ਨਵੀਂ ਦਿੱਲੀ— ਦਿੱਲੀ 'ਚ 16 ਦਸੰਬਰ 2012 ਨੂੰ ਹੋਏ ਨਿਰਭਿਆ ਗੈਂਗਰੇਪ ਕਾਂਡ ਦੇ 4 ਦੋਸ਼ੀਆਂ 'ਚੋਂ ਇਕ ਅਕਸ਼ੈ ਕੁਮਾਰ ਦੀ ਮੁੜ ਵਿਚਾਰ ਪਟੀਸ਼ਨ 'ਤੇ ਸੁਣਵਾਈ ਅੱਜ ਭਾਵ ਮੰਗਲਵਾਰ ਨੂੰ ਟਾਲ ਦਿੱਤੀ ਗਈ। ਹੁਣ ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਹੋਵੇਗੀ। ਸੁਪਰੀਮ ਕੋਰਟ ਦੇ ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਨਵੀਂ ਸੰਵਿਧਾਨਕ ਬੈਂਚ ਕਰੇਗੀ ਅਤੇ ਬੈਂਚ ਦਾ ਗਠਨ ਬੁੱਧਵਾਰ ਨੂੰ ਹੀ ਸਵੇਰੇ 10.30 ਵਜੇ ਕੀਤਾ ਜਾਵੇਗਾ। ਚੀਫ ਜਸਟਿਸ ਦੇ ਭਤੀਜੇ ਨੇ ਕੇਸ 'ਚ ਨਿਰਭਿਆ ਵਲੋਂ ਪੈਰਵੀ ਕੀਤੀ ਸੀ, ਇਸ ਲਈ ਉਨ੍ਹਾਂ ਨੇ ਬੈਂਚ ਤੋਂ ਖੁਦ ਨੂੰ ਵੱਖ ਕਰ ਲਿਆ। ਕੋਰਟ ਰੂਮ ਵਿਚ ਨਿਰਭਿਆ ਦੇ ਮਾਤਾ-ਪਿਤਾ ਵੀ ਸੁਣਵਾਈ ਦੌਰਾਨ ਮੌਜੂਦ ਰਹੇ। ਇੱਥੇ ਦੱਸ ਦੇਈਏ ਕਿ ਬੀਤੀ 10 ਦਸੰਬਰ ਨੂੰ ਦੋਸ਼ੀ ਅਕਸ਼ੈ ਨੇ ਸੁਪੀਰਮ ਕੋਰਟ 'ਚ ਫਾਂਸੀ ਦੀ ਸਜ਼ਾ 'ਤੇ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਸੀ।
ਦੋਸ਼ੀ ਦੇ ਵਕੀਲ ਨੂੰ ਦਿੱਤਾ ਗਿਆ 30 ਮਿੰਟ ਦਾ ਸਮਾਂ—
ਚੀਫ ਜਸਟਿਸ ਨੇ ਦੋਸ਼ੀ ਅਕਸ਼ੈ ਦੀ ਮੁੜ ਵਿਚਾਰ ਪਟੀਸ਼ਨ 'ਤੇ ਦਲੀਲ ਪੇਸ਼ ਕਰਨ ਲਈ ਵਕੀਲ ਨੂੰ 30 ਮਿੰਟ ਦਾ ਸਮਾਂ ਦਿੱਤਾ। ਅਕਸ਼ੈ ਦੇ ਵਕੀਲ ਨੇ ਅਜੀਬ ਤਰਕ ਦਿੰਦੇ ਹੋਏ ਕਿਹਾ ਕਿ ਮੇਰੇ ਕਲਾਇੰਟ ਵਿਰੁੱਧ ਕੋਈ ਸਬੂਤ ਨਹੀਂ ਹਨ। ਉਨ੍ਹਾਂ ਨੇ ਸਾਰਾ ਦੋਸ਼ ਮੀਡੀਆ 'ਤੇ ਮੜ੍ਹਦੇ ਹੋਏ ਕਿਹਾ ਕਿ ਮੀਡੀਆ ਨੇ ਹੀ ਮੇਰੇ ਕਲਾਇੰਟ ਵਿਰੁੱਧ ਮਾੜਾ ਪ੍ਰਚਾਰ ਕੀਤਾ।
ਦੱਸਣਯੋਗ ਹੈ ਕਿ ਨਿਰਭਿਆ ਦੇ ਚਾਰੋਂ ਦੋਸ਼ੀਆਂ ਮੁਕੇਸ਼, ਪਵਨ, ਵਿਨੇ ਅਤੇ ਅਕਸ਼ੈ ਨੂੰ ਹੇਠਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ, ਜਿਸ ਨੂੰ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ ਹੈ। ਇਸ ਤੋਂ ਪਹਿਲਾਂ ਮੁਕੇਸ਼, ਪਵਨ, ਵਿਨੇ ਨੇ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੀ ਅਤੇ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਇੱਥੇ ਦੱਸ ਦੇਈਏ ਕਿ ਨਿਰਭਿਆ ਦੇ ਚਾਰੋਂ ਦੋਸ਼ੀਆਂ ਨੂੰ ਫਾਂਸੀ 'ਤੇ ਚੜ੍ਹਾਏ ਜਾਣ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਚਾਰੋਂ ਦੋਸ਼ੀ ਤਿਹਾੜ ਜੇਲ 'ਚ ਬੰਦ ਹਨ।
16 ਦਸੰਬਰ 2012 ਨੂੰ ਨਿਰਭਿਆ ਨਾਲ ਦਰਿੰਦਗੀ—
ਦੇਸ਼ ਦੀ ਰਾਜਧਾਨੀ ਦਿੱਲੀ 'ਚ 16 ਦਸੰਬਰ 2012 ਨੂੰ ਨਿਰਭਿਆ ਨਾਲ ਚੱਲਦੀ ਬੱਸ 'ਚ ਗੈਂਗਰੇਪ ਦੀ ਰੂਹ ਕੰਬਾ ਦੇਣ ਵਾਲੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੋਕ ਸੜਕਾਂ 'ਤੇ ਉਤਰ ਆਏ ਅਤੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਗਈ। ਇਸ ਮਾਮਲੇ ਵਿਚ ਫਾਸਟ ਟਰੈਕ ਕੋਰਟ ਨੇ ਸਾਰੇ 6 ਦੋਸ਼ੀਆਂ 'ਚੋਂ 4 ਦੋਸ਼ੀਆਂ-ਮੁਕੇਸ਼, ਵਿਨੇ ਸ਼ਰਮਾ, ਅਕਸ਼ੈ ਕੁਮਾਰ ਸਿੰਘ ਅਤੇ ਪਵਨ ਗੁਪਤਾ ਨੂੰ ਸਜ਼ਾ ਸੁਣਾਈ ਸੀ। ਮਾਮਲੇ ਦੇ ਇਕ ਦੋਸ਼ੀ ਰਾਮ ਸਿੰਘ ਨੇ ਜੇਲ 'ਚ ਹੀ ਫਾਂਸੀ ਲਾ ਲਈ ਸੀ। ਇਕ ਹੋਰ ਦੋਸ਼ੀ ਜਿਸ ਨੂੰ ਨਾਬਾਲਗ ਹੋਣ ਦਾ ਫਾਇਦਾ ਮਿਲ ਗਿਆ ਸੀ। ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਇਨ੍ਹਾਂ ਚਾਰੋਂ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਚਾਰੋਂ ਦੋਸ਼ੀ ਇਸ ਸਮੇਂ ਤਿਹਾੜ ਜੇਲ 'ਚ ਬੰਦ ਹਨ। ਚਾਰੋਂ ਦੋਸ਼ੀਆਂ ਨੂੰ ਇਸੇ ਮਹੀਨੇ ਫਾਂਸੀ ਦਿੱਤੀ ਜਾ ਸਕਦੀ ਹੈ।
ਹਿਮਾਚਲ:17 ਦਿਨਾਂ ਤੋਂ ਲਾਪਤਾ ਸ਼ੁਭਮ ਦਾ ਨਹੀਂ ਮਿਲਿਆ ਕੋਈ ਸਬੂਤ, ਜਾਂਚ ਜਾਰੀ
NEXT STORY