ਕੰਨੌਜ— ਇੱਥੇ ਇਕ ਬੇਟੀ ਨੇ ਪਿਤਾ ਤੋਂ ਘਰ 'ਚ ਟਾਇਲਟ ਬਣਵਾਉਣ ਦੀ ਡਿਮਾਂਡ ਰੱਖ ਦਿੱਤੀ ਅਤੇ ਸਾਫ਼ ਕਹਿ ਦਿੱਤਾ ਕਿ ਜਦੋਂ ਤੱਕ ਇਸ ਨੂੰ ਬਣਵਾਇਆ ਨਹੀਂ ਜਾਂਦਾ, ਉਦੋਂ ਤੱਕ ਉਹ ਨਾ ਤਾਂ ਸਕੂਲ ਜਾਵੇਗੀ ਅਤੇ ਨਾ ਹੀ ਖਾਣਾ ਖਾਏਗੀ। ਆਖਰਕਾਰ ਬੇਟੀ ਦੀ ਜਿੱਦ ਦੇ ਅੱਗੇ ਪਿਤਾ ਨੂੰ ਝੁੱਕਣਾ ਪਿਆ ਅਤੇ ਉਸ ਨੇ ਤੁਰੰਤ ਟਾਇਲਟ ਬਣਾਉਣ ਦਾ ਫੈਸਲਾ ਕੀਤਾ। ਮਾਮਲਾ ਕੰਨੌਜ ਜ਼ਿਲੇ ਦੇ ਤਾਲਗ੍ਰਾਮ ਵਿਕਾਸ ਖੰਡ ਦੇ ਗਿਆਨਪੁਰ ਪਿੰਡ ਦਾ ਹੈ। ਇੱਥੋਂ ਦੀ ਰਹਿਣ ਵਾਲੀ 13 ਸਾਲਾ ਸੰਧਿਆ ਉੱਚ ਸਕੂਲ 'ਚ ਜਮਾਤ 8 ਦੀ ਵਿਦਿਆਰਥਣ ਹੈ। ਸਕੂਲ 'ਚ ਉਸ ਦੀਆਂ ਸਹੇਲੀਆਂ ਇਸ ਗੱਲ ਲਈ ਉਸ ਦਾ ਮਜ਼ਾਕ ਉਡਾਉਂਦੀਆਂ ਸਨ ਕਿ ਉਹ ਖੁੱਲ੍ਹੇ 'ਚ ਟਾਇਲਟ ਲਈ ਜਾਂਦੀ ਹੈ। ਰੋਜ਼-ਰੋਜ਼ ਦੇ ਮਿਹਣਿਆਂ ਦੇ ਪਰੇਸ਼ਾਨ ਹੋ ਚੁਕੀ ਸੰਧਿਆ ਨੇ ਆਪਣੇ ਪਿਤਾ ਤੋਂ ਟਾਇਲਟ ਬਣਵਾਉਣ ਦੀ ਮੰਗ ਕੀਤੀ ਅਤੇ ਨਾਲ ਹੀ ਕਿਹਾ ਜਦੋਂ ਤੱਕ ਟਾਇਲਟ ਨਹੀਂ ਬਣਦਾ, ਉਹ ਨਾ ਤਾਂ ਕੁਝ ਖਾਏਗੀ ਅਤੇ ਨਾ ਹੀ ਸਕੂਲ ਜਾਵੇਗੀ।
ਮਾਤਾ-ਪਿਤਾ ਨੇ ਗਰੀਬੀ ਦਾ ਹਵਾਲਾ ਵੀ ਦਿੱਤਾ ਪਰ ਉਹ ਆਪਣੀ ਜਿੱਦ 'ਤੇ ਅੜੀ ਰਹੀ। ਆਖਰਕਾਰ ਗਰੀਬ ਪਿਤਾ ਨੂੰ ਬੇਟੀ ਦੀ ਜਿੱਦ ਪੂਰੀ ਕਰਨੀ ਪਈ। ਮਜ਼ਦੂਰ ਪਿਤਾ ਨੇ ਮਜ਼ਦੂਰੀ ਕਰ ਕੇ ਥੋੜ੍ਹੇ-ਥੋੜ੍ਹੇ ਪੈਸੇ ਇਕੱਠੇ ਕੀਤੇ ਅਤੇ ਕੁਝ ਪੈਸਾ ਉਧਾਰ ਲਿਆ। ਪਿਤਾ ਨੇ ਸਰਕਾਰੀ ਮਦਦ ਦਾ ਇੰਤਜ਼ਾਰ ਨਹੀਂ ਕੀਤਾ ਅਤੇ ਕਰਜ਼ ਲੈ ਕੇ ਟਾਇਲਟ ਬਣਵਾ ਲਿਆ। ਟਾਇਲਟ ਬਣਨ ਤੋਂ ਬਾਅਦ ਸੰਧਿਆ ਨੇ ਆਪਣੀ ਜਿੱਦ ਤੋੜ ਦਿੱਤੀ ਅਤੇ ਫਿਰ ਸਕੂਲ ਜਾਣ ਲੱਗੀ। ਸੰਧਿਆ ਵੱਲੋਂ ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਮੁਹਿੰਮ ਨੂੰ ਪੂਰਾ ਕਰਨ ਦੀ ਜਿੱਦ ਦੀ ਪਹਿਲ ਦੀ ਚਰਚਾ ਪਿੰਡ 'ਚ ਹੀ ਨਹੀਂ ਸਗੋਂ ਪੂਰੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਸੰਧਿਆ ਦੀ ਮਾਂ ਦਾ ਕਹਿਣਾ ਹੈ ਕਿ ਕਰਜ਼ ਲੈ ਕੇ ਟਾਇਲਟ ਬਣਵਾਉਣ ਤੋਂ ਬਾਅਦ ਸਰਕਾਰ ਨੇ ਵੀ ਉਸ ਦੀ ਗਰੀਬੀ ਵੱਲ ਦੇਖਿਆ ਅਤੇ ਉਸ ਨੂੰ 12 ਹਜ਼ਾਰ ਰੁਪਏ ਮਦਦ ਦੇ ਰੂਪ 'ਚ ਦਿੱਤੇ। ਇਸ ਰਾਸ਼ੀ ਨਾਲ ਸੰਧਿਆ ਦੇ ਪਿਤਾ ਨੇ ਸਾਰਾ ਕਰਜ਼ ਵੀ ਚੁੱਕਾ ਦਿੱਤਾ ਹੈ। ਸੰਧਿਆ ਦੀ ਜਿੱਦ ਨਾਲ ਬਣੇ ਟਾਇਲਟ ਨੂੰ ਦੇਖ ਕੇ ਪਿੰਡ ਦੇ ਸਕੱਤਰ ਅਤੇ ਪ੍ਰਧਾਨ ਵੀ ਕਾਫੀ ਪ੍ਰਭਾਵਿਤ ਹੋਏ। ਉਨ੍ਹਾਂ ਨੇ ਸੰਧਿਆ ਦੇ ਪਿਤਾ ਦੀ ਗਰੀਬੀ ਨੂੰ ਦੇਖਦੇ ਹੋਏ ਸਰਕਾਰ ਤੋਂ ਮਦਦ ਦਿਵਾਉਣ ਦਾ ਕੰਮ ਕੀਤਾ। ਉੱਥੇ ਹੀ ਮੁੱਖ ਵਿਕਾਸ ਅਧਿਕਾਰੀ ਅਵਧੇਸ਼ ਬਹਾਦਰ ਸਿੰਘ ਦਾ ਕਹਿਣਾ ਹੈ ਕਿ ਸੰਧਿਆ ਨੂੰ 15 ਅਗਸਤ ਮੌਕੇ ਸਨਮਾਨਤ ਕੀਤਾ ਜਾਵੇਗਾ ਅਤੇ ਜ਼ਿਲੇ 'ਚ ਖੁੱਲ੍ਹੇ 'ਚ ਟਾਇਲਟ ਮੁਕਤ ਪਿੰਡ 'ਚ ਲਿਜਾ ਕੇ ਉਸ ਦੇ ਅਨੁਭਵ ਨੂੰ ਸ਼ੇਅਰ ਕੀਤਾ ਜਾਵੇਗਾ।
ਦੇਖੋ ਦਿਲ ਦਹਿਲਾ ਦੇਣ ਵਾਲਾ ਵੀਡੀਓ, ਕੈਮਰੇ 'ਚ ਕੈਦ ਹੋਈ ਲਾਈਵ ਮੌਤ
NEXT STORY