ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਸੰਸਦ ’ਚ ਅੱਜ ਆਮ ਆਦਮੀ ’ਤੇ ਟੈਕਸ ਦੇ ਵਧਦੇ ਬੋਝ ਦਾ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਦੇਸ਼ ਦੀ ਜਨਤਾ ਨੂੰ ਜਨਮ ਤੋਂ ਮੌਤ ਤੱਕ ਟੈਕਸ ਚੁਕਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਟੈਕਸ ਟੂ ਲਿਵ, ਟੈਕਸ ਟੂ ਡਾਈ-ਅਤੇ ਹਰ ਸਾਹ ’ਤੇ ਟੈਕਸ। ਰਾਘਵ ਚੱਢਾ ਨੇ ਕਿਹਾ ਕਿ ਅਸੀਂ ਭਾਰਤ ਵਾਸੀ ਟੈਕਸ ਤਾਂ ਵਿਕਸਿਤ ਦੇਸ਼ਾਂ ਵਰਗਾ ਭਰਦੇ ਹਾਂ, ਪਰ ਸਹੂਲਤਾਂ ਸਾਨੂੰ ਕਿਸੇ ਗਰੀਬ ਅਫਰੀਕੀ ਦੇਸ਼ ਵਰਗੀਆਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਨਤਾ ਤੋਂ ਬਹੁਤ ਸਾਰਾ ਟੈਕਸ ਵਸੂਲਦੀ ਹੈ ਪਰ ਸਹੂਲਤਾਂ ਦੇ ਨਾਂ ’ਤੇ ਸਿਰਫ਼ ਵਾਅਦੇ ਹੀ ਮਿਲਦੇ ਹਨ।
ਰਾਘਵ ਚੱਢਾ ਨੇ ਕਿਹਾ ਕਿ ਟੈਕਸਾਂ ਦਾ ਬੋਝ ਬੱਚੇ ਦੀਆਂ ਅੱਖਾਂ ਖੁੱਲ੍ਹਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਨਮ ਤੋਂ ਪਹਿਲਾਂ ਲਗਾਏ ਗਏ ਟੀਕਿਆਂ ’ਤੇ ਵੀ ਜੀ. ਐੱਸ. ਟੀ. ਦੇਣਾ ਪੈਂਦਾ ਹੈ। ਬੱਚੇ ਦੇ ਜਨਮ ਦੀ ਮਠਿਆਈ ਵੰਡੋ ਤਾਂ 28 ਫੀਸਦੀ ਟੈਕਸ ਦੇਣਾ ਪੈਂਦਾ ਹੈ। ਬਚਪਨ ਵਿਚ ਖੇਡਣਾ ਵੀ ਮਹਿੰਗਾ ਹੈ। ਖਿਡੌਣਿਆਂ ’ਤੇ 12 ਫੀਸਦੀ ਜੀ. ਐੱਸ. ਟੀ. ਲੱਗਦਾ ਹੈ। ਸਕੂਲ ਬੈਗ, ਜੁੱਤੀ, ਕਿਤਾਬਾਂ, ਪੈਨਸਲਾਂ ਸਭ ’ਤੇ ਟੈਕਸ ਹੀ ਟੈਕਸ। 18 ਸਾਲ ਦੀ ਉਮਰ ਵਿਚ ਬਾਈਕ ਖਰੀਦੋ ਤਾਂ ਰੋਡ ਟੈਕਸ, ਜੀ. ਐੱਸ. ਟੀ., ਬੀਮਾ ਟੈਕਸ ਅਤੇ ਟੋਲ ਟੈਕਸ।
‘ਆਪ’ ਸੰਸਦ ਮੈਂਬਰ ਨੇ ਕਿਹਾ ਕਿ ਇਥੋਂ ਤੱਕ ਕਿ ਘਰ ਦੇ ਸੁਪਨੇ ’ਤੇ ਵੀ ਟੈਕਸ ਲੱਗਦਾ ਹੈ। ਜੇਕਰ ਤੁਸੀਂ ਜ਼ਮੀਨ ਖਰੀਦਦੇ ਹੋ, ਤਾਂ ਤੁਹਾਨੂੰ ਸਟੈਂਪ ਡਿਊਟੀ ਦੇਣੀ ਪੈਂਦੀ ਹੈ; ਸਾਮਾਨ ’ਤੇ ਜੀ. ਐੱਸ. ਟੀ. ਅਤੇ ਜੇਕਰ ਤੁਸੀਂ ਇਸ ਨੂੰ ਵੇਚਦੇ ਹੋ, ਤਾਂ ਤੁਹਾਨੂੰ ਕੈਪੀਟਲ ਗੇਨ ਟੈਕਸ ਦੇਣਾ ਪੈਂਦਾ ਹੈ। ਰਾਘਵ ਚੱਢਾ ਨੇ ਕਿਹਾ ਕਿ ਬਜ਼ੁਰਗਾਂ ਦੀ ਪੈਨਸ਼ਨ ’ਤੇ ਵੀ ਟੈਕਸ ਲਗਾਇਆ ਜਾਂਦਾ ਹੈ ਅਤੇ ਸੇਵਾਮੁਕਤੀ ਤੋਂ ਬਾਅਦ ਵੀ ਹਰ ਦਵਾਈ, ਇਲਾਜ ਅਤੇ ਬੀਮੇ ’ਤੇ ਟੈਕਸ ਦੇਣਾ ਪੈਂਦਾ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ ਵਿਚ 80 ਕਰੋੜ ਲੋਕ ਮੁਫ਼ਤ ਰਾਸ਼ਨ ’ਤੇ ਹਨ, ਫਿਰ ਵੀ ਹਰ ਚੀਜ਼ ’ਤੇ ਟੈਕਸ ਲਗਾਇਆ ਜਾਂਦਾ ਹੈ।
ਭਾਰਤ ਕੋਈ ਧਰਮਸ਼ਾਲਾ ਨਹੀਂ, ਜਾਣੋ ਲੋਕ ਸਭਾ 'ਚ ਅਮਿਤ ਸ਼ਾਹ ਨੇ ਕਿਉਂ ਆਖ਼ੀ ਇਹ ਗੱਲ
NEXT STORY