ਸੀਕਰ- ਰਾਜਸਥਾਨ ਦੇ ਸੀਕਰ ਜ਼ਿਲ੍ਹੇ ’ਚ ਸੋਮਵਾਰ ਤੜਕੇ ਖਾਟੂ ਸ਼ਿਆਮ ਮੰਦਰ ਦੇ ਬਾਹਰ ਭਾਜੜ ’ਚ 3 ਔਰਤਾਂ ਦੀ ਮੌਤ ਹੋ ਗਈ। ਸੀਕਰ ਦੇ ਪੁਲਸ ਅਧਿਕਾਰੀ ਕੁੰਵਰ ਰਾਸ਼ਟਰਦੀਪ ਨੇ ਦੱਸਿਆ ਕਿ ਹਾਦਸਾ ਤੜਕੇ ਸਾਢੇ 4 ਵਜੇ ਉਸ ਸਮੇਂ ਵਾਪਰਿਆ, ਜਦੋਂ ਮੰਦਰ ਖੁੱਲ੍ਹਿਆ। ਮੰਦਰ ਦੇ ਬਾਹਰ ਲੰਬੀਆਂ ਕਤਾਰਾਂ ਸਨ। ਭਾਰੀ ਭੀੜ ’ਚ ਇਕ ਕਤਾਰ ’ਚ ਖੜ੍ਹੀ 63 ਸਾਲਾ ਔਰਤ ਹੇਠਾਂ ਡਿੱਗ ਪਈ। ਉਸ ਨੂੰ ਦਿਲ ਦੀ ਬੀਮਾਰੀ ਸੀ। ਉਸ ਦੇ ਪਿੱਛੇ ਖੜ੍ਹੀਆਂ ਦੋ ਹੋਰ ਔਰਤਾਂ ਵੀ ਡਿੱਗ ਪਈਆਂ। ਭਾਜੜ ’ਚ ਉਨ੍ਹਾਂ ਦੀ ਮੌਤ ਹੋ ਗਈ।
ਓਧਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਔਰਤਾਂ ਦੀ ਮੌਤ ’ਤੇ ਦੁੱਖ ਜ਼ਾਹਰ ਕਰਦੇ ਹੋਏ ਮ੍ਰਿਤਕ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ। ਗਹਿਲੋਤ ਨੇ ਟਵੀਟ ਕੀਤਾ, ‘‘ਸੀਕਰ ’ਚ ਖਾਟੂਸ਼ਿਆਮ ਜੀ ਦੇ ਮੰਦਰ ’ਚ ਭਾਜੜ ਮਚ ਜਾਣ ਨਾਲ 3 ਮਹਿਲਾ ਸ਼ਰਧਾਲੂਆਂ ਦੀ ਮੌਤ ਬੇਹੱਦ ਦੁੱਖਦ ਅਤੇ ਬਦਕਿਸਮਤੀਪੂਰਨ ਹੈ। ਮੇਰੀ ਹਮਦਰਦੀ ਮ੍ਰਿਤਕ ਪਰਿਵਾਰਾਂ ਨਾਲ ਹੈ। ਪਰਮਾਤਮਾ ਉਨ੍ਹਾਂ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਬਖ਼ਸ਼ੇ ਅਤੇ ਮਰਹੂਮ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ। ਭਾਜੜ ’ਚ ਜ਼ਖਮੀ ਹੋਏ ਸ਼ਰਧਾਲੂਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।
ਦੱਸ ਦੇਈਏ ਕਿ ਹਿੰਦੂ ਕਲੰਡਰ ਮੁਤਾਬਕ ਪਵਿੱਤਰ ਦਿਨ ਮੰਨੇ ਜਾਣ ਵਾਲੇ ‘ਗਿਆਰਸ’ ਮੌਕੇ ਖਾਟੂ ਸ਼ਿਆਮ ਮੰਦਰ ਦੇ ਬਾਹਰ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ ਸਨ। ਮੰਦਰ ਰਾਤ ਨੂੰ ਬੰਦ ਰਿਹਾ ਅਤੇ ਸ਼ਰਧਾਲੂਆਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ, ਤਾਂ ਕਿ ਮੰਦਰ ਦੇ ਖੁੱਲ੍ਹਦੇ ਹੀ ਉਹ ਲੋਕ ਦਰਸ਼ਨ ਕਰ ਸਕਣ। ਪੁਲਸ ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ, ਤਾਂ ਕਿ ਘਟਨਾ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਸਕੇ।
PM ਮੋਦੀ ਦੀ ਪਾਕਿਸਤਾਨੀ ਭੈਣ ਕਮਰ ਮੋਹਸਿਨ ਸ਼ੇਖ ਨੇ ਭੇਜੀ ਰੱਖੜੀ, ਕਿਹਾ- ਜਲਦ ਮੁਲਾਕਾਤ ਦੀ ਉਮੀਦ
NEXT STORY