ਨੈਸ਼ਨਲ ਡੈਸਕ- ਹਰਿਆਣਾ ਦੇ ਸੋਨੀਪਤ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੁਲਸ ਅਤੇ ਇਕ ਬਦਮਾਸ਼ ਵਿਚਾਲੇ ਐਨਕਾਊਂਟਰ ਹੋਇਆ ਹੈ, ਜਿਸ 'ਚ ਇੱਕ ਨਾਮੀ ਬਦਮਾਸ਼ ਮਾਰਿਆ ਗਿਆ ਹੈ। ਪੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਮੁਕਾਬਲਾ ਉਸ ਸਮੇਂ ਹੋਇਆ, ਜਦੋਂ ਪੁਲਸ ਟੀਮ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ ਸੀ। ਸਰੰਡਰ ਕਰਨ ਦੀ ਬਜਾਏ ਉਸ ਨੇ ਪੁਲਸ 'ਤੇ ਫਾਇਰਿੰਗ ਕਰ ਦਿੱਤੀ, ਜਿਸ ਮਗਰੋਂ ਪੁਲਸ ਨੇ ਵੀ ਜਵਾਬੀ ਕਾਰਵਾਈ ਕੀਤੀ ਤੇ ਉਸ਼ ਨੂੰ ਢੇਰ ਕਰ ਦਿੱਤਾ। ਇਸ ਦੌਰਾਨ ਹੋਈ ਫਾਇਰਿੰਗ 'ਚ ਹੈੱਡ ਕਾਂਸਟੇਬਲ ਦੇਵੇਂਦਰ ਵੀ ਜ਼ਖਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਫਿਲਹਾਲ ਖ਼ਤਰੇ ਤੋਂ ਬਾਹਰ ਹੈ।
ਮਾਰੇ ਗਏ ਬਦਮਾਸ਼ ਦੀ ਪਛਾਣ ਗੋਪਾਲ ਵਜੋਂ ਹੋਈ ਹੈ, ਜੋ ਸੋਨੀਪਤ ਦੇ ਅਟਾਇਲ ਪਿੰਡ ਦਾ ਰਹਿਣ ਵਾਲਾ ਸੀ। ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਕੁੱਟਮਾਰ ਅਤੇ ਅੱਗਜ਼ਨੀ ਵਰਗੇ ਕਰੀਬ ਦੋ ਦਰਜਨ ਮਾਮਲੇ ਦਰਜ ਸਨ। ਉਹ ਦੋ ਵੱਖ-ਵੱਖ ਕਤਲ ਕੇਸਾਂ 'ਚ ਉਮਰ ਕੈਦ ਦੀ ਸਜ਼ਾ ਵੀ ਕੱਟ ਰਿਹਾ ਸੀ।
ਗੋਪਾਲ ਨੂੰ ਇਸੇ ਸਾਲ ਫਰਵਰੀ ਵਿੱਚ 70 ਦਿਨਾਂ ਦੀ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ। ਪੈਰੋਲ ਦੌਰਾਨ ਵੀ ਉਸ ਨੇ ਸ਼ਰਾਬ ਦੇ ਠੇਕੇ 'ਤੇ ਹਮਲਾ ਕਰਨ, ਕਾਰ ਚੋਰੀ ਕਰਨ ਅਤੇ ਅੱਗਜ਼ਨੀ ਵਰਗੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਪੈਰੋਲ ਖ਼ਤਮ ਹੋਣ ਤੋਂ ਬਾਅਦ ਉਸ ਨੇ ਜੇਲ੍ਹ ਪ੍ਰਸ਼ਾਸਨ ਅੱਗੇ ਸਰੰਡਰ ਨਹੀਂ ਕੀਤਾ ਅਤੇ ਫ਼ਰਾਰ ਚੱਲ ਰਿਹਾ ਸੀ।
ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੋਪਾਲ ਕਿਸੇ ਨੂੰ ਨਿਸ਼ਾਨਾ ਬਣਾਉਣ ਦੀ ਫ਼ਿਰਾਕ ਵਿੱਚ ਘੁੰਮ ਰਿਹਾ ਹੈ। ਜਦੋਂ ਪੁਲਸ ਨੇ ਉਸ ਨੂੰ ਫੜਨ ਲਈ ਘੇਰਿਆ, ਤਾਂ ਉਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜੋ ਪੁਲਸ ਦੀਆਂ ਗੱਡੀਆਂ ਅਤੇ ਹੈੱਡ ਕਾਂਸਟੇਬਲ ਦੇ ਹੱਥ 'ਤੇ ਲੱਗੀਆਂ। ਪੁਲਸ ਨੇ ਆਤਮ-ਰੱਖਿਆ 'ਚ ਜਵਾਬੀ ਕਾਰਵਾਈ ਕੀਤੀ, ਜਿਸ 'ਚ ਗੋਪਾਲ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਆ ਗਿਆ ਕੈਨੇਡਾ ਜਾਣ ਦਾ ਸੁਨਹਿਰੀ ਮੌਕਾ ! ਹੁਣ ਭਾਰਤੀਆਂ ਨੂੰ ਧੜਾਧੜ ਵੀਜ਼ੇ ਦੇਵੇਗੀ ਸਰਕਾਰ
NEXT STORY