ਮੁੰਬਈ, (ਯੂ. ਐੱਨ. ਆਈ.)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨੂੰ ਸ਼ੁੱਕਰਵਾਰ ਫੇਸਬੁੱਕ ’ਤੇ ਜਾਨੋਂ ਮਾਰਨ ਦੀ ਧਮਕੀ ਮਿਲੀ । ਇਸ ’ਚ ਕਿਹਾ ਗਿਅਾ ਹੈ ਕਿ ਉਨ੍ਹਾਂ ਨੂੰ ਜਲਦੀ ਹੀ ‘ਦਾਭੋਲਕਰ’ ਬਣਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਮਾਜ ਸੇਵਕ ਨਰਿੰਦਰ ਦਾਭੋਲਕਰ ਦੀ 20 ਅਗਸਤ 2013 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਪਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਖੁਲਾਸਾ ਇੱਕ ਟਵਿੱਟਰ ਹੈਂਡਲ ਅਤੇ ਫੇਸਬੁੱਕ ਉੱਤੇ ਇੱਕ ਪੋਸਟ ਰਾਹੀਂ ਹੋਇਆ ਹੈ। ਫੇਸਬੁੱਕ ’ਤੇ ਇਨ੍ਹਾਂ 'ਚੋਂ ਇਕ ਪੋਸਟ ’ਚ ਪਵਾਰ ਨੂੰ ਧਮਕੀ ਦਿੱਤੀ ਗਈ ਹੈ ਕਿ ਤੁਸੀਂ ਜਲਦੀ ਹੀ ਦਾਭੋਲਕਰ ਬਣ ਜਾਓਗੇ।
ਸੌਰਭ ਪਿੰਪਲਕਰ ਦੇ ਟਵਿੱਟਰ ਹੈਂਡਲ ’ਤੇ ਵੀ ਪਵਾਰ ਬਾਰੇ ਇਤਰਾਜ਼ਯੋਗ ਭਾਸ਼ਾ ਵਾਲਾ ਟੈਕਸਟ ਹੈ। ਐੱਨ. ਸੀ. ਪੀ. ਨੇ ਦੋਵਾਂ ਧਮਕੀਆਂ ਨੂੰ ਗੰਭੀਰਤਾ ਨਾਲ ਲਿਆ ਹੈ। ਪਵਾਰ ਦੀ ਬੇਟੀ ਅਤੇ ਸੰਸਦ ਮੈਂਬਰ ਸੁਪ੍ਰਿਆ ਸੁਲੇ ਦੀ ਅਗਵਾਈ ਵਿੱਚ ਐਨ. ਸੀ. ਪੀ. ਦੇ ਇੱਕ ਵਫ਼ਦ ਨੇ ਸ਼ੁੱਕਰਵਾਰ ਸਵੇਰੇ ਮੁੰਬਈ ਦੇ ਪੁਲਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਪੁਲਸ ਕਮਿਸ਼ਨਰ ਨੇ ਸੂਲੇ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਦੀ ਨਿੱਜੀ ਤੌਰ 'ਤੇ ਜਾਂਚ ਕਰਨਗੇ। ਸੁਲੇ ਨੇ ਪੁਲਸ ਕਮਿਸ਼ਨਰ ਨੂੰ ਮਿਲਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਗ ਕੀਤੀ ਕਿ ਪਵਾਰ ਨੂੰ ਮਿਲੀ ਧਮਕੀ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿੱਚ ਗੈਂਗਸਟਰਾਂ ਨਾਲ ਸਬੰਧਤ ਅਪਰਾਧ ਜਾਰੀ ਹਨ। ਮੈਂ ਦੇਸ਼ ਦੇ ਗ੍ਰਹਿ ਮੰਤਰੀ ਤੋਂ ਇਨਸਾਫ਼ ਦੀ ਮੰਗ ਕਰ ਰਹੀ ਹਾਂ। ਜੇ ਭਵਿੱਖ ਵਿੱਚ ਕੁਝ ਗਲਤ ਹੁੰਦਾ ਹੈ ਤਾਂ ਇਸ ਲਈ ਦੇਸ਼ ਅਤੇ ਸੂਬੇ ਦੇ ਗ੍ਰਹਿ ਮੰਤਰੀ ਜ਼ਿੰਮੇਵਾਰ ਹੋਣਗੇ। ਸੂਲੇ ਨੇ ਇਹ ਵੀ ਮੰਗ ਕੀਤੀ ਕਿ ਮਹਾਰਾਸ਼ਟਰ ਸਰਕਾਰ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਜਲਦੀ ਤੋਂ ਜਲਦੀ ਸਖ਼ਤ ਕਾਰਵਾਈ ਕਰੇ।
ਉੱਧਰ ਸ਼ਿਵ ਸੈਨਾ (ਯੂ.ਬੀ.ਟੀ.) ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵਿਧਾਇਕ ਭਰਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਉਨ੍ਹਾਂ ਨੇ ਮਹਾਰਾਸ਼ਟਰ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾ ਲੈਣ ਦੀ ਮੰਗ ਕੀਤੀ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਵਾਰ ਨੂੰ ਮਿਲੀ ਧਮਕੀ ਦੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਆਨਲਾਈਨ ਸੀਮੈਂਟ ਖਰੀਦਣ ਵਾਲੇ ਸ਼ਖ਼ਸ ਨੂੰ ਲੱਗਾ 2 ਲੱਖ 80 ਹਜ਼ਾਰ ਦਾ ਚੂਨਾ
NEXT STORY