ਨਵੀਂ ਦਿੱਲੀ— ਭਾਰਤ ਦਾ 69ਵਾਂ ਗਣਤੰਤਰ ਦਿਵਸ ਇਸ ਵਾਰ ਕਾਫੀ ਮਹੱਤਵਪੂਰਣ ਹੋਵੇਗਾ ਕਿਉਂਕਿ ਇਸ ਸਮਾਰੋਹ 'ਚ ਇਕ ਦੀ ਬਜਾਏ 10 ਦੇਸ਼ਾਂ ਦੇ ਆਗੂ ਮੁੱਖ ਮਹਿਮਾਨ ਦੇ ਰੂਪ 'ਚ ਸ਼ਾਮਲ ਹੋਣਗੇ। ਗਣਤੰਤਰ ਦਿਵਸ ਮੌਕੇ ਭਾਰਤ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਰਣਨੀਤਕ ਸ਼ਕਤੀ ਦਾ ਪ੍ਰਦਰਸ਼ਨ ਕਰੇਗਾ। ਸਾਲ 1950 ਤੋਂ ਬਾਅਦ ਹੁਣ ਤਕ ਸਿਰਫ 3 ਵਾਰ ਅਜਿਹਾ ਹੋਇਆ ਹੈ, ਜਦੋਂ ਭਾਰਤ ਨੇ ਇਕ ਤੋਂ ਜ਼ਿਆਦਾ ਮੁੱਖ ਮਹਿਮਾਨਾਂ ਨੂੰ ਗਣਤੰਤਰ ਦਿਵਸ 'ਤੇ ਸੱਦਾ ਦਿੱਤਾ ਹੈ। ਅਜਿਹੇ 'ਚ 10 ਦੇਸ਼ਾਂ ਦੇ ਨੁਮਾਇੰਦਿਆਂ ਦਾ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨਾਂ ਦੇ ਰੂਪ 'ਚ ਸ਼ਾਮਲ ਹੋਣਾ ਇਕ ਇਤਿਹਾਸਕ ਮੌਕਾ ਹੋਵੇਗਾ। ਇਨ੍ਹਾਂ ਦੇਸ਼ਾਂ 'ਚ ਬਰੁਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਸਿੰਗਾਪੁਰ, ਥਾਈਲੈਂਡ, ਵਿਅਤਨਾਮ ਅਤੇ ਫਿਲੀਪੀਨਜ਼ ਦੇ ਆਗੂ ਸ਼ਾਮਲ ਹੋਣਗੇ।
ਫਿਲੀਪੀਨਜ਼
ਫਿਲੀਪੀਨਜ਼ ਦੇ ਰਾਸ਼ਟਰਪਤੀ ਰਾਬਰਟ ਦੁਤੇਤਰੋ ਇਸ ਗਣਤੰਤਰ ਦਿਵਸ 'ਤੇ ਆਪਣੀ ਪਹਿਲੀ ਭਾਰਤੀ ਯਾਤਰਾ 'ਤੇ ਆਉਣਗੇ। ਉਹ ਭਾਰਤ ਨਾਲ ਮਜ਼ਬੂਤ ਸੰਬੰਧਾਂ ਦੀ ਵਕਾਲਤ ਕਰ ਚੁਕੇ ਹਨ। ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਫਿਲੀਪੀਨਜ਼ ਦੇ ਨਾਲ ਸੰਬੰਧ ਕਾਫੀ ਮਜ਼ਬੂਤ ਹੋਏ ਹਨ। ਫਿਲੀਪੀਨੀਜ਼ ਦੀ ਮਦਦ ਕਰਨ ਲਈ ਜਦੋਂ ਭਾਰਤ ਨੇ ਅੱਗੇ ਆਉਣਾ ਸ਼ੁਰੂ ਕੀਤਾ ਤਾਂ ਇਨ੍ਹਾਂ ਦੋਵੇਂ ਮੁਲਕਾਂ ਦੇ ਸੰਬੰਧ ਮਜ਼ਬੂਤ ਹੋਏ ਹਨ। ਕਿਸੇ ਸਮੇਂ ਭਾਰਤ ਨੇ ਅੱਤਵਾਦੀ ਸੰਗਠਨ ਦੇ ਖਿਲਾਫ ਠੋਸ ਕਦਮ ਚੁਕਦੇ ਹੋਏ ਫਿਲੀਪੀਨਜ਼ ਨੂੰ 5 ਲੱਖ ਡਾਲਰ ਦੀ ਆਰਥਿਕ ਸਹਾਇਤਾ ਦਿੱਤੀ ਸੀ। ਅਜਿਹਾ ਪਹਿਲੀ ਵਾਰ ਹੋਇਆ ਸੀ ਜਦੋਂ ਭਾਰਤ ਨੇ ਕਿਸੇ ਦੇਸ਼ ਨੂੰ ਅੱਤਵਾਦੀ ਸਮੂਹਾਂ ਤੋਂ ਸੁਰੱਖਿਆ ਲਈ ਆਰਥਿਕ ਸਹਾਇਤਾ ਮੁਹੱਈਆ ਕਰਾਈ ਸੀ।
ਵਿਅਤਨਾਮ
ਏਸ਼ੀਆ ਪ੍ਰਸ਼ਾਂਤ ਖੇਤਰ 'ਚ ਸਥਿਤ ਵਿਅਤਨਾਮ ਭਾਰਤ ਦਾ ਇਕ ਕਰੀਬੀ ਮਿੱਤਰ ਰਾਸ਼ਟਰ ਹੈ। ਚੀਨੀ ਰਾਸ਼ਟਰਵਾਦੀ ਖਾਹਿਸ਼ਾਂ ਨਾਲ ਨਜਿੱਠਣ 'ਚ ਜਟਿਲਤਾ ਦੇ ਕਾਰਨ ਭਾਰਤ ਅਤੇ ਵਿਅਤਨਾਮ ਵਿਚਾਲੇ ਰਣਨੀਤਕ ਸੋਚ 'ਚ ਸਮਾਨਤਾ ਹੈ। ਭਾਰਤ ਅਤੇ ਵਿਅਤਨਾਮ ਵਿਚਾਲੇ ਜੁਲਾਈ 2007 'ਚ ਰਣਨੀਤਕ ਸਾਂਝੇਦਾਰੀਆਂ ਨੂੰ ਵਧਾਉਣ ਨੂੰ ਲੈ ਕੇ ਸਮਝੌਤਾ ਹੋਇਆ ਸੀ।
ਮਿਆਂਮਾਰ
ਪੂਰਬ-ਉਤਰ ਸੂਬਾ ਮਿਜ਼ੋਰਮ, ਮਣੀਪੁਰ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਨਾਲ ਲੱਗਦਾ ਮਿਆਂਮਾਰ ਸਾਲਾਂ ਤੋਂ ਭਾਰਤ ਦੇ ਚੰਗੇ ਗੁਆਂਢੀ ਦੇ ਰੂਪ 'ਚ ਜਾਣਿਆ ਜਾਂਦਾ ਹੈ। ਬ੍ਰਿਟਿਸ਼ ਸੂਬੇ ਦਾ ਹਿੱਸਾ ਹੋਣ ਕਾਰਨ ਮਿਆਂਮਾਰ ਸ਼ੁਰੂ ਤੋਂ ਹੀ ਭਾਰਤ ਦੇ ਕਰੀਬ ਰਿਹਾ ਹੈ।
ਸਿੰਗਾਪੁਰ
ਭਾਰਤ ਅਤੇ ਸਿੰਗਾਪੁਰ ਵਿਚਾਲੇ ਦੋ-ਪੱਖੀ ਸੰਬੰਧ ਕਾਫੀ ਮਜ਼ਬੂਤ ਹੋਏ ਹਨ। ਦੋਵਾਂ ਦੇਸ਼ਾਂ ਦੀ ਨੌਸੈਨਾ ਵਿਚਾਲੇ ਹਰ ਸਾਲ ਸੈਨਿਕ ਅਭਿਆਸ ਵੀ ਕੀਤਾ ਜਾਂਦਾ ਹੈ। ਇਸ ਅਭਿਆਸ ਦੌਰਾਨ ਸਮੁੰਦਰ 'ਚ ਵੱਖ-ਵੱਖ ਮੁਹਿੰਮਾਂ ਸੰਬੰਧੀ ਗਤੀਵਿਧੀਆਂ ਦੀ ਯੋਜਨਾ ਬਣਾਈ ਜਾਂਦੀ ਹੈ। ਸਾਲ 2003 'ਚ ਭਾਰਤ ਅਤੇ ਸਿੰਗਾਪੁਰ ਵਿਚਾਲੇ ਦੋ-ਪੱਖੀ ਸਮਝੌਤਾ ਹੋਇਆ ਸੀ।
ਥਾਈਲੈਂਡ
ਭਾਰਤ ਦੱਖਣੀ ਏਸ਼ੀਆ 'ਚ ਆਪਣੀ ਸਥਿਤੀ ਅਤੇ ਮੌਜੂਦਗੀ ਨੂੰ ਬਿਹਤਰ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਰਿਸ਼ਤੇ ਮਜ਼ਬੂਤ ਕਰਨ ਦੀ ਦਿਸ਼ਾ 'ਚ ਭਾਰਤ, ਮਿਆਂਮਾਰ ਅਤੇ ਥਾਈਲੈਂਡ ਵਿਚਾਲੇ 1400 ਕਿ. ਦਾ ਹਾਈਵੇ ਬਣਾਉਣ ਦੀ ਯੋਜਨਾ 'ਤੇ ਇਹ ਦੇਸ਼ ਕੰਮ ਕਰ ਰਹੇ ਹਨ। ਹਾਈਵੇ ਬਣਨ ਨਾਲ ਭਾਰਤੀ ਸੜਕ ਰਾਹੀਂ ਥਾਈਲੈਂਡ ਤਕ ਦਾ ਸਫਰ ਆਸਾਨੀ ਨਾਲ ਤੈਅ ਕਰ ਸਕਣਗੇ।
ਮਲੇਸ਼ੀਆ
ਮਲੇਸ਼ੀਆਂ ਦੇ ਨਾਲ ਭਾਰਤ ਦੇ ਸੱਭਿਆਚਾਰਕ ਅਤੇ ਇਤਿਹਾਸਕ ਸੰਬੰਧ ਹਨ। ਉਥੇ ਹੀ ਇਕ ਵੱਡੇ ਭਾਰਤੀ ਭਾਈਚਾਰੇ ਦਾ ਵਿਸ਼ੇਸ਼ ਯੋਗਦਾਨ ਵੀ ਹੈ। ਮਲੇਸ਼ੀਆ ਕੰਪਨੀਆਂ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਕਈ ਬੁਨਿਆਦੀ ਢਾਂਚੇ ਪ੍ਰਾਜੈਕਟਾਂ 'ਤੇ ਕੰਮ ਕਰ ਰਹੀ ਹੈ। ਭਾਰਤੀ ਕੰਪਨੀਆਂ ਨੇ ਵੀ ਵੱਡੇ ਪੈਮਾਨ 'ਤੇ ਮਲੇਸ਼ੀਆ ਦੀ ਅਰਥਵਿਵਸਥਾ 'ਚ ਨਿਵੇਸ਼ ਕੀਤਾ ਹੈ।
ਲਾਓਸ
ਭਾਰਤ ਅਤੇ ਲਾਓਸ ਵਿਚਾਲੇ ਸੰਬੰਧ 2000 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਹਨ। ਭਾਰਤ ਨੇ ਮਨੁੱਖੀ ਸੰਸਾਧਨ ਵਿਕਾਸ ਖੇਤੀਬਾੜੀ, ਸਿੰਜਾਈ ਅਤੇ ਬਿਜਲੀ ਦੇ ਖੇਤਰ 'ਚ ਲਾਓਸ ਦੀ ਅਕਸਰ ਸਹਾਇਤਾ ਕੀਤੀ ਹੈ। ਭਾਰਤ ਅਤੇ ਲਾਓਸ ਸਰਕਾਰ ਵਿਚਾਲੇ ਸਿਆਸੀ ਸੰਬੰਧਾਂ ਦੀ ਸਥਾਪਨਾ 1956 'ਚ ਹੋਈ ਸੀ, ਜਿਸ ਤੋਂ ਬਾਅਦ ਇਨ੍ਹਾਂ ਦੋਵੇਂ ਦੇਸ਼ਾਂ 'ਚ ਕਈ ਉਚ ਪੱਧਰੀ ਯਾਤਰਾਵਾਂ ਹੋ ਚੁਕੀਆਂ ਹਨ।
ਇੰਡੋਨੇਸ਼ੀਆਂ
ਵਿਅਤਨਾਮ, ਸਿੰਗਾਪੁਰ ਅਤੇ ਦੱਖਣੀ ਪੂਰਵ ਏਸ਼ੀਆ ਦੇ ਬਾਕੀ ਦੇਸ਼ਾਂ ਤੋਂ ਬਾਅਦ ਭਾਰਤ ਹੁਣ ਇੰਡੋਨੇਸ਼ੀਆ ਦੇ ਨਾਲ ਸੈਨਿਕ ਸੰਬੰਧਾਂ ਲਈ ਅੱਗੇ ਵੱਧ ਰਿਹਾ ਹੈ। ਦੋਵੇਂ ਦੇਸ਼ ਸਮੁੰਦਰੀ ਸੁਰੱਖਿਆ ਸਹਿਯੋਗ ਨੂੰ ਵੀ ਡੂੰਘਾ ਕਰਨ 'ਤੇ ਵਿਚਾਰ ਕਰ ਰਹੇ ਹਨ। ਸਾਊਥ ਈਸਟ ਏਸ਼ੀਆ 'ਚ ਇੰਡੋਨੇਸ਼ੀਆ ਅੱਜ ਸਭ ਤੋਂ ਮਹੱਤਵਪੂਰਣ ਦੇਸ਼ ਹੈ।
ਕੰਬੋਡੀਆ
ਕੰਬੋਡੀਆ ਦੇ ਨਾਲ ਚੀਨ ਦੇ ਸਭ ਤੋਂ ਕਰੀਬੀ ਰਾਜਨੀਤੀ ਸੰਬੰਧ ਹਨ। ਕੰਬੋਡੀਆ 'ਤੇ ਚੀਨ ਦਾ ਵੱਡਾ ਆਰਥਿਕ ਅਤੇ ਰਾਜਨੀਤਕ ਪ੍ਰਭਾਵ ਹੈ। ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਨੇ ਹਾਲ ਹੀ 'ਚ ਚੀਨ ਨੂੰ ਕੰਬੋਡੀਆ ਦਾ ਸਭ ਤੋਂ ਭਰੋਸੇਮੰਦ ਦੋਸਤ ਕਿਹਾ ਸੀ। ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਵੀ ਪਿਛਲੇ ਸਾਲ ਕੰਬੋਡੀਆ ਦੇ ਰਾਜਾ ਨੋਰੋਡੋਮ ਸਿਹਾਮੋਨੀ ਦੀ ਚੀਨ ਯਾਤਰਾ ਦੌਰਾਨ ਉਨ੍ਹਾਂ ਨੂੰ ਆਪਣੇ ਭਰਾ ਦੀ ਤਰ੍ਹਾਂ ਦੱਸਿਆ ਸੀ।
ਬਰੁਨੇਈ
ਦੱਖਣੀ ਪੂਰਵੀ ਏਸ਼ੀਆ ਦੇ ਛੋਟੇ ਦੇਸ਼ ਬਰੁਨੇਈ ਨੇ ਤੇਜ਼ੀ ਨਾਲ ਵਿਕਾਸ ਕੀਤਾ। ਤੇਲ ਸੰਪਦਾ ਦੇ ਚੱਲਦੇ 5,765 ਵਰਗ ਕਿਲੋਮੀਟਰ ਖੇਤਰਫਲ ਵਾਲਾ ਇਹ ਦੇਸ਼ ਕਾਫੀ ਅੱਗੇ ਨਿਕਲ ਗਿਆ। ਨਵੀਂ ਦਿੱਲੀ ਬਰੁਨੇਈ ਤੋਂ ਵੱਡੀ ਮਾਤਰਾ 'ਚ ਤੇਲ ਅਤੇ ਕੁਦਰਤੀ ਗੈਂਸ ਖਰੀਦਦਾ ਹੈ। ਬਰੁਨੇਈ ਦੇ ਸੁਲਤਾਨ ਹਾਜ਼ੀ ਹਸਨਲ ਬੋਲਕਿਆਹ ਦੀ ਗਿਣਤੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ 'ਚ ਹੁੰਦੀ ਹੈ।
ਨਕਸਲੀਆਂ ਤੇ ਫੌਜ ਦੀ ਮੁਠਭੇੜ ਦੌਰਾਨ 4 ਜਵਾਨ ਸ਼ਹੀਦ
NEXT STORY