ਜਲੰਧਰ (ਖੁਰਾਣਾ)–ਜੋਤੀ ਨਗਰ ਸਥਿਤ ਕੂੜੇ ਦੇ ਡੰਪ ’ਤੇ ਸ਼ਨੀਵਾਰ ਬਾਅਦ ਦੁਪਹਿਰ ਅਚਾਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਅੱਗ ਦੀਆਂ ਲਾਟਾਂ ਰੇਲਵੇ ਲਾਈਨਾਂ ਤਕ ਪਹੁੰਚ ਗਈਆਂ। ਮੌਕੇ ਤੋਂ ਲੰਘ ਰਹੀ ਇਕ ਰੇਲ ਗੱਡੀ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ। ਖ਼ਾਸ ਗੱਲ ਇਹ ਰਹੀ ਕਿ ਡੰਪ ਦੇ ਬਿਲਕੁਲ ਨੇੜੇ ਪੈਟਰੋਲ ਪੰਪ ਸਥਿਤ ਹੈ, ਜਿੱਥੇ ਹਜ਼ਾਰਾਂ ਲੀਟਰ ਜਲਣਸ਼ੀਲ ਤੇਲ ਰੱਖਿਆ ਰਹਿੰਦਾ ਹੈ। ਅਜਿਹੇ ਵਿਚ ਇਲਾਕਾ ਵਾਸੀਆਂ ਨੂੰ ਖ਼ਦਸ਼ਾ ਸੀ ਕਿ ਜੇਕਰ ਅੱਗ ਥੋੜ੍ਹੀ ਹੋਰ ਵਧ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਸੂਚਨਾ ਮਿਲਦੇ ਹੀ ਮੇਅਰ ਵਿਨੀਤ ਧੀਰ ਦੇ ਨਿਰਦੇਸ਼ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਇਆ। ਇਲਾਕਾ ਦੇ ਕੌਂਸਲਰ ਕੰਵਰ ਸਰਤਾਜ ਸਿੰਘ ਨੇ ਵੀ ਤੁਰੰਤ ਮੇਅਰ ਨਾਲ ਗੱਲ ਕਰਕੇ ਸਥਿਤੀ ਨੂੰ ਕੰਟਰੋਲ ਵਿਚ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ: ਮਹਿੰਦਰ ਕੇਪੀ ਦੇ ਪੁੱਤਰ ਦੀ ਹੋਈ ਅੰਤਿਮ ਅਰਦਾਸ, ਡੇਰਾ ਬਿਆਸ ਮੁਖੀ ਸਣੇ ਕਈ ਸ਼ਖ਼ਸੀਅਤਾਂ ਨੇ ਦਿੱਤੀ ਸ਼ਰਧਾਂਜਲੀ

ਜ਼ਿਕਰਯੋਗ ਹੈ ਕਿ ਜੋਤੀ ਨਗਰ ਡੰਪ ਸ਼ਹਿਰ ਦੇ ਸਭ ਤੋਂ ਵਿਵਾਦਿਤ ਡੰਪਾਂ ਵਿਚੋਂ ਇਕ ਹੈ। ਇਹ ਅਰਬਨ ਅਸਟੇਟ ਫੇਜ਼-2 ਦੀ ਪਾਸ਼ ਮਾਰਕੀਟ ਅਤੇ ਸੰਘਣੀ ਆਬਾਦੀ ਦੇ ਬਿਲਕੁਲ ਸਾਹਮਣੇ ਸਥਿਤ ਹੈ। ਨਗਰ ਨਿਗਮ ਨੇ ਭਾਵੇਂ ਇਸ ਦੀ ਚਾਰਦੀਵਾਰੀ ਕੀਤੀ ਹੋਈ ਹੈ ਪਰ ਅਕਸਰ ਸਫ਼ਾਈ ਕਰਮਚਾਰੀ ਅਤੇ ਰੈਗ ਪਿਕਰਸ ਕੂੜਾ ਰੇਲਵੇ ਲਾਈਨਾਂ ਕਿਨਾਰੇ ਸੁੱਟ ਦਿੰਦੇ ਹਨ। ਕਈ ਵਾਰ ਡੰਪ ਤੋਂ ਕੂੜੇ ਦੀ ਲਿਫ਼ਟਿੰਗ ਸਹੀ ਢੰਗ ਨਾਲ ਨਾ ਹੋਣ ਕਾਰਨ ਕੂੜੇ ਦੇ ਢੇਰ ਜਮ੍ਹਾ ਰਹਿੰਦੇ ਹਨ। ਪਿਛਲੇ 2 ਦਿਨਾਂ ਤੋਂ ਮੇਅਰ ਲਗਾਤਾਰ ਡੰਪ ਦਾ ਦੌਰਾ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਥੋਂ ਕੂੜੇ ਦੀ ਸਮੇਂ ’ਤੇ ਲਿਫਟਿੰਗ ਨਹੀਂ ਹੋ ਰਹੀ। ਸ਼ਨੀਵਾਰ ਨੂੰ ਵੀ ਡੰਪ ’ਤੇ ਭਾਰੀ ਮਾਤਰਾ ਵਿਚ ਕੂੜਾ ਪਿਆ ਹੋਇਆ ਸੀ। ਅਚਾਨਕ ਅੱਗ ਲੱਗਣ ਨਾਲ ਹਾਲਾਤ ਚਿੰਤਾਜਨਕ ਬਣ ਗਏ।
ਇਹ ਵੀ ਪੜ੍ਹੋ: ਸੰਭਲ ਜਾਓ ਪੰਜਾਬੀਓ ! ਪਾਵਰਕਾਮ ਨੇ ਖਿੱਚੀ ਤਿਆਰੀ, ਇਨ੍ਹਾਂ ਬਿਜਲੀ ਖ਼ਪਤਕਾਰਾਂ 'ਤੇ ਹੋਇਆ ਵੱਡਾ ਐਕਸ਼ਨ
ਘੰਟਿਆਂਬੱਧੀ ਧੂੰਏਂ ਅਤੇ ਬਦਬੂ ਨਾਲ ਜੂਝੇ ਲੋਕ
ਅੱਗ ਲੱਗਣ ਤੋਂ ਬਾਅਦ ਡੰਪ ’ਤੇ ਪਏ ਕੂੜੇ ਦੇ ਢੇਰ ਘੰਟਿਆਂਬੱਧੀ ਸੜਦੇ ਰਹੇ। ਇਸ ਤੋਂ ਉੱਠੇ ਜ਼ਹਿਰੀਲੇ ਧੂੰਏਂ ਨੇ ਅਰਬਨ ਅਸਟੇਟ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ। ਕਈ ਲੋਕਾਂ ਨੇ ਸਾਹ ਲੈਣ ਵਿਚ ਤਕਲੀਫ ਅਤੇ ਦਮ ਘੁਟਣ ਦੀ ਸ਼ਿਕਾਇਤ ਕੀਤੀ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਡੰਪ ਤੋਂ ਪਹਿਲਾਂ ਹੀ ਸਾਰਾ ਦਿਨ ਬਦਬੂ ਅਤੇ ਗੰਦਗੀ ਫੈਲੀ ਰਹਿੰਦੀ ਹੈ ਅਤੇ ਹੁਣ ਅੱਗ ਲੱਗਣ ਨਾਲ ਹਾਲਾਤ ਹੋਰ ਵੀ ਗੰਭੀਰ ਹੋ ਗਏ। ਨਿਵਾਸੀਆਂ ਨੇ ਨਗਰ ਨਿਗਮ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਡੰਪ ਨੂੰ ਤੁਰੰਤ ਇਥੋਂ ਸ਼ਿਫਟ ਕੀਤਾ ਜਾਵੇ ਕਿਉਂਕਿ ਇਹ ਇਲਾਕਾ ਕੂੜੇ ਦੇ ਡੰਪ ਲਈ ਬਿਲਕੁਲ ਵੀ ਢੁੱਕਵਾਂ ਨਹੀਂ ਹੈ ਅਤੇ ਇਥੇ ਹਰ ਸਮੇਂ ਵੱਡਾ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

ਜੋਤੀ ਨਗਰ ਡੰਪ ਦੀ ਅੱਗ ਖਤਰਨਾਕ ਸਾਬਿਤ ਹੋ ਸਕਦੀ ਸੀ : ਪਰਗਟ ਸਿੰਘ
ਅਰਬਨ ਅਸਟੇਟ-ਜੋਤੀ ਨਗਰ ਡੰਪ ਸਾਈਟ ’ਤੇ ਲੱਗੀ ਅੱਗ ਤੋਂ ਬਾਅਦ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਹਲਕਾ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਇਹ ਘਟਨਾ ਬੇਹੱਦ ਖਤਰਨਾਕ ਸਾਬਿਤ ਹੋ ਸਕਦੀ ਸੀ। ਜੇਕਰ ਫਾਇਰ ਬ੍ਰਿਗੇਡ ਸਮੇਂ ’ਤੇ ਨਾ ਪਹੁੰਚਦੀ ਤਾਂ ਹਾਲਾਤ ਭਿਆਨਕ ਹੋ ਜਾਂਦੇ। ਪਰਗਟ ਸਿੰਘ ਨੇ ਕਿਹਾ ਕਿ ਜੋਤੀ ਨਗਰ ਡੰਪ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਇਲਾਕੇ ਵਿਚਕਾਰ ਹੋਣਾ ਬੇਹੱਦ ਖਤਰਨਾਕ ਹੈ। ਆਲੇ-ਦੁਆਲੇ ਵੱਡੀਆਂ-ਵੱਡੀਆਂ ਕੋਠੀਆਂ, ਸ਼ੋਅਰੂਮ ਅਤੇ ਮਾਰਕੀਟ ਹੈ। ਲੋਕ ਕਰੋੜਾਂ ਰੁਪਏ ਲਾ ਕੇ ਕਾਰੋਬਾਰ ਕਰ ਰਹੇ ਹਨ ਪਰ ਕੂੜੇ ਦੀ ਬਦਬੂ ਅਤੇ ਪ੍ਰਦੂਸ਼ਣ ਨਾਲ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਇਥੋਂ ਤਕ ਕਿ ਕਈ ਵਾਰ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਦੇ ਕੰਮਕਾਜ ’ਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਲੰਮੇ ਸਮੇਂ ਤੋਂ ਇਸ ਡੰਪ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ। ਧਰਨੇ ਵੀ ਦੇ ਚੁੱਕੇ ਹਨ ਪਰ ਨਗਰ ਨਿਗਮ ਅਤੇ ਪ੍ਰਸ਼ਾਸਨ ਹੁਣ ਤਕ ਠੋਸ ਕਾਰਵਾਈ ਨਹੀਂ ਕਰ ਸਕੇ ਹਨ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ੜ੍ਹੀ ਹੋਵੇਗੀ ਵੱਡੀ ਮੁਸੀਬਤ! ਦਿੱਤੀ ਜਾ ਰਹੀ ਚਿਤਾਵਨੀ, 8 ਅਕਤੂਬਰ ਤੋਂ...
ਪਰਗਟ ਸਿੰਘ ਨੇ ਸਪੱਸ਼ਟ ਕੀਤਾ ਕਿ ਇਸ ਡੰਪ ਨੂੰ ਬੰਦ ਕਰਵਾਉਣ ਲਈ ਉਹ ਇਲਾਕਾ ਵਾਸੀਆਂ ਦੇ ਨਾਲ ਖੜ੍ਹੇ ਹਨ ਅਤੇ ਸਾਰੇ ਮਿਲ ਕੇ ਰਣਨੀਤੀ ਬਣਾ ਕੇ ਇਕਜੁੱਟਤਾ ਨਾਲ ਅੱਗੇ ਵਧਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਅਤੇ ਸਿਹਤ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਮੁੱਦੇ ਨੂੰ ਉਹ ਹਰ ਪੱਧਰ ’ਤੇ ਚੁੱਕਣਗੇ।
ਇਹ ਵੀ ਪੜ੍ਹੋ: Punjab: ਮੁੰਡੇ ਦੀ ਵਾਇਰਲ ਹੋਈ ਵੀਡੀਓ ਨੇ ਮਿੰਟਾਂ 'ਚ ਪਾ 'ਤੀਆਂ ਪੁਲਸ ਨੂੰ ਭਾਜੜਾਂ ! ਪਿੰਡ ਵਾਸੀ ਵੀ ਰਹਿ ਗਏ ਵੇਖਦੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿੰਦਰ ਕੇਪੀ ਦੇ ਪੁੱਤਰ ਦੀ ਹੋਈ ਅੰਤਿਮ ਅਰਦਾਸ, ਡੇਰਾ ਬਿਆਸ ਮੁਖੀ ਸਣੇ ਕਈ ਸ਼ਖ਼ਸੀਅਤਾਂ ਨੇ ਦਿੱਤੀ ਸ਼ਰਧਾਂਜਲੀ
NEXT STORY