ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਨੇਤਾ ਸ਼ਰਦ ਪਵਾਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੀ. ਐੱਮ. ਮੋਦੀ ਆਪਣਾ ਸੰਤੁਲਨ ਗੁਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਆਪਣੀ ਹਾਰ ਦਾ ਅਹਿਸਾਸ ਹੋ ਗਿਆ ਹੈ। ਪਵਾਰ ਨੇ ਦਾਅਵਾ ਕਰਦਿਆਂ ਕਿਹਾ,‘‘ਮੈਨੂੰ ਨਿੱਜੀ ਤੌਰ ’ਤੇ ਲੱਗਦਾ ਹੈ ਕਿ ਮੌਜੂਦਾ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੀ ਰਾਜਗ ਨੂੰ 230-240 ਤੋਂ ਵੱਧ ਸੀਟਾਂ ਮਿਲਣ ਦੀ ਸੰਭਾਵਨਾ ਨਹੀਂ।’’ ਸ਼ਰਦ ਪਵਾਰ ਪੀ. ਐੱਮ. ਮੋਦੀ ਵੱਲੋਂ ਉਨ੍ਹਾਂ ਨੂੰ ‘ਭਟਕਦੀ ਆਤਮਾ’ ਕਹੇ ਜਾਣ ’ਤੇ ਪ੍ਰਤੀਕਿਰਿਆ ਦੇ ਰਹੇ ਸਨ। ਉਨ੍ਹਾਂ ਗੱਲਬਾਤ ’ਚ ਕਿਹਾ ਕਿ ਉਹ ਮੋਦੀ ਦੀ ਟਿੱਪਣੀ ਤੋਂ ਦੁਖੀ ਹੋਏ ਹਨ।
ਪੰਜਾਬ ਤੇ ਹਰਿਆਣਾ ਕੇਂਦਰ ਤੋਂ ਨਾਰਾਜ਼
ਐੱਨ. ਸੀ. ਪੀ. ਨੇਤਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਆਪਣੀ ਕਾਰਵਾਈ ਨਾਲ ਪੰਜਾਬ ਤੇ ਹਰਿਆਣਾ ਵਰਗੇ ਸੂਬਿਆਂ ਨੂੰ ਨਾਰਾਜ਼ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਦੱਖਣੀ ਸੂਬਿਆਂ, ਪੱਛਮੀ ਬੰਗਾਲ ਜਾਂ ਘੱਟ ਗਿਣਤੀਆਂ ਦੀਆਂ ਵੋਟਾਂ ਤੋਂ ਵੀ ਵਾਂਝਾ ਰਹਿਣਾ ਪਵੇਗਾ। ਭਾਜਪਾ ਨੇ ਚੰਡੀਗੜ੍ਹ ਤੇ ਸੂਰਤ ’ਚ ਜੋ ਕੀਤਾ, ਉਹ ਨਾ ਸਿਰਫ ਗਲਤ ਸੀ ਸਗੋਂ ਗੈਰ-ਕਾਨੂੰਨੀ ਵੀ ਸੀ। 30 ਜਨਵਰੀ ਨੂੰ ਭਾਜਪਾ ਨੇ ਚੰਡੀਗੜ੍ਹ ਮੇਅਰ ਦੀ ਚੋਣ ਵਿਚ ਗਲਤ ਤਰੀਕੇ ਨਾਲ ਜਿੱਤ ਹਾਸਲ ਕੀਤੀ ਸੀ। ਇਸ ਤੋਂ ਬਾਅਦ ਸੂਰਤ ਵਿਚ ਕਾਂਗਰਸ ਦੇ ਉਮੀਦਵਾਰ ਦੀ ਨਾਮਜ਼ਦਗੀ ਖਾਰਜ ਹੋਣ ਅਤੇ ਬਾਕੀ ਉਮੀਦਵਾਰਾਂ ਦੇ ਨਾਂ ਵਾਪਸ ਲੈਣ ਤੋਂ ਬਾਅਦ ਭਾਜਪਾ ਦੇ ਲੋਕ ਸਭਾ ਉਮੀਦਵਾਰ ਨੂੰ ਨਿਰਵਿਰੋਧ ਚੁਣਿਆ ਐਲਾਨ ਦਿੱਤਾ ਗਿਆ।
ਪੁੱਛਿਆ- ਮਹਾਰਾਸ਼ਟਰ ’ਚ 5 ਪੜਾਵਾਂ ’ਚ ਚੋਣਾਂ ਕਿਉਂ
ਪਵਾਰ ਨੇ ਕਿਹਾ ਕਿ ਉਹ ਹੁਣ ਇਸ ਹੱਦ ਤਕ ਡਿੱਗ ਰਹੇ ਹਨ ਕਿ ਕਾਂਗਰਸ ਦੇ ਮੈਨੀਫੈਸਟੋ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ ਅਤੇ ਰਾਖਵੇਂਕਰਨ ਤੇ ਸੰਵਿਧਾਨ ਨਾਲ ਛੇੜਛਾੜ ਦੀ ਮਨਘੜਤ ਗੱਲ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਸੂਬੇ ਵਿਚ 5 ਗੇੜ ਦੀ ਪੋਲਿੰਗ ਦੀ ਕੀ ਲੋੜ ਸੀ? ਜੇ 39 ਸੀਟਾਂ ਵਾਲੇ ਤਾਮਿਲਨਾਡੂ ’ਚ ਇਕੋ ਪੜਾਅ ’ਚ ਪੋਲਿੰਗ ਹੋ ਸਕਦੀ ਹੈ ਤਾਂ ਮਹਾਰਾਸ਼ਟਰ ਨੂੰ 48 ਸੀਟਾਂ ਲਈ 5 ਪੜਾਵਾਂ ਦੀ ਲੋੜ ਕਿਉਂ ਹੈ? ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਹ ਜਾਣਦੇ ਹਨ ਕਿ ਉਹ ਆਪਣੀ ਸਿਆਸੀ ਜ਼ਮੀਰ ਗੁਆ ਰਹੇ ਹਨ। ਬੇਟੀ ਸੁਪ੍ਰੀਆ ਸੁਲੇ ਬਾਰੇ ਉਨ੍ਹਾਂ ਕਿਹਾ ਕਿ ਉਹ ਅਜੇ ਉਨ੍ਹਾਂ ਦੇ ਚੋਣ ਹਲਕੇ ਦੀ ਸਥਿਤੀ ਤੋਂ ਜਾਣੂ ਨਹੀਂ। ਉਸ ਨੇ ਅਜੇ ਇਸ ਹਲਕੇ ਦਾ ਦੌਰਾ ਨਹੀਂ ਕੀਤਾ। ਪਵਾਰ ਨੇ ਕਿਹਾ,‘‘ਮੈਂ ਬਾਰਾਮਤੀ ’ਚ ਆਖਰੀ ਦਿਨ ਸਿਰਫ਼ ਇਕ ਰੈਲੀ ਨੂੰ ਸੰਬੋਧਨ ਕਰਾਂਗਾ। ਉਸ ਦਿਨ ਮੈਂ ਬਾਰਾਮਤੀ ਦੇ ਲੋਕਾਂ ਨਾਲ ਗੱਲਬਾਤ ਕਰਾਂਗਾ ਅਤੇ ਉਨ੍ਹਾਂ ਨੂੰ ਦੱਸਾਂਗਾ ਕਿ ਮੈਂ ਕੀ ਕਰਨਾ ਹੈ।’’
ਝੋਟੇ ’ਤੇ ਸਵਾਰ ਹੋ ਕੇ ਨਾਮਜ਼ਦਗੀ ਭਰਨ ਪਹੁੰਚਿਆ ਉਮੀਦਵਾਰ, ਹਰ ਕੋਈ ਤੱਕਦਾ ਹੀ ਰਹਿ ਗਿਆ
NEXT STORY