ਜਲੰਧਰ/ ਸ਼ਿਮਲਾ, (ਪੁਨੀਤ, ਸੰਤੋਸ਼)- ਪੰਜਾਬ, ਹਰਿਆਣਾ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ’ਚ ਸੋਮਵਾਰ ਮੌਸਮ ਬਦਲ ਗਿਆ। ਕਈ ਥਾਈਂ ਮੀਂਹ ਪੈਣ ਤੇ ਤੇਜ਼ ਹਵਾਵਾਂ ਚੱਲਣ ਕਾਰਨ ਤਾਪਮਾਨ ’ਚ ਗਿਰਾਵਟ ਆਈ।
ਮੌਸਮ ਵਿਭਾਗ ਨੇ ਉੱਤਰੀ ਭਾਰਤ ਦੇ ਕਈ ਸਬਿਆਂ ਲਈ ਮੰਗਲਵਾਰ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ’ਚ ਗਰਜ-ਚਮਕ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚ ਸੋਮਵਾਰ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ। ਅਬੋਹਰ ’ਚ 20 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਪਠਾਨਕੋਟ ’ਚ 13 ਮਿਲੀਮੀਟਰ ਮੀਂਹ ਪਿਆ। ਹਰਿਆਣਾ ’ਚ ਵੀ ਕਈ ਥਾਵਾਂ ’ਤੇ ਮੀਂਹ ਪਆ।
ਪਿਛਲੇ 24 ਘੰਟਿਆਂ ਦੌਰਾਨ ਸਿਰਸਾ ’ਚ 12 ਮਿਲੀਮੀਟਰ, ਮਹਿੰਦਰਗੜ੍ਹ ’ਚ 19 ਤੇ ਸੋਨੀਪਤ ’ਚ 17 ਮਿਲੀਮੀਟਰ ਮੀਂਹ ਪਿਆ। ਹਿਮਾਚਲ ’ਚ ਸ਼ਿਮਲਾ ਤੇ ਚੌਪਾਲ ’ਚ ਗੜੇਮਾਰੀ ਹੋਈ। ਮੌਸਮ ਵਿਭਾਗ ਅਨੁਸਾਰ ਬੁੱਧਵਾਰ ਸ਼ਾਮ ਤਕ ਪੰਜਾਬ, ਹਰਿਆਣਾ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਬੱਦਲਵਾਈ ਰਹੇਗੀ, ਤੇਜ਼ ਹਵਾਵਾਂ ਚੱਲਣਗੀਆਂ ਤੇ ਹਲਕਾ ਮੀਂਹ ਪੈ ਸਕਦਾ ਹੈ।
ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ’ਚ ਇਸ ਤਬਦੀਲੀ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੇਗੀ। ਮੀਂਹ ਕਾਰਨ ਪੰਜਾਬ ਤੇ ਹਰਿਆਣਾ ’ਚ ਤਾਪਮਾਨ ’ਚ ਗਿਰਾਵਟ ਆਈ ਹੈ। ਪੰਜਾਬ ’ਚ ਔਸਤ ਵੱਧ ਤੋਂ ਵੱਧ ਤਾਪਮਾਨ 0.4 ਡਿਗਰੀ ਸੈਲਸੀਅਸ ਤੇ ਹਰਿਆਣਾ ’ਚ 0.8 ਡਿਗਰੀ ਸੈਲਸੀਅਸ ਘਟਿਆ ਹੈ।
ਪੰਜਾਬ ’ਚ ਸਭ ਤੋਂ ਘੱਟ ਤਾਪਮਾਨ ਐੱਸ. ਬੀ. ਐਸ. ਨਗਰ ’ਚ 22.5 ਡਿਗਰੀ ਤੇ ਸਭ ਤੋਂ ਵੱਧ ਤਾਪਮਾਨ ਫਰੀਦਕੋਟ ’ਚ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ’ਚ ਵੱਧ ਤੋਂ ਵੱਧ ਤਾਪਮਾਨ 36 ਤੇ ਪਟਿਆਲਾ ’ਚ 38 ਡਿਗਰੀ ਸੈਲਸੀਅਸ ਸੀ।
ਜਦੋਂ ਈ. ਡੀ. ਨੇ ਵਿਰੋਧੀ ਧਿਰ ਨੂੰ ਵੰਡਿਆ
NEXT STORY