ਨੈਸ਼ਨਲ ਡੈਸਕ : ਆਮ ਆਦਮੀ ਪਾਰਟੀ ਦੇ ਰਾਜਸਭਾ ਮੈਂਬਰ ਰਾਘਵ ਚੱਢਾ ਨੇ ਆਪਣੇ ਖਿਲਾਫ ਚਲਾਈ ਜਾ ਰਹੀ ਇੱਕ 'ਸਕ੍ਰਿਪਟਡ ਮੁਹਿੰਮ' 'ਤੇ ਚੁੱਪੀ ਤੋੜਦਿਆਂ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਚੱਢਾ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਵਿਰੁੱਧ ਲਗਾਏ ਜਾ ਰਹੇ ਦੋਸ਼ ਕੋਈ ਇਤਫ਼ਾਕ ਨਹੀਂ, ਸਗੋਂ ਇੱਕ ਸੋਚੀ-ਸਮਝੀ ਸਾਜ਼ਿਸ਼ ਅਤੇ 'ਕੋਆਰਡੀਨੇਟਿਡ ਅਟੈਕ' ਹੈ। ਉਨ੍ਹਾਂ ਕਿਹਾ ਕਿ ਉਹ ਇਹ ਜਵਾਬ ਇਸ ਲਈ ਦੇ ਰਹੇ ਹਨ ਤਾਂ ਜੋ ਇੱਕ ਝੂਠ ਨੂੰ 100 ਵਾਰ ਬੋਲਣ 'ਤੇ ਲੋਕ ਉਸ ਨੂੰ ਸੱਚ ਨਾ ਮੰਨ ਲੈਣ।
ਰਾਘਵ ਚੱਢਾ 'ਤੇ ਦੋਸ਼ ਲਗਾਇਆ ਗਿਆ ਸੀ ਕਿ ਜਦੋਂ ਵਿਰੋਧੀ ਧਿਰ ਸਦਨ ਤੋਂ ਵਾਕਆਊਟ ਕਰਦੀ ਹੈ, ਤਾਂ ਉਹ ਉੱਥੇ ਹੀ ਬੈਠੇ ਰਹਿੰਦੇ ਹਨ। ਇਸ ਨੂੰ 'ਸਫੇਦ ਝੂਠ' ਦੱਸਦਿਆਂ ਚੱਢਾ ਨੇ ਚੁਣੌਤੀ ਦਿੱਤੀ ਕਿ ਪਾਰਲੀਮੈਂਟ ਦੀ ਸੀਸੀਟੀਵੀ ਫੁਟੇਜ ਕੱਢ ਕੇ ਦਿਖਾਈ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹਾ ਇੱਕ ਵੀ ਮੌਕਾ ਨਹੀਂ ਜਦੋਂ ਉਨ੍ਹਾਂ ਨੇ ਵਿਰੋਧੀ ਧਿਰ ਦੇ ਨਾਲ ਵਾਕਆਊਟ ਨਾ ਕੀਤਾ ਹੋਵੇ।
ਇਸ ਤੋਂ ਬਾਅਗ ਦੂਜਾ ਦੋਸ਼ ਸੀ ਕਿ ਉਨ੍ਹਾਂ ਨੇ ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਦੀ ਪਟੀਸ਼ਨ 'ਤੇ ਦਸਤਖਤ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਚੱਢਾ ਨੇ ਸਪੱਸ਼ਟ ਕੀਤਾ ਕਿ 'ਆਪ' ਦੇ ਕਿਸੇ ਵੀ ਨੇਤਾ ਨੇ ਉਨ੍ਹਾਂ ਨੂੰ ਇਸ 'ਤੇ ਸਾਈਨ ਕਰਨ ਲਈ ਰਸਮੀ ਜਾਂ ਗੈਰ-ਰਸਮੀ ਤੌਰ 'ਤੇ ਨਹੀਂ ਕਿਹਾ ਸੀ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਪਾਰਟੀ ਦੇ 10 ਵਿੱਚੋਂ 6-7 ਸੰਸਦ ਮੈਂਬਰਾਂ ਨੇ ਇਸ 'ਤੇ ਸਾਈਨ ਨਹੀਂ ਕੀਤੇ, ਤਾਂ ਸਾਰਾ ਦੋਸ਼ ਸਿਰਫ਼ ਉਨ੍ਹਾਂ 'ਤੇ ਹੀ ਕਿਉਂ ਮੜ੍ਹਿਆ ਜਾ ਰਿਹਾ ਹੈ?
ਉਨ੍ਹਾਂ ਕਿਹਾ ਕਿ ਉਹ ਪਾਰਲੀਮੈਂਟ ਵਿੱਚ ਰੌਲਾ ਪਾਉਣ, ਮਾਈਕ ਤੋੜਨ ਜਾਂ ਗਾਲੀ-ਗਲੋਚ ਕਰਨ ਨਹੀਂ, ਸਗੋਂ ਜਨਤਾ ਦੇ ਮੁੱਦੇ ਉਠਾਉਣ ਜਾਂਦੇ ਹਨ। ਉਨ੍ਹਾਂ ਨੇ ਆਪਣੇ 4 ਸਾਲਾਂ ਦੇ ਰਿਕਾਰਡ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਜੀਐੱਸਟੀ, ਪੰਜਾਬ ਦਾ ਪਾਣੀ, ਦਿੱਲੀ ਦੀ ਹਵਾ, ਸਰਕਾਰੀ ਸਕੂਲ, ਰੇਲਵੇ ਯਾਤਰੀਆਂ ਦੀਆਂ ਸਮੱਸਿਆਵਾਂ, ਮਹਿੰਗਾਈ, ਬੇਰੁਜ਼ਗਾਰੀ ਅਤੇ ਮਾਹਵਾਰੀ ਸਿਹਤ ਵਰਗੇ ਅਹਿਮ ਮੁੱਦੇ ਉਠਾਏ ਹਨ। ਅੰਤ ਵਿੱਚ ਚੱਢਾ ਨੇ ਬੇਹੱਦ ਹਮਲਾਵਰ ਅੰਦਾਜ਼ ਵਿੱਚ ਚਿਤਾਵਨੀ ਦਿੰਦਿਆਂ ਕਿਹਾ, "ਹਰ ਝੂਠ ਨੂੰ ਬੇਨਕਾਬ ਕੀਤਾ ਜਾਵੇਗਾ ਅਤੇ ਹਰ ਸਵਾਲ ਦਾ ਜਵਾਬ ਦਿੱਤਾ ਜਾਵੇਗਾ। ਮੈਂ ਜ਼ਖਮੀ ਹਾਂ, ਇਸ ਲਈ ਘਾਤਕ ਹਾਂ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਹੁਣ PNG ਕਨੈਕਸ਼ਨ ਅਪਲਾਈ ਕਰਨ 'ਤੇ ਹੀ ਮਿਲੇਗਾ ਵਪਾਰਕ LPG ਸਿਲੰਡਰ, ਦਿੱਲੀ 'ਚ ਲਾਗੂ ਨਵੀਂ ਸ਼ਰਤ
NEXT STORY