ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਨਾਲ ਲੱਗਦੇ ਸਿੰਘੂ ਅਤੇ ਟਿਕਰੀ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਕੁਝ ਸਮੂਹ ਮੰਗਲਵਾਰ ਨੂੰ ਪੁਲਸ ਬੈਰੀਕੇਡਜ਼ ਤੋੜ ਕੇ ਦਿੱਲੀ 'ਚ ਦਾਖ਼ਲ ਹੋ ਗਏ। ਕਿਸਾਨ ਇੱਥੇ ਕਈ ਦਿਨਾਂ ਤੋਂ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਅਧਿਕਾਰੀਆਂ ਅਨੁਸਾਰ ਸੁਰੱਖਿਆ ਕਰਮੀਆਂ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਕਿਹਾ ਕਿ ਰਾਜਪਥ 'ਤੇ ਗਣਤੰਤਰ ਦਿਵਸ ਪਰੇਡ ਦੇ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ 'ਚ ਟਰੈਕਟਰ ਮਾਰਚ ਕੱਢਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਅਧਿਕਾਰੀ ਨੇ ਕਿਹਾ,''ਪਰ ਕਿਸਾਨਾਂ ਦੇ ਕੁਝ ਸਮੂਹ ਮੰਨੇ ਨਹੀਂ ਅਤੇ ਪੁਲਸ ਦੇ ਬੈਰੀਕੇਡਜ਼ ਤੋੜ ਕੇ ਆਊਟਰ ਰਿੰਗ ਰੋਡ ਵੱਲ ਵਧਣ ਲੱਗੇ।'' ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ 41 ਕਿਸਾਨ ਸੰਘਾਂ ਦੇ ਮੁੱਖ ਸੰਗਠਨ 'ਸੰਯੁਕਤ ਕਿਸਾਨ ਮੋਰਚਾ' ਦੇ ਇਕ ਮੈਂਬਰ ਨੇ ਕਿਹਾ ਕਿ ਬੈਰੀਕੇਡਜ਼ ਤੋੜਨ ਵਾਲੇ ਲੋਕ 'ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ' ਦੇ ਮੈਂਬਰ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਟਰੈਕਟਰ ਮਾਰਚ ਪੁਲਸ ਦੀ ਮਨਜ਼ੂਰੀ ਤੋਂ ਬਾਅਦ ਤੈਅ ਸਮੇਂ 'ਤੇ ਸ਼ੁਰੂ ਹੋਵੇਗਾ। ਪ੍ਰਦਰਸ਼ਨ ਕਰ ਰਹੇ ਸੰਗਠਨਾਂ ਨੇ ਇਕ ਫ਼ਰਵਰੀ ਨੂੰ ਸੰਸਦ ਤੱਕ ਪੈਦਲ ਮਾਰਚ ਕੱਢਣ ਦਾ ਵੀ ਐਲਾਨ ਕੀਤਾ ਹੈ, ਜਿਸ ਦਿਨ ਸੰਸਦ 'ਚ ਸਾਲਾਨਾ ਬਜਟ ਪੇਸ਼ ਕੀਤਾ ਜਾਵੇਗਾ। ਦਿੱਲੀ 'ਚ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ 'ਤੇ ਪ੍ਰਸਤਾਵਿਤ 'ਕਿਸਾਨ ਗਣਤੰਤਰ ਪਰੇਡ' ਦੇ ਮੱਦੇਨਜ਼ਰ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਹਨ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਪੀ. ਐੱਮ. ਮੋਦੀ ਨੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਹਾੜੇ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ
NEXT STORY