਾ (ਸਪਾ) ਦੀ ਸੁਪ੍ਰੀਆ ਸੁਲੇ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ’ਚ ਆਪਣੇ-ਆਪਣੇ ਵਫ਼ਦਾਂ ਦੀ ਅਗਵਾਈ ਕੀਤੀ।
ਘਰ 'ਚ ਦੱਬੇ ਪੈਸੇ ਕੱਢਣ ਦਾ ਲਾਲਚ ਦੇ 'ਬਾਬਾ' ਵੜ੍ਹ ਜਾਂਦਾ ਸੀ ਅੰਦਰ, ਫਿਰ ਔਰਤਾਂ ਨੂੰ ਬਣਾਉਂਦਾ ਸੀ ਸ਼ਿਕਾਰ...
NEXT STORY