ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਨੇ ਮੰਗਲਵਾਰ ਨੂੰ ਕਿਹਾ ਕਿ ਪੁਲਸ ਅਤੇ ਪ੍ਰਸ਼ਾਸਨ ਵਲੋਂ ਉਤਪੀੜਨ ਬੰਦ ਹੋਣ ਅਤੇ ਹਿਰਾਸਤ 'ਚ ਲਏ ਗਏ ਕਿਸਾਨਾਂ ਦੀ ਰਿਹਾਈ ਤੱਕ ਸਰਕਾਰ ਨਾਲ ਕਿਸੇ ਤਰ੍ਹਾਂ ਦੀ ਰਸਮੀ ਗੱਲਬਾਤ ਨਹੀਂ ਹੋਵੇਗੀ। ਕਈ ਕਿਸਾਨ ਸੰਗਠਨਾਂ ਦੇ ਇਸ ਸਮੂਹ ਨੇ ਇਕ ਬਿਆਨ ਜਾਰੀ ਕਰ ਕੇ ਇਹ ਦੋਸ਼ ਵੀ ਲਗਾਇਆ ਕਿ ਸੜਕਾਂ 'ਤੇ ਕਿੱਲ ਲਗਾਉਣ, ਕੰਡੀਲੀਆਂ ਤਾਰਾਂ ਲਗਾਉਣ, ਸੜਕ ਮਾਰਗਾਂ ਨੂੰ ਬੰਦ ਕਰਨ ਸਮੇਤ ਬੈਰੀਕੇਡ ਵਧਾਏ ਜਾਣਾ, ਇੰਟਰਨੈੱਟ ਸੇਵਾਵਾਂ ਬੰਦ ਕਰਨਾ ਅਤੇ ਭਾਜਪਾ-ਆਰ.ਐੱਸ.ਐੱਸ. ਦੇ ਵਰਕਰਾਂ ਦੇ ਮਾਧਿਅਮ ਨਾਲ ਪ੍ਰਦਰਸ਼ਨ ਕਰਵਾਉਣਾ ਸਰਕਾਰ, ਪੁਲਸ ਅਤੇ ਪ੍ਰਸ਼ਾਸਨ ਵਲੋਂ ਯੋਜਨਾਬੱਧ ਹਮਲਿਆਂ ਦਾ ਹਿੱਸਾ ਹਨ। ਉਸ ਨੇ ਦਾਅਵਾ ਕੀਤਾ ਕਿ ਕਿਸਾਨਾਂ ਦੇ ਪ੍ਰਦਰਸ਼ਨ ਸਥਾਨਾਂ 'ਤੇ ਵਾਰ-ਵਾਰ ਇੰਟਰਨੈੱਟ ਸੇਵਾਵਾਂ ਬੰਦ ਕਰਨਾ ਅਤੇ ਕਿਸਾਨ ਅੰਦੋਲਨ ਨਾਲ ਜੁੜੇ ਕਈ ਟਵਿੱਟਰ ਅਕਾਊਂਟ ਬਲਾਕ ਕਰਨਾ 'ਲੋਕਤੰਤਰ 'ਤੇ ਸਿੱਧਾ ਹਮਲਾ' ਹੈ।
ਇਹ ਵੀ ਪੜ੍ਹੋ : ਕਿਸਾਨਾਂ ਦਾ ਸਮਰਥਨ ਕਰਨ ਵਾਲਿਆਂ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ : ਰਾਕੇਸ਼ ਟਿਕੈਤ
ਸੂਤਰਾਂ ਦਾ ਕਹਿਣਾ ਸੀ ਕਿ ਟਵਿੱਟਰ ਨੇ ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਮੰਚ 'ਤੇ ਕਰੀਬ 250 ਅਜਿਹੇ ਅਕਾਊਂਟ 'ਤੇ ਰੋਕ ਲਗਾ ਦਿੱਤੀ, ਜਿਸ ਰਾਹੀਂ ਕਿਸਾਨ ਅੰਦੋਲਨ ਨਾਲ ਸੰਬੰਧਤ ਫਰਜ਼ੀ ਅਤੇ ਭੜਕਾਊ ਪੋਸਟ ਕੀਤੇ ਗਏ ਸਨ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ,''ਅਜਿਹਾ ਲੱਗਦਾ ਹੈ ਕਿ ਸਰਕਾਰ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੱਖ-ਵੱਖ ਸੂਬਿਆਂ ਤੋਂ ਸਮਰਥਨ ਵਧਣ ਕਾਰਨ ਬਹੁਤ ਡਰੀ ਹੋਈ ਹੈ। ਦਿੱਲੀ ਦੀਆਂ ਸਰਹੱਦਾਂ ਨੇੜੇ ਕਈ ਸਥਾਨਾਂ 'ਤੇ ਕਿਸਾਨ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਕਿਸਾਨ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਹਨ। ਕਿਸਾਨ ਮੋਰਚਾ ਨੇ ਕਿਹਾ,''ਐੱਸ.ਕੇ.ਐੱਮ. ਨੇ ਸੋਮਵਾਰ ਨੂੰ ਆਪਣੀ ਬੈਠਕ 'ਚ ਫ਼ੈਸਲਾ ਕੀਤਾ ਕਿ ਕਿਸਾਨ ਅੰਦੋਲਨ ਵਿਰੁੱਧ ਪੁਲਸ ਅਤੇ ਪ੍ਰਸ਼ਾਸਨ ਵਲੋਂ ਉਤਪੀੜਨ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ।''
ਇਹ ਵੀ ਪੜ੍ਹੋ : ਗਾਜ਼ੀਪੁਰ ਸਰਹੱਦ ਪਹੁੰਚੇ ਸੰਜੇ ਰਾਊਤ ਨੇ ਕਿਹਾ- ਮਹਾਰਾਸ਼ਟਰ ਸਰਕਾਰ ਕਿਸਾਨਾਂ ਨਾਲ
ਇਸ ਅਨੁਸਾਰ ਸਰਕਾਰ ਵਲੋਂ ਰਸਮੀ ਗੱਲਬਾਤ ਨੂੰ ਲੈ ਕੇ ਕੋਈ ਪ੍ਰਸਤਾਵ ਨਹੀਂ ਹੈ। ਬਿਆਨ 'ਚ ਕਿਹਾ ਗਿਆ ਹੈ,''ਸਰਕਾਰ ਵਲੋਂ ਰਸਮੀ ਗੱਲ਼ਬਾਤ ਦਾ ਕੋਈ ਪ੍ਰਸਤਾਵ ਨਹੀਂ ਆਇਆ ਹੈ। ਅਜਿਹੇ 'ਚ ਅਸੀਂ ਸਪੱਸ਼ਟ ਕਰਦੇ ਹਾਂ ਕਿ ਗੈਰ ਕਾਨੂੰਨੀ ਢੰਗ ਨਾਲ ਪੁਲਸ ਹਿਰਾਸਤ 'ਚ ਲਏ ਗਏ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਤੋਂ ਬਾਅਦ ਹੀ ਕੋਈ ਗੱਲਬਾਤ ਹੋਵੇਗੀ।'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸਾਰੇ ਦਲਾਂ ਦੀ ਬੈਠਕ 'ਚ ਕਿਹਾ ਸੀ ਕਿ ਖੇਤੀ ਕਾਨੂੰਨਾਂ ਦਾ ਅਮਲ 18 ਮਹੀਨਿਆਂ ਲਈ ਮੁਲਤਵੀ ਕਰਨ ਦਾ ਸਰਕਾਰ ਦਾ ਪ੍ਰਸਤਾਵ ਹਾਲੇ ਵੀ ਬਰਕਰਾਰ ਹੈ। ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਦੇ ਬਿਆਨ 'ਤੇ ਕਿਹਾ ਸੀ ਕਿ ਤਿੰਨੋਂ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ। ਗਣਤੰਤਰ ਦਿਵਸ ਦੀ ਟਰੈਕਟਰ ਪੇਰਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕਿਸਾਨ ਮੋਰਚਾ ਨੇ ਆਪਣੇ ਬਿਆਨ 'ਚ ਕਿਹਾ ਕਿ ਦਿੱਲੀ ਪੁਲਸ ਨੇ 122 ਅੰਦੋਲਨਕਾਰੀਆਂ ਦੀ ਸੂਚੀਜਾਰੀ ਕੀਤੀ ਹੈ, ਜਿਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਉਸ ਨੇ ਕਿਹਾ ਕਿ ਹਿਰਾਸਤ 'ਚ ਲਏ ਗਏ ਸਾਰੇ ਕਿਸਾਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ।
ਨੋਟ : ਕਿਸਾਨ ਮੋਰਚੇ ਦੇ ਇਸ ਫ਼ੈਸਲੇ ਬਾਰੇ ਕੀ ਹੈ ਤੁਹਾਡੀ ਰਾਏ
ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਮਿਲੇ ਕੇਜਰੀਵਾਲ, ਬੋਲੇ- ਜਲਦ ਸ਼ੁਰੂ ਹੋਵੇਗੀ ਨਰਸਰੀ ਦਾਖ਼ਲਾ ਪ੍ਰਕਿਰਿਆ
NEXT STORY