ਬਿਸ਼ਕੇਕ/ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਕਰਨ ਦਾ ਅਜੇ ਸਹੀ ਸਮਾਂ ਨਹੀਂ। ਸ਼ਿੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੀ ਇਥੇ ਹੋ ਰਹੀ ਦੋ ਦਿਨਾ ਬੈਠਕ ਵਿਚ ਹਿੱਸਾ ਲੈਣ ਲਈ ਪੁੱਜੇ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕਰਦਿਆਂ ਦੋ-ਟੁੱਕ ਸ਼ਬਦਾਂ ਵਿਚ ਕਿਹਾ ਕਿ ਪਾਕਿਸਤਾਨ ਜਦੋਂ ਤੱਕ ਅੱਤਵਾਦ ਮੁਕਤ ਵਾਤਾਵਰਣ ਨਹੀਂ ਬਣਾਉਂਦਾ, ਉਸ ਨਾਲ ਗੱਲਬਾਤ ਨਹੀਂ ਹੋ ਸਕਦੀ। ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਨੂੰੰ ਦੱਸਿਆ ਕਿ ਮੋਦੀ ਅਤੇ ਜਿਨਪਿੰਗ ਦਰਮਿਆਨ ਦੋਪਾਸੜ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਪਾਕਿਸਤਾਨ ਬਾਰੇ ਵੀ ਗੱਲਬਾਤ ਹੋਈ।
ਮੋਦੀ ਨੇ ਜਿਨਪਿੰਗ ਨਾਲ ਚਰਚਾ ਦੌਰਾਨ ਕਿਹਾ ਕਿ ਪਾਕਿਸਤਾਨ ਨਾਲ ਕਈ ਵਾਰ ਗੱਲਬਾਤ ਦੀ ਕੋਸ਼ਿਸ਼ ਕੀਤੀ ਗਈ ਪਰ ਸਾਡੇ ਯਤਨਾਂ ਦਾ ਕੋਈ ਲਾਭ ਨਹੀਂ ਹੋਇਆ। ਅਸੀਂ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਇਸ ਬਾਰੇ ਠੋਸ ਕਾਰਵਾਈ ਕਰੇਗਾ। ਉਕਤ ਗੱਲਬਾਤ ਸਮੇਂ ਮੋਦੀ ਦੇ ਨਾਲ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਸਨ। ਚੀਨ ਦੇ ਰਾਸ਼ਟਰਪਤੀ ਨਾਲ ਵਫਦ ਪੱਧਰ ਦੀ ਗੱਲਬਾਤ ਪਿੱਛੋਂ ਮੋਦੀ ਨੇ ਟਵੀਟ ਕੀਤਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬਹੁਤ ਲਾਹੇਵੰਦ ਮੁਲਾਕਾਤ ਹੋਈ। ਸਾਡੀ ਗੱਲਬਾਤ ਦੌਰਾਨ ਭਾਰਤ ਅਤੇ ਚੀਨ ਦੇ ਸਬੰਧਾਂ ਬਾਰੇ ਵਿਸਥਾਰ ਨਾਲ ਚਰਚਾ ਹੋਈ। ਅਸੀਂ ਆਪਣੇ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਸੁਧਾਰਨ ਲਈ ਮਿਲ ਕੇ ਕੰਮ ਕਰਦੇ ਰਹਾਂਗੇ। ਬੈਠਕ ਦੇ ਸ਼ੁਰੂ ਹੋਣ ਸਮੇਂ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇ ਮੋਦੀ ਨੂੰ ਮੁੜ ਤੋਂ ਪ੍ਰਧਾਨ ਮੰਤਰੀ ਬਣਨ ਲਈ ਵਧਾਈ ਦਿੱਤੀ। ਗੋਖਲੇ ਨੇ ਕਿਹਾ ਕਿ ਮੋਦੀ ਨੇ ਸੰਮੇਲਨ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੀ ਮੁਲਾਕਾਤ ਕੀਤੀ ਅਤੇ ਦੋਵਾਂ ਆਗੂਆਂ ਨੇ ਦੋਪਾਸੜ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਸਮੀਖਿਆ ਕੀਤੀ। ਦੱਸਣਯੋਗ ਹੈ ਕਿ ਉਕਤ ਬੈਠਕ ਵਿਚ ਹਿੱਸਾ ਲੈਣ ਲਈ ਮੋਦੀ ਪਾਕਿਸਤਾਨ ਦੇ ਰਸਤਿਓਂ ਬਿਸ਼ਕੇਕ ਨਹੀਂ ਗਏ। ਉਹ ਓਮਾਨ ਵਲੋਂ ਹੁੰਦੇ ਹੋਏ ਬਿਸ਼ਕੇਕ ਪੁੱਜੇ।
ਕੋਲਕਾਤਾ 'ਚ ਡਾਕਟਰਾਂ ਨਾਲ ਬਦਸਲੂਕੀ : ਦਿੱਲੀ, ਬਿਹਾਰ, ਐੱਮ.ਪੀ. ਸਣੇ ਇਨ੍ਹਾਂ ਸੂਬਿਆਂ 'ਚ ਕੱਲ ਹੜਤਾਲ
NEXT STORY