ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਸੰਗਠਨ ਦੇ ਅੰਦਰ ਹਰ ਪੱਧਰ 'ਤੇ ਏਕਤਾ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਾਰਟੀ ਦਾ ਮੁੜ ਮਜ਼ਬੂਤ ਹੋਣਾ ਇਸ ਲੋਕਤੰਤਰ ਅਤੇ ਸਮਾਜ ਲਈ ਜ਼ਰੂਰੀ ਹੈ। ਉਨ੍ਹਾਂ ਨੇ ਸੰਸਦ ਭਵਨ ਦੇ ਸੈਂਟਰਲ ਹਾਲ 'ਚ ਹੋਈ ਕਾਂਗਰਸ ਸੰਸਦੀ ਦਲ ਦੀ ਬੈਠਕ 'ਚ ਆਪਣੇ ਸੰਬੋਧਨ ਦੌਰਾਨ ਪਾਰਟੀ ਆਗੂਆਂ ਨੂੰ ਇਹ ਵੀ ਕਿਹਾ ਕਿ ਪਾਰਟੀ ਲਈ ਅੱਗੇ ਦਾ ਰਾਹ ਹੋਰ ਵੀ ਚੁਣੌਤੀਪੂਰਨ ਹੈ। ਬੈਠਕ 'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ, ਲੋਕ ਸਭਾ 'ਚ ਪਾਰਟੀ ਦੇ ਆਗੂ ਅਧੀਰ ਰੰਜਨ ਚੌਧਰੀ ਅਤੇ ਕਈ ਹੋਰ ਸੰਸਦ ਮੈਂਬਰ ਸ਼ਾਮਲ ਹੋਏ। ਸੋਨੀਆ ਗਾਂਧੀ ਨੇ 'ਵੰਡ ਅਤੇ ਧਰੁਵੀਕਰਨ ਦੇ ਏਜੰਡੇ' ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵੰਡ ਦੇ ਸਮੇਂ ਦੇ ਤੱਥ ਅਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਸੱਤਾਧਾਰੀ ਪਾਰਟੀ ਲਈ ਨਿੱਤ ਦਾ ਕੰਮ ਬਣ ਗਿਆ ਹੈ। ਉਨ੍ਹਾਂ ਅਨੁਸਾਰ,"ਅਸੀਂ ਭਾਜਪਾ ਨੂੰ ਸਦੀਆਂ ਤੋਂ ਸਾਡੇ ਸਮਾਜ ਨੂੰ ਇਕਜੁਟ ਰੱਖਣ ਅਤੇ ਸਦਭਾਵਨਾ ਦੇ ਰਿਸ਼ਤੇ ਨੂੰ ਨੁਕਸਾਨ ਨੂੰ ਪਹੁੰਚਾਉਣ ਦੇਵਾਂਗੇ।''
ਉਨ੍ਹਾਂ ਨੇ ਕਾਂਗਰਸ ਕਾਰਜ ਕਮੇਟੀ ਦੀ ਹਾਲੀਆ ਬੈਠਕ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਇਸ ਤੋਂ ਜਾਣੂੰ ਹਨ ਕਿ ਪਿਛਲੇ ਦਿਨੀਂ ਹੋਈਆਂ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਨੇਤਾ ਨਿਰਾਸ਼ ਹਨ। ਉਨ੍ਹਾਂ ਨੇ ਚਿੰਤਨ ਕੈਂਪ ਆਯੋਜਿਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਸੋਨੀਆ ਨੇ ਕਿਹਾ,''ਅੱਗੇ ਰਸਤਾ ਹੋਰ ਵੀ ਚੁਣੌਤੀਪੂਰਨ ਹੈ। ਸਾਡੇ ਸਮਰਪਣ, ਲਚੀਲੇਪਨ ਦੀ ਭਾਵਨਾ ਅਤੇ ਵਚਨਬੱਧਤਾ ਦੀ ਪ੍ਰੀਖਿਆ ਹੈ। ਸਾਡੇ ਵਿਆਪਕ ਸੰਗਠਨ ਦੇ ਹਰ ਪੱਧਰ 'ਤੇ ਇਕਜੁਟਤਾ ਜ਼ਰੂਰੀ ਹੈ। ਇਸ ਨੂੰ ਯਕੀਨੀ ਕਰਨ ਲਈ ਜੋ ਵੀ ਜ਼ਰੂਰੀ ਹੋਵੇਗਾ, ਉਹ ਕਰਨ ਲਈ ਮੈਂ ਵਚਨਬੱਧ ਹਾਂ।'' ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ,''ਸਾਡਾ ਮੁੜ ਤੋਂ ਮਜ਼ਬੂਤ ਹੋਣਾ ਸਿਰਫ਼ ਸਾਡੇ ਲਈ ਹੀ ਮਹੱਤਵਪੂਰਨ ਨਹੀਂ ਹੈ ਸਗੋਂ ਇਹ ਸਾਡੇ ਲੋਕਤੰਤਰ ਅਤੇ ਸਮਾਜ ਲਈ ਵੀ ਜ਼ਰੂਰੀ ਹੈ।'' ਸੋਨੀਆ ਨੇ ਹਾਲ ਹੀ 'ਚ ਰਾਜ ਸਭਾ ਤੋਂ ਸੇਵਾਮੁਕਤ ਹੋਏ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਉਹ ਜਨਤਕ ਜੀਵਨ 'ਚ ਬਣੇ ਰਹਿਣਗੇ ਅਤੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਜਾਰੀ ਰੱਖਣਗੇ। ਕਾਂਗਰਸ ਪ੍ਰਧਾਨ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਮਹਿੰਗਾਈ ਵਿਰੁੱਧ ਮੁਹਿੰਮ ਜਾਰੀ ਰੱਖੀ ਜਾਵੇ।
ਅਯੁੱਧਿਆ 'ਚ ਬੱਸ ਪਲਟਣ ਨਾਲ 2 ਯਾਤਰੀਆਂ ਦੀ ਮੌਤ, CM ਯੋਗੀ ਨੇ ਕੀਤਾ ਮਦਦ ਰਾਸ਼ੀ ਦਾ ਐਲਾਨ
NEXT STORY